ਨਕਸਲਾਈਟਾਂ ਨੂੰ ਤਾਂ ਗੈਰ ਵਿਧਾਨਿਕ ਢੰਗ ਨਾਲ ਮਾਰ ਸਕਦੇ ਹਨ, ਪਰ ਜੋ ਉਨ੍ਹਾਂ ਦੀ ਸਮਾਜਿਕ ਬਰਾਬਰਤਾ, ਰੁਜਗਾਰ, ਰੋਟੀ, ਕੱਪੜਾ, ਮਕਾਨ ਸੰਬੰਧੀ ਸੋਚ ਹੈ, ਉਹ ਨਹੀ ਮਰ ਸਕਦੀ : ਮਾਨ
ਫ਼ਤਹਿਗੜ੍ਹ ਸਾਹਿਬ, 04 ਦਸੰਬਰ ( ) “ਹਿੰਦੂਤਵ ਹੁਕਮਰਾਨ ਆਪਣੀਆ ਫੌ਼ਜਾਂ, ਅਰਧ ਸੈਨਿਕ ਬਲਾਂ, ਪੁਲਿਸ ਦੀ ਦੁਰਵਰਤੋ ਕਰਕੇ ਨਿਰੰਤਰ ਲੰਮੇ ਸਮੇ ਤੋ ਕਈ ਸੂਬਿਆਂ ਵਿਚ ਨਕਸਲਾਈਟਾਂ ਤੇ ਮਾਊਵਾਦੀਆਂ ਨੂੰ ਨਿਰੰਤਰ ਮਾਰਦੇ ਆ ਰਹੇ ਹਨ । ਅੱਜ ਫਿਰ ਬੀਜਾਪੁਰ (ਛੱਤੀਸਗੜ੍ਹ) ਵਿਖੇ 12 ਦੇ ਕਰੀਬ ਇੰਡੀਅਨ ਨਾਗਰਿਕ ਮਾਰ ਦਿੱਤੇ ਹਨ । ਇਹ ਸਿਲਸਿਲਾ ਲੰਮੇ ਸਮੇ ਤੋ ਚੱਲਦਾ ਆ ਰਿਹਾ ਹੈ । ਜਿਸ ਅਧੀਨ ਹੁਣ ਤੱਕ ਇਨ੍ਹਾਂ ਫੋਰਸਾਂ ਨੇ 274 ਦੇ ਕਰੀਬ ਆਪਣੇ ਹੀ ਮੁਲਕ ਦੇ ਉਨ੍ਹਾਂ ਨਾਗਰਿਕਾਂ ਜੋ ਬਰਾਬਰਤਾ ਦੀ ਸੋਚ ਤੇ ਅਧਾਰਿਤ ਸਭਨਾਂ ਲਈ ਰੋਟੀ, ਕੱਪੜਾ, ਮਕਾਨ ਅਤੇ ਸਭਨਾਂ ਲਈ ਰੁਜਗਾਰ ਪੈਦਾ ਕਰਨ ਦੀ ਸੋਚ ਅਧੀਂਨ ਸੰਘਰਸ ਕਰ ਰਹੇ ਹਨ, ਉਨ੍ਹਾਂ ਨੂੰ ਤਾਂ ਮਾਰ ਸਕਦੇ ਹਨ, ਪਰ ਜੋ ਉਨ੍ਹਾਂ ਦੀ ਸਮਾਜ ਨੂੰ ਬਰਾਬਰਤਾ ਦੀ ਸੋਚ ਤੇ ਅਧਾਰਿਤ ਅੱਗੇ ਵਧਾਉਣ ਦੀ ਮਨੁੱਖਤਾ ਪੱਖੀ ਸੋਚ ਹੈ, ਉਸ ਨੂੰ ਕਤਈ ਨਹੀ ਮਾਰ ਸਕਣਗੇ । ਕਿਉਂਕਿ ਇਹ ਸੰਗਠਨ ਵੱਡੇ ਵਿਤਕਰਿਆ, ਵਿਧਾਨਿਕ ਬੇਇਨਸਾਫ਼ੀਆਂ, ਹਕੂਮਤੀ ਜ਼ਬਰ ਜੁਲਮ ਵਿਰੁੱਧ ਹੀ ਲੜਦੇ ਆ ਰਹੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੱਲ੍ਹ ਬੀਜਾਪੁਰ (ਛੱਤੀਸਗੜ੍ਹ) ਵਿਖੇ ਅਰਧ ਸੈਨਿਕ ਬਲਾਂ ਤੇ ਫ਼ੌਜ ਵੱਲੋ 12 ਨਾਗਰਿਕਾਂ ਨੂੰ ਨਕਸਲਾਈਟ ਕਹਿਕੇ ਮੌਤ ਦੇ ਮੂੰਹ ਵਿਚ ਧਕੇਲਣ ਉਤੇ ਅਤੇ ਫ਼ੌਜ, ਅਰਧ ਸੈਨਿਕ ਬਲਾਂ ਅਤੇ ਪੁਲਿਸ ਦੀ ਹੁਕਮਰਾਨਾਂ ਵੱਲੋ ਗੈਰ ਵਿਧਾਨਿਕ ਢੰਗ ਰਾਹੀ ਦੁਰਵਰਤੋ ਕਰਨ ਉਤੇ ਡੂੰਘਾਂ ਦੁੱਖ ਤੇ ਅਫਸੋਸ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਇਕ ਵਿਧਾਨ ਅਤੇ ਇਕ ਕਾਨੂੰਨ ਹੇਠ ਇਥੇ ਵੱਸਣ ਵਾਲੀਆ ਵੱਖ-ਵੱਖ ਕੌਮਾਂ, ਧਰਮਾਂ, ਕਬੀਲਿਆ ਦੇ ਨਿਵਾਸੀਆਂ ਨਾਲ ਇਕੋ ਕਾਨੂੰਨ, ਇਕੋ ਵਿਧਾਨ ਵੱਖਰੇ-ਵੱਖਰੇ ਤੌਰ ਤੇ ਪੇਸ ਆ ਰਿਹਾ ਹੈ । ਇਸ ਜ਼ਬਰ ਤੇ ਵਿਤਕਰੇ ਅਧੀਨ ਉਪਰੋਕਤ ਪਹਾੜਾਂ ਵਿਚ ਵੱਸਣ ਵਾਲੇ ਮਿਹਨਤਕਸ ਲੋਕਾਂ ਆਦਿਵਾਸੀਆਂ ਅਤੇ ਹੋਰ ਘੱਟ ਗਿਣਤੀ ਕੌਮਾਂ ਨਾਲ ਦੋਹਰੇ ਮਾਪਦੰਡ ਅਪਣਾਏ ਜਾਂਦੇ ਆ ਰਹੇ ਹਨ ਤਾਂ ਇਕੋ ਮੁਲਕ ਵਿਚ ਵੱਸਣ ਵਾਲੇ ਇਨ੍ਹਾਂ ਜ਼ਬਰ ਦਾ ਮੁਕਾਬਲਾ ਕਰਨ ਵਾਲੇ ਨਿਵਾਸੀਆ ਉਤੇ ਹਕੂਮਤੀ ਜਿਆਦਤੀ ਹੁੰਦੀ ਹੈ ਤਾਂ ਅਜਿਹੇ ਬੇਇਨਸਾਫ਼ੀ ਵਾਲੇ ਪ੍ਰਬੰਧ ਵਿਰੁੱਧ ਆਵਾਜ ਉੱਠਣੀ ਅਤੇ ਉਨ੍ਹਾਂ ਲੋਕਾਂ ਵੱਲੋ ਆਪਣੇ ਹੱਕਾਂ ਦੀ ਰਖਵਾਲੀ ਲਈ ਸੰਘਰਸ ਕਰਨ ਦੀ ਗੱਲ ਕੁਦਰਤੀ ਹੈ । ਜੇਕਰ ਹੁਕਮਰਾਨ ਵਿਧਾਨ ਅਨੁਸਾਰ ਸਭਨਾਂ ਨੂੰ ਬਰਾਬਰਤਾ ਦੇ ਹੱਕ ਪ੍ਰਦਾਨ ਕਰਦੇ ਹੋਏ, ਉਨ੍ਹਾਂ ਲਈ ਸਹੀ ਸਮੇ ਰੁਜਗਾਰ ਦੇਣ, ਉਨ੍ਹਾਂ ਦੇ ਰਹਿਣ ਲਈ ਮਕਾਨ, ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਦੀ ਰੋਜਾਨਾ ਰੋਜੀ ਰੋਟੀ ਦਾ ਪ੍ਰਬੰਧ ਹੁਕਮਰਾਨ ਸਹੀ ਢੰਗ ਨਾਲ ਕਰਨ ਤਾਂ ਕਤਈ ਵੀ ਇਨ੍ਹਾਂ ਵਰਗਾਂ ਵਿਚ ਕਿਸੇ ਤਰ੍ਹਾਂ ਦੀ ਅਸੰਤੁਸਟੀ ਅਤੇ ਰੋਹ ਦੀ ਲਹਿਰ ਪੈਦਾ ਹੀ ਨਹੀ ਹੋ ਸਕਦੀ । ਇਹ ਵਿਤਕਰੇ, ਜ਼ਬਰ ਜੁਲਮ ਤੇ ਬੇਇਨਸਾਫ਼ੀਆਂ ਹੀ ਮੁਲਕ ਨਿਵਾਸੀਆ ਦੇ ਮਨ ਆਤਮਾ ਵਿਚ ਵਿਦਰੋਹ ਤੇ ਗੁੱਸੇ ਦੀ ਲਹਿਰ ਪੈਦਾ ਕਰਦੀਆ ਹਨ । ਜਿਸ ਨੂੰ ਖਤਮ ਕਰਨਾ ਹੁਕਮਰਾਨਾਂ ਦਾ ਵਿਧਾਨਿਕ ਤੇ ਸਮਾਜਿਕ ਫਰਜ ਹੁੰਦਾ ਹੈ । ਇਸ ਲਈ ਅਜਿਹਾ ਪ੍ਰਬੰਧ ਕੀਤਾ ਜਾਵੇ ਕਿ ਇਸ ਮੁਲਕ ਵਿਚ ਕੋਈ ਵੀ ਨਿਵਾਸੀ ਰੋਟੀ, ਕੱਪੜਾ, ਮਕਾਨ ਅਤੇ ਰੁਜਗਾਰ ਤੋ ਵਾਂਝਾ ਨਾ ਰਹੇ । ਉਨ੍ਹਾਂ ਇਸ ਗੱਲ ਤੇ ਗਹਿਰਾ ਦੁੱਖ ਜਾਹਰ ਕੀਤਾ ਕਿ ਨਾ ਤਾਂ ਇਥੇ ਨਿਵਾਸੀਆ ਲਈ ਸਹੀ ਦਿਸ਼ਾ ਵੱਲ ਸਿਹਤ ਸਹੂਲਤਾਂ ਦਾ ਪ੍ਰਬੰਧ ਹੈ, ਨਾ ਹੀ ਉਨ੍ਹਾਂ ਨੂੰ ਦਿੱਤੀ ਜਾਣ ਵਾਲੀ ਤਾਲੀਮ ਦੀ ਪ੍ਰਕਿਰਿਆ ਸਹੀ ਢੰਗ ਨਾਲ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਉਨ੍ਹਾਂ ਦੇ ਰੁਜਗਾਰ ਦੀ ਕੋਈ ਹਕੂਮਤੀ ਗਰੰਟੀ ਹੈ । ਇਥੇ ਹਰ ਤਰ੍ਹਾਂ ਦੇ ਵਿਕਾਸ ਵਿਚ ਮਾੜੇ ਪ੍ਰਬੰਧ ਕਾਰਨ ਰੁਕਾਵਟਾਂ ਹਨ । ਕਾਨੂੰਨੀ ਤੇ ਅਦਾਲਤੀ ਤੌਰ ਤੇ ਨਿਵਾਸੀਆ ਨੂੰ ਸਹੀ ਸਮੇ ਤੇ ਸਹੀ ਢੰਗ ਨਾਲ ਇਨਸਾਫ਼ ਨਹੀ ਮਿਲ ਰਿਹਾ । ਸਭ ਪਾਸੇ ਅਫਰਾ-ਤਫਰੀ ਫੈਲੀ ਹੋਈ ਹੈ ਜਿਸ ਲਈ ਹੁਕਮਰਾਨ ਜਿੰਮੇਵਾਰ ਹਨ ਨਾ ਕਿ ਇਥੋ ਦੇ ਨਿਵਾਸੀ । ਇਸ ਲਈ ਨਕਸਲਾਈਟਾਂ, ਮਾਓਵਾਦੀਆਂ, ਆਦਿਵਾਸੀਆਂ ਜਾਂ ਆਪੋ ਆਪਣੇ ਧਰਮਾਂ ਵਿਚ ਵਿਸਵਾਸ ਰੱਖਣ ਵਾਲੀਆ ਘੱਟ ਗਿਣਤੀ ਕੌਮਾਂ ਨੂੰ ਘਸੀਆ, ਪਿੱਟੀਆ ਦਲੀਲਾਂ ਰਾਹੀ ਬਦਨਾਮ ਕਰਕੇ ਸਰੀਰਕ ਤੌਰ ਤੇ ਮਾਰਨ ਨਾਲ ਸੋਚ ਨੂੰ ਖਤਮ ਨਹੀ ਕੀਤਾ ਜਾ ਸਕਦਾ । ਉਨ੍ਹਾਂ ਸੀ.ਪੀ.ਆਈ, ਸੀ.ਪੀ.ਐਮ ਆਦਿ ਖੱਬੇਪੱਖੀ ਪਾਰਟੀਆਂ ਵੱਲੋ ਅਜਿਹੇ ਸਮੇ ਤੇ ਆਪਣੀਆ ਜਿੰਮੇਵਾਰੀਆ ਨਾ ਪੂਰੀਆ ਕਰਨ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ।