ਹੁਕਮਰਾਨਾਂ ਵੱਲੋਂ ਛੱਤੀਸਗੜ੍ਹ, ਝਾਰਖੰਡ, ਬਿਹਾਰ, ਉੜੀਸਾ ਆਦਿ ਸੂਬਿਆਂ ਵਿਚ ਨਾਗਰਿਕਾਂ ਨੂੰ ਨਕਸਲਾਈਟ, ਮਾਓਵਾਦੀ ਕਹਿਕੇ ਮਾਰਨਾ ਅਣਮਨੁੱਖੀ : ਮਾਨ
ਫ਼ਤਹਿਗੜ੍ਹ ਸਾਹਿਬ, 20 ਨਵੰਬਰ ( ) “ਇੰਡੀਆਂ ਦੇ ਮੁਤੱਸਵੀ ਹੁਕਮਰਾਨ ਲੰਮੇ ਸਮੇ ਤੋਂ ਛੱਤੀਸਗੜ੍ਹ, ਝਾਰਖੰਡ, ਬਿਹਾਰ, ਉੜੀਸਾ ਆਦਿ ਸੂਬਿਆਂ ਦੇ ਜੰਗਲਾਂ ਤੇ ਪਹਾੜੀ ਇਲਾਕਿਆ ਵਿਚ ਵੱਸਣ ਵਾਲੇ ਆਦਿਵਾਸੀਆਂ ਨੂੰ ਮਾਓਵਾਦੀ, ਨਕਸਲਾਈਟ ਗਰਦਾਨਕੇ ਗੈਰ ਕਾਨੂੰਨੀ ਤੇ ਅਣਮਨੁੱਖੀ ਢੰਗ ਨਾਲ ਮਾਰਨ ਦੇ ਦੁੱਖਦਾਇਕ ਅਮਲ ਕਰਦੇ ਆ ਰਹੇ ਹਨ । ਜਦੋਕਿ ਇਹ ਸਭ ਨਿਵਾਸੀ ਇੰਡੀਆਂ ਦੇ ਨਾਗਰਿਕ ਹਨ । ਇਨ੍ਹਾਂ ਨੂੰ ਇਸ ਲਈ ਮਾਰਿਆ ਜਾ ਰਿਹਾ ਹੈ ਕਿ ਜੋ ਉਨ੍ਹਾਂ ਦੀ ਧਰਤੀ ਹੇਠ ਖਣਿਜ ਪਦਾਰਥ ਮਾਲੀ ਸਾਧਨ ਹਨ ਜਾਂ ਜੰਗਲੀ ਦਰੱਖਤ ਦੀਆਂ ਲੱਕੜਾਂ ਹਨ ਉਨ੍ਹਾਂ ਉਤੇ ਧਨਾਂਢ ਵਪਾਰੀਆਂ ਦੇ ਕਬਜੇ ਕਰਵਾਕੇ ਉਨ੍ਹਾਂ ਦੀ ਆਰਥਿਕਤਾ ਨੂੰ ਤਬਾਹ ਕਰਦੇ ਹੋਏ ਉਨ੍ਹਾਂ ਨੂੰ ਗੁਲਾਮੀ ਵੱਲ ਜ਼ਬਰੀ ਧਕੇਲਣ ਦੀਆਂ ਕਾਰਵਾਈਆ ਕੀਤੀਆ ਜਾ ਰਹੀਆ ਹਨ ਜੋ ਅਸਹਿ ਹਨ । ਅਜਿਹੀਆ ਕਾਰਵਾਈਆ ਨੂੰ ਇੰਡੀਆਂ ਦਾ ਵਿਧਾਨ ਕਰਨ ਦੀ ਬਿਲਕੁਲ ਇਜਾਜਤ ਨਹੀ ਦਿੰਦਾ । ਬਲਕਿ ਵਿਧਾਨ ਦੀ ਧਾਰਾ 14, 19, 21 ਰਾਹੀ ਬਰਾਬਰਤਾ ਦੇ ਹੱਕ ਪ੍ਰਾਪਤ ਕਰਨ, ਆਜਾਦੀ ਨਾਲ ਆਪਣੇ ਵਿਚਾਰ ਪ੍ਰਗਟ ਕਰਨ ਅਤੇ ਬਿਨ੍ਹਾਂ ਕਿਸੇ ਡਰ ਭੈ ਤੋ ਆਜਾਦੀ ਨਾਲ ਜਿੰਦਗੀ ਜਿਊਣ ਦੇ ਹੱਕ ਪ੍ਰਦਾਨ ਕਰਦਾ ਹੈ । ਹੁਕਮਰਾਨ ਅਜਿਹਾ ਅਮਲ ਕਰਕੇ ਅਤੇ ਅਣਮਨੁੱਖੀ ਢੰਗ ਨਾਲ ਮੌਤ ਦੇ ਮੂੰਹ ਵਿਚ ਧਕੇਲਕੇ ਅਸਲੀਅਤ ਵਿਚ ਇੰਡੀਅਨ ਵਿਧਾਨ ਦੇ ਨਿਯਮਾਂ ਦੀ ਘੋਰ ਉਲੰਘਣਾ ਕਰ ਰਿਹਾ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਇਸ ਅਮਲ ਨੂੰ ਬੰਦ ਕਰਨ ਦੀ ਗੱਲ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਰੋਕਤ ਸੂਬਿਆਂ ਵਿਚ ਵੱਸਣ ਵਾਲੇ ਮਜਲੂਮ, ਗਰੀਬ, ਆਦਿਵਾਸੀਆਂ ਦੇ ਮਾਲੀ ਸਾਧਨਾਂ ਨੂੰ ਲੁੱਟਣ ਦੀ ਮੰਦਭਾਵਨਾ ਅਧੀਨ ਉਨ੍ਹਾਂ ਉਤੇ ਗੈਰ ਕਾਨੂੰਨੀ ਢੰਗ ਨਾਲ ਹਮਲੇ ਕਰਕੇ ਉਨ੍ਹਾਂ ਨੂੰ ਮਾਰ ਦੇਣ ਦੀਆਂ ਕਾਰਵਾਈਆ ਨੂੰ ਗੈਰ ਵਿਧਾਨਿਕ ਤੇ ਸਰਮਨਾਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਬੀਤੇ ਸਮੇ ਵਿਚ 25 ਮਾਰਚ 1966 ਨੂੰ ਉਸ ਸਮੇ ਦੀ ਇੰਦਰਾ ਗਾਂਧੀ ਹਕੂਮਤ ਨੇ ਬਸਤਰ ਦੇ ਰਾਜਾ ਪਰਾਵੀਰ ਚੰਦਰਾ ਭਾਂਜ ਦੀਓ ਨੂੰ ਵੀ ਇਸੇ ਸੋਚ ਅਧੀਨ ਮਰਵਾ ਦਿੱਤਾ ਸੀ ਉਹ ਇਨ੍ਹਾਂ ਆਦਿਵਾਸੀ ਅਤੇ ਕਬੀਲਿਆ ਦਾ ਰਾਜਾ ਸੀ । ਮੈਂ ਉਥੇ ਸੀ.ਆਈ.ਐਸ.ਐਫ ਦੇ ਮੁੱਖੀ ਦੀ ਬਤੌਰ ਆਈ.ਪੀ.ਐਸ ਦੀ ਜਿੰਮੇਵਾਰੀ ਨਿਭਾਉਦਾ ਰਿਹਾ ਹਾਂ । ਮੇਰੀ ਇਕ ਯੂਨਿਟ ਬਸਤਰ ਵਿਖੇ ਲੱਗੀ ਹੋਈ ਸੀ । ਅਕਸਰ ਹੀ ਮੈਂ ਉਥੇ ਆਉਦਾ-ਜਾਂਦਾ ਰਹਿੰਦਾ ਸੀ । ਉਪਰੋਕਤ ਆਦਿਵਾਸੀਆ ਦੇ ਰਾਜਾ ਦੀਓ ਕੋਲ ਆਪਣੇ ਰਵਾਇਤੀ ਤੋਲੇਦਾਰ ਹਥਿਆਰ ਸਨ । ਜੋ ਕਿ ਇੰਡੀਅਨ ਫੋਰਸਾਂ ਕੋਲ ਆਧੁਨਿਕ ਮਸੀਨ ਗੰਨਾਂ ਦਾ ਮੁਕਾਬਲਾ ਕਰਨ ਦੀ ਸਮਰੱਥਾਂ ਨਹੀ ਸੀ ਰੱਖਦੇ । ਇਨ੍ਹਾਂ ਮਸੀਨਗੰਨਾਂ ਰਾਹੀ ਉਸ ਰਾਜੇ ਤੇ ਉਸਦੀ ਜਨਤਾ ਨੂੰ ਹੁਕਮਰਾਨਾਂ ਨੇ ਮਾਰ ਦਿੱਤਾ ।
ਉਨ੍ਹਾਂ ਮੰਗ ਕੀਤੀ ਕਿ ਜਿਸ ਤਰ੍ਹਾਂ ਦਾ ਉਹ ਮਿਹਨਤ, ਮੁਸੱਕਤ ਨਾਲ ਆਪਣੇ ਜੰਗਲਾਂ ਤੇ ਪਹਾੜਾਂ ਵਿਚ ਵਾਸਾ ਕਰਦੇ ਹੋਏ ਆਪਣੇ ਜਮੀਨ ਹੇਠਲੇ ਸਾਧਨਾਂ ਖਣਿਜ ਪਦਾਰਥਾਂ ਤੇ ਜੰਗਲੀ ਲੱਕੜ ਨੂੰ ਕੱਢਕੇ ਆਪਣਾ ਜੀਵਨ ਨਿਰਵਾਹ ਕਰਦੇ ਹਨ । ਲੇਕਿਨ ਹੁਕਮਰਾਨਾਂ ਨੇ ਉਨ੍ਹਾਂ ਨੂੰ ਅੱਛੀਆ ਸਹੂਲਤਾਂ ਦੇਣ ਦੀ ਬਜਾਇ ਉਨ੍ਹਾਂ ਦੇ ਮਾਲੀ ਸਾਧਨਾਂ ਨੂੰ ਲੁੱਟਕੇ ਅਤੇ ਜ਼ਬਰ ਕਰਕੇ ਉਨ੍ਹਾਂ ਉਤੇ ਗੈਰ ਕਾਨੂੰਨੀ ਅਮਲ ਕੀਤੇ ਹਨ । ਜਦੋਕਿ ਉਨ੍ਹਾਂ ਦੀਆਂ ਬੀਬੀਆਂ ਕੋਲ ਆਪਣਾ ਤਨ ਢਕਣ ਲਈ ਵੀ ਲੋੜੀਦੇ ਕੱਪੜੇ ਨਹੀ ਸਨ ਹੁੰਦੇ । ਅਤਿ ਦੀ ਗਰੀਬੀ ਵਿਚ ਆਪਣਾ ਜੀਵਨ ਨਿਰਵਾਹ ਕਰਦੇ ਹਨ । ਇਹ ਹੋਰ ਵੀ ਦੁੱਖਦਾਇਕ ਵਰਤਾਰਾ ਹੋ ਰਿਹਾ ਹੈ ਕਿ ਜੰਗਲਾਂ ਵਿਚ ਵੱਸਣ ਵਾਲੇ ਸ਼ੇਰ, ਚਿੱਤੇ ਤੇ ਹੋਰ ਮਹੱਤਵਪੂਰਨ ਜਾਨਵਰਾਂ ਨੂੰ ਵੀ ਨਿਰੰਤਰ ਮਾਰਦੇ ਆ ਰਹੇ ਹਨ । ਜੋ ਸੀ.ਪੀ.ਆਈ, ਸੀ.ਪੀ.ਐਮ ਖੱਬੇਪੱਖੀ ਪਾਰਟੀਆਂ ਹਨ ਜਿਨ੍ਹਾਂ ਨੂੰ ਅਕਸਰ ਗਰੀਬਾਂ, ਮਜਲੂਮਾਂ ਦੇ ਹੱਕਾਂ ਦੀ ਰਖਵਾਲੀ ਵਿਰੁੱਧ ਬੋਲਣ ਲਈ ਮੰਨਿਆ ਜਾਂਦਾ ਹੈ, ਉਹ ਵੀ ਇਨ੍ਹਾਂ ਗਰੀਬਾਂ ਦੀ ਰਾਖੀ ਤੇ ਹੱਕਾਂ ਲਈ ਬਿਲਕੁਲ ਆਵਾਜ ਨਹੀ ਉਠਾ ਰਹੇ ਜੋ ਕਿ ਅਫਸੋਸਨਾਕ ਅਮਲ ਹਨ ।