ਡਾ. ਉਮਰ ਅਬਦੁੱਲਾ ਜੇਕਰ ਕਸਮੀਰੀਆਂ ਦੇ ਹੱਕਾਂ ਦੀ ਰਾਖੀ ਨਾ ਕਰ ਸਕੇ ਤਾਂ ਸਾਨੂੰ ਸਿੱਖਾਂ ਨੂੰ ਕਸ਼ਮੀਰ ਆਉਣਾ ਹੀ ਪਵੇਗਾ : ਮਾਨ
ਫ਼ਤਿਹਗੜ੍ਹ ਸਾਹਿਬ, 29 ਨਵੰਬਰ ( ) “2019 ਵਿਚ ਸ੍ਰੀ ਮੋਦੀ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ਨੇ ਮੁਤੱਸਵੀ ਸੋਚ ਤੇ ਮੰਦਭਾਵਨਾ ਅਧੀਨ ਕਸਮੀਰੀਆਂ ਦੀ ਖੁਦਮੁਖਤਿਆਰੀ ਨੂੰ ਕਾਇਮ ਰੱਖਣ ਵਾਲੀ ਵਿਧਾਨ ਦੀ ਧਾਰਾ 370 ਅਤੇ 35ਏ ਨੂੰ ਰੱਦ ਕਰਕੇ ਉਨ੍ਹਾਂ ਨਾਲ ਬਹੁਤ ਵੱਡਾ ਧ੍ਰੋਹ ਕਮਾਇਆ । ਜਦੋਕਿ ਉਪਰੋਕਤ ਧਾਰਾਵਾ ਕਸਮੀਰ ਤੇ ਕਸਮੀਰੀਆਂ ਨੂੰ ਪੂਰਨ ਰੂਪ ਵਿਚ ਆਜਾਦੀ ਪ੍ਰਦਾਨ ਕਰਦੀਆ ਸਨ । ਹੁਣ ਇਨ੍ਹਾਂ ਨੇ ਉਸ ਨੂੰ ਯੂ.ਟੀ ਬਣਾ ਦਿੱਤਾ ਹੈ ਅਤੇ ਅਫਸਪਾ ਵਰਗਾਂ ਕਾਲਾ ਕਾਨੂੰਨ ਲਾਗੂ ਕਰਕੇ ਕਸਮੀਰੀਆਂ ਉਤੇ ਨਿਰੰਤਰ ਕੇਵਲ ਜ਼ਬਰ ਜੁਲਮ ਹੀ ਨਹੀ ਢਾਹਿਆ ਜਾ ਰਿਹਾ ਬਲਕਿ ਉਥੋ ਦੇ ਲੈਫ. ਗਵਰਨਰ ਮਨੋਜ ਸਿਨ੍ਹਾ ਕਸਮੀਰੀਆਂ ਦੇ ਮਿਹਨਤਾ ਨਾਲ ਬਣਾਏ ਗਏ ਘਰਾਂ ਨੂੰ ਵੀ ਜ਼ਬਰੀ ਢਾਹ ਰਹੇ ਹਨ ਅਤੇ ਉਨ੍ਹਾਂ ਦੇ ਘਰਾਂ ਵਿਚ ਗੈਰ ਵਿਧਾਨਿਕ ਢੰਗ ਨਾਲ ਛਾਪੇ ਮਾਰਕੇ ਕਸਮੀਰੀ ਪਰਿਵਾਰਾਂ ਵਿਚ ਦਹਿਸਤ ਪੈਦਾ ਕਰ ਰਹੇ ਹਨ । ਇਸ ਕਾਨੂੰਨ ਅਧੀਨ ਕਿਸੇ ਵੀ ਕਸਮੀਰੀ ਨਾਗਰਿਕ ਨੂੰ ਜਬਰੀ ਚੁੱਕ ਕੇ ਲਿਜਾਇਆ ਜਾ ਸਕਦਾ ਹੈ, ਤਸੱਦਦ ਕੀਤਾ ਜਾ ਸਕਦਾ ਹੈ, ਉਸ ਨਾਲ ਜ਼ਬਰ-ਜਨਾਹ ਕੀਤਾ ਜਾ ਸਕਦਾ ਹੈ, ਉਸਦੀ ਲੱਤ-ਬਾਂਹ ਤੋੜੀ ਜਾ ਸਕਦੀ ਹੈ ਅਤੇ ਉਸ ਨੂੰ ਸਰੀਰਕ ਤੌਰ ਤੇ ਖਤਮ ਵੀ ਕੀਤਾ ਜਾ ਸਕਦਾ ਹੈ । ਇਹ ਹੋਰ ਵੀ ਦੁੱਖਦਾਇਕ ਵਰਤਾਰਾ ਹੋ ਰਿਹਾ ਹੈ ਕਿ ਇਸ ਹੋ ਰਹੇ ਜ਼ਬਰ ਵਿਰੁੱਧ ਇੰਡੀਆ ਦੀ ਸੁਪਰੀਮ ਕੋਰਟ ਕੰਨਾਂ ਵਿਚ ਰੂ ਪਾ ਕੇ ਅਤੇ ਅੱਖਾਂ ਤੇ ਪੱਟੀ ਬੰਨਕੇ ਸੁੱਤੀ ਪਈ ਹੈ । ਇਸ ਹੋ ਰਹੇ ਜ਼ਬਰ ਅਤੇ ਗੈਰ ਵਿਧਾਨਿਕ ਬੇਇਨਸਾਫ਼ੀਆਂ ਵਿਰੁੱਧ ਮੁਸਲਿਮ ਮੁਲਕਾਂ ਦੀ ਸੰਸਥਾਂ ਓ.ਆਈ.ਸੀ ਨੂੰ ਤੁਰੰਤ ਸਖਤ ਨੋਟਿਸ ਲੈਣਾ ਚਾਹੀਦਾ ਹੈ ਤਾਂ ਕਿ ਇਹ ਜਾਬਰ ਹੁਕਮਰਾਨ ਕਸਮੀਰੀਆਂ ਉਤੇ ਜ਼ਬਰ ਢਾਹੁਣ ਦੀ ਗੁਸਤਾਖੀ ਨਾ ਕਰ ਸਕਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਸਮੀਰ ਵਿਚ ਹਿੰਦੂਤਵ ਹੁਕਮਰਾਨਾਂ ਵੱਲੋ ਪਹਿਲੇ ਉਨ੍ਹਾਂ ਦੀ ਖੁਦਮੁਖਤਿਆਰੀ ਨੂੰ ਭੰਗ ਕਰਨ, ਫਿਰ ਜੰਮੂ ਕਸਮੀਰ ਨੂੰ ਯੂਟੀ ਐਲਾਨਣ ਅਤੇ ਹੁਣ ਅਫਸਪਾ ਵਰਗੇ ਕਾਲੇ ਕਾਨੂੰਨਾਂ ਰਾਹੀ ਉਨ੍ਹਾਂ ਤੇ ਜ਼ਬਰ ਢਾਹੁਣ ਤੇ ਉਥੋ ਦੇ ਲੈਫ. ਗਵਰਨਰ ਸਿਨ੍ਹਾ ਵੱਲੋ ਕਸਮੀਰੀਆਂ ਦੇ ਗੈਰ ਵਿਧਾਨਿਕ ਢੰਗ ਰਾਹੀ ਘਰ ਢਾਹਕੇ ਅਤੇ ਕਸਮੀਰੀਆਂ ਦੇ ਘਰਾਂ ਵਿਚ ਛਾਪੇ ਮਾਰਕੇ ਦਹਿਸਤ ਉਤਪੰਨ ਕਰਨ ਦੇ ਕੀਤੇ ਜਾ ਰਹੇ ਜਬਰ ਵਿਰੁੱਧ ਜੋਰਦਾਰ ਢੰਗ ਨਾਲ ਆਵਾਜ ਉਠਾਉਦੇ ਹੋਏ ਅਤੇ ਓ.ਆਈ.ਸੀ ਨੂੰ ਇਸ ਵਿਰੁੱਧ ਫੌਰੀ ਕੌਮਾਂਤਰੀ ਪੱਧਰ ਤੇ ਅਮਲ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਉਤੇ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਜੋ ਕਸਮੀਰ ਦੇ ਮੁੱਖ ਮੰਤਰੀ ਡਾ. ਉਮਰ ਅਬਦੁੱਲਾ ਹਨ, ਉਹ ਇਸ ਗੰਭੀਰ ਵਿਸੇ ਤੇ ਬਹੁਤ ਹੀ ਕੰਮਜੋਰ ਸਾਬਤ ਹੋਏ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਉਨ੍ਹਾਂ ਨੂੰ ਇਹ ਗੁਜਾਰਿਸ ਕਰਨੀ ਚਾਹੇਗੀ ਕਿ ਉਹ ਕਸਮੀਰੀਆਂ ਦੇ ਹੁਕਮਰਾਨਾਂ ਵੱਲੋ ਅਤੇ ਅਰਧ ਸੈਨਿਕ ਬਲਾਂ ਵੱਲੋ ਕੁੱਚਲੇ ਜਾ ਰਹੇ ਵਿਧਾਨਿਕ, ਸਮਾਜਿਕ, ਭੂਗੋਲਿਕ ਅਤੇ ਇਖਲਾਕੀ ਹੱਕਾਂ ਦੀ ਰੱਖਿਆ ਕਰਨ ਦੇ ਅਮਲ ਕਰਨ । ਜੇਕਰ ਉਨ੍ਹਾਂ ਨੇ ਇਹ ਆਪਣੀ ਕਸਮੀਰ ਪ੍ਰਤੀ ਸੰਜੀਦਗੀ ਨਾਲ ਜਿੰਮੇਵਾਰੀ ਨਾ ਨਿਭਾਈ ਤਾਂ ਸਿੱਖ ਕੌਮ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਕਸਮੀਰੀਆਂ ਉਤੇ ਹੋ ਰਹੇ ਜ਼ਬਰ ਨੂੰ ਰੋਕਣ ਲਈ ਹਰ ਕੀਮਤ ਤੇ ਕਸਮੀਰ ਆਉਣਾ ਪਵੇਗਾ ।