23 ਨਵੰਬਰ ਨੂੰ ਸਮੁੱਚਾ ਖ਼ਾਲਸਾ ਪੰਥ ਗੁਰਦੁਆਰਾ ਜਫ਼ਰਨਾਮਾ ਦੀਨਾਂ ਕਾਂਗੜ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ‘ਤੇ ਪਹੁੰਚੇ : ਮਾਨ
ਫ਼ਤਹਿਗੜ੍ਹ ਸਾਹਿਬ, 19 ਨਵੰਬਰ ( ) “ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਸ਼ਹੀਦ ਭਾਈ ਸਤੀ ਦਾਸ, ਮਤੀ ਦਾਸ, ਭਾਈ ਜੈਤਾ ਜੀ ਅਤੇ ਭਾਈ ਲੱਖੀ ਸ਼ਾਹ ਬਣਜਾਰਾ ਦੀਆਂ ਮਹਾਨ ਸ਼ਹਾਦਤਾਂ ਨੂੰ ਨਤਮਸਤਕ ਹੁੰਦੇ ਹੋਏ ਉਨ੍ਹਾਂ ਵੱਲੋ ਸ਼ਹਾਦਤਾਂ ਦੇਣ ਦੇ ਮਕਸਦ ਉਤੇ ਕੌਮ ਵੱਲੋ ਦ੍ਰਿੜ ਰਹਿਣ ਨੂੰ ਲੈਕੇ ਉਪਰੋਕਤ ਗੁਰਦੁਆਰਾ ਜਫ਼ਰਨਾਮਾ ਦੀਨਾਂ ਕਾਂਗੜ (ਮੋਗਾ) ਵਿਖੇ 350 ਸਾਲਾਂ ਸ਼ਹੀਦੀ ਦਿਹਾੜਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੂਰੀ ਸਰਧਾ ਤੇ ਸਤਿਕਾਰ ਨਾਲ ਮਨਾਉਣ ਜਾ ਰਿਹਾ ਹੈ । ਜਿਸ ਵਿਚ ਅਸੀ ਹਰ ਵਰਗ, ਸੰਗਠਨ, ਸੰਸਥਾਂ, ਵੱਖ-ਵੱਖ ਕੌਮਾਂ, ਕਬੀਲਿਆ, ਵਰਗਾਂ ਨੂੰ ਖੁੱਲ੍ਹੇ ਰੂਪ ਵਿਚ ਇਸ ਲਈ ਸੱਦਾ ਦਿੱਤਾ ਹੈ ਤਾਂ ਕਿ ਜੋ ਗੁਰੂ ਸਾਹਿਬਾਨ ਨੇ ਮਨੁੱਖਤਾ ਦੀ ਰਾਖੀ ਲਈ ਅਤੇ ਇਨਸਾਨੀ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਲਈ ਆਪਣੀ ਮਹਾਨ ਸ਼ਹਾਦਤ ਦਿੱਤੀ । ਉਸਦੇ ਮਕਸਦ ਨੂੰ ਸਮੁੱਚੇ ਸੰਸਾਰ ਵਿਚ ਪ੍ਰਚਾਰਿਆ ਤੇ ਪ੍ਰਸਾਰਿਆ ਜਾ ਸਕੇ । ਇਸ ਲਈ ਹੀ ਅਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸੰਬੰਧਤ ਉਪਰੋਕਤ ਇਤਿਹਾਸਿਕ ਮਹਾਨ ਸਥਾਂਨ ਤੇ ਇਸ ਦਿਨ ਨੂੰ ਮਨਾਉਣ ਦਾ ਫੈਸਲਾ ਕੀਤਾ ਹੈ । ਉਮੀਦ ਕਰਦੇ ਹਾਂ ਕਿ ਸਮੁੱਚੇ ਖ਼ਾਲਸਾ ਪੰਥ ਇਸ ਮੌਕੇ ਤੇ ਪਹੁੰਚਕੇ ਜਿਥੇ ਗੁਰੂ ਸਾਹਿਬਾਨ ਤੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰਨਗੇ, ਉਥੇ ਉਨ੍ਹਾਂ ਵੱਲੋ ਪਾਏ ਮਨੁੱਖਤਾ ਪੱਖੀ ਪੂਰਨਿਆ ਤੇ ਚੱਲਣ ਦਾ ਪ੍ਰਣ ਵੀ ਕਰਨਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਖ਼ਾਲਸਾ ਪੰਥ ਅਤੇ ਮਨੁੱਖਤਾ ਨੂੰ 23 ਨਵੰਬਰ ਨੂੰ ਗੁਰਦੁਆਰਾ ਜਫ਼ਰਨਾਮਾ ਦੀਨਾਂ ਕਾਂਗੜ ਵਿਖੇ ਪਹੁੰਚਣ ਦੀ ਖੁੱਲ੍ਹੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਹਿੰਦੂਤਵ ਮੋਦੀ ਮੁਤੱਸਵੀ ਹਕੂਮਤ ਇਸ ਸਮੇ ਇੰਡੀਆ ਤੇ ਰਾਜ ਕਰ ਰਹੀ ਹੈ, ਉਹ ਆਪਣੀ ਸੌੜੀ ਸੋਚ ਅਧੀਨ ਗੁਰੂ ਸਾਹਿਬਾਨ ਜੀ ਦੀ ਮਹਾਨ ਸ਼ਹਾਦਤ ਨੂੰ ਕੇਵਲ ਇੰਡੀਆਂ ਦੀਆਂ ਹੱਦਾਂ ਅੰਦਰ ਮਹਿਫੂਜ ਕਰਕੇ ‘ਹਿੰਦ ਦੀ ਚਾਂਦਰ’ ਗਰਦਾਨਕੇ ਉਨ੍ਹਾਂ ਵੱਲੋ ਸਮੁੱਚੀ ਮਨੁੱਖਤਾ ਲਈ ਦਿੱਤੀ ਕੁਰਬਾਨੀ ਤੇ ਸ਼ਹਾਦਤ ਨੂੰ ਸੀਮਤ ਕਰਨਾ ਚਾਹੁੰਦੀਆ ਹਨ । ਜਦੋਕਿ ਉਨ੍ਹਾਂ ਦੀ ਵਿਸ਼ਾਲਤਾਂ ਤਾਂ ਸਮੁੱਚੇ ਸੰਸਾਰ ਦੇ ਵਾਸੀਆ ਤੇ ਮਨੁੱਖਤਾ ਨਾਲ ਸੰਬੰਧਤ ਹੈ । ਉਨ੍ਹਾਂ ਦੇ ਸੰਦੇਸ ਨੂੰ ਦੁਨੀਆ ਦੇ ਹਰ ਵਰਗ, ਕੌਮ, ਧਰਮ ਅਤੇ ਮਨੁੱਖਤਾ ਵਿਚ ਪਹੁੰਚਾਉਣਾ ਸਾਡਾ ਕੌਮੀ ਫਰਜ ਹੈ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਗੁਰੂ ਨਾਨਕ ਸਾਹਿਬ ਨੇ ਸਭ ਧਰਮਾਂ ਵਿਚ ਸਮੇ-ਸਮੇ ਤੇ ਉਤਪੰਨ ਹੋ ਚੁੱਕੀਆ ਬੁਰਾਈਆ ਤੇ ਕਮੀਆ ਨੂੰ ਖਤਮ ਕਰਨ ਹਿੱਤ ਸਿੱਖ ਧਰਮ ਦੀ ਨੀਹ ਰੱਖਦੇ ਹੋਏ ਇਸ ਨੂੰ ਅੱਗੇ ਵਧਾਇਆ । ਇਸੇ ਸੋਚ ਅਧੀਨ ਕਸਮੀਰੀ ਪੰਡਿਤਾਂ ਜਿਨ੍ਹਾਂ ਉਤੇ ਹੁਕਮਰਾਨ ਜ਼ਬਰ ਜੁਲਮ ਕਰ ਰਿਹਾ ਸੀ ਅਤੇ ਉਨ੍ਹਾਂ ਨੂੰ ਜਬਰੀ ਮੁਸਲਮਾਨ ਬਣਾਉਣਾ ਚਾਹੁੰਦਾ ਸੀ, ਇਨ੍ਹਾਂ ਹਿੰਦੂਆਂ ਤੇ ਹਿੰਦੂ ਧਰਮ ਦੀ ਰਾਖੀ ਤੇ ਇਨਸਾਨੀਅਤ ਲਈ ਹੀ ਇਹ ਸੰਦੇਸ ਹੁਕਮਰਾਨ ਨੂੰ ਇਨ੍ਹਾਂ ਕਸਮੀਰੀ ਪੰਡਿਤਾਂ ਰਾਹੀ ਪਹੁੰਚਾਇਆ ਕਿ ਉਹ ਪਹਿਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਧਰਮ ਤਬਦੀਲ ਕਰਕੇ ਮੁਸਲਮਾਨ ਬਣਾ ਲੈਣ । ਜੇਕਰ ਉਹ ਪ੍ਰਵਾਨ ਕਰ ਲੈਣਗੇ ਤਾਂ ਅਸੀ ਵੀ ਇਸ ਨੂੰ ਪ੍ਰਵਾਨ ਕਰ ਲਵਾਂਗੇ । ਲੇਕਿਨ ਗੁਰੂ ਸਾਹਿਬ ਨੇ ਉਸ ਹਿੰਦੂ ਧਰਮ ਦੀ ਰੱਖਿਆ ਲਈ ਹੀ ਆਪਣੀ ਮਹਾਨ ਸ਼ਹਾਦਤ ਦੇ ਕੇ ਵੱਡੇ ਮਨੁੱਖਤਾ ਪੱਖੀ ਉਦਮਾਂ ਲਈ ਸਦਾ ਲਈ ਰਾਹ ਪੱਧਰਾਂ ਕੀਤਾ ਅਤੇ ਸਾਨੂੰ ਇਹ ਸੰਦੇਸ ਦਿੱਤਾ ਕਿ ਭੈ ਕਾਹੁ ਕੋ ਦੇਤਿ ਨ, ਨ ਭੈ ਮਾਨਤਿ ਆਨਿ’ ਅਰਥਾਤ ਨਾ ਸੱਚਾ ਸਿੱਖ ਕਿਸੇ ਨੂੰ ਬਿਨ੍ਹਾਂ ਵਜਹ ਡਰਾਉਦਾ ਹੈ ਨਾ ਹੀ ਵੱਡੇ ਤੋ ਵੱਡੀ ਤਾਕਤ ਦਾ ਡਰ ਭੈ ਰੱਖਦਾ ਹੈ । ਇਸ ਲਈ ਹੁਕਮਰਾਨ ਸਾਡੇ ਗੁਰੂ ਸਾਹਿਬਾਨ ਜੀ ਦੀ ਵੱਡੀ ਮਨੁੱਖਤਾ ਪੱਖੀ ਸੋਚ ਅਤੇ ਉਨ੍ਹਾਂ ਵੱਲੋ ਮਨੁੱਖਤਾ ਦੀ ਰਾਖੀ ਲਈ ਦਿੱਤੀਆ ਗਈਆ ਸ਼ਹਾਦਤਾਂ ਨੂੰ ਇੰਡੀਆ ਦੀਆਂ ਹੱਦਾਂ ਅੰਦਰ ਮਹਿਫੂਜ ਨਾ ਕਰ ਸਕੇ ਅਤੇ ਸਾਡੀ ਕੌਮੀ ਮਹੱਤਤਾ ਨੂੰ ਨੁਕਸਾਨ ਨਾ ਪਹੁੰਚਾ ਸਕੇ, ਇਸ ਨੂੰ ਮੁੱਖ ਰੱਖਕੇ ਹੀ ਅਸੀ ਇਹ 350 ਸਾਲਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ । ਤਾਂ ਕਿ ਉਨ੍ਹਾਂ ਵੱਲੋ ਮਨੁੱਖਤਾ ਨੂੰ ਦਿੱਤੇ ਸੰਦੇਸ, ਕੌਮੀ, ਨਿਯਮ, ਅਸੂਲ, ਸੱਚ-ਹੱਕ ਦੀ ਆਵਾਜ ਨੂੰ ਕੌਮਾਂਤਰੀ ਪੱਧਰ ਤੇ ਉਜਾਗਰ ਕਰਦੇ ਹੋਏ ਉਨ੍ਹਾਂ ਦੀਆਂ ਸ਼ਹਾਦਤਾਂ ਦੇ ਅਸਲ ਮਕਸਦ ਦਾ ਪ੍ਰਚਾਰ ਤੇ ਪ੍ਰਸਾਰ ਹੋ ਸਕੇ ਅਤੇ ਸਿੱਖ ਕੌਮ ਉਨ੍ਹਾਂ ਉਤੇ ਦ੍ਰਿੜਤਾ ਨਾਲ ਪਹਿਰਾ ਦਿੰਦੀ ਹੋਈ ਆਪਣੇ ਨਾਲ 78 ਸਾਲਾਂ ਤੋ ਹੁੰਦੀਆ ਆ ਰਹੀਆ ਹਕੂਮਤੀ ਬੇਇਨਸਾਫ਼ੀਆਂ, ਵਿਤਕਰਿਆ ਨੂੰ ਦੂਰ ਕਰਵਾਉਣ ਲਈ ਇਕੱਤਰ ਹੋ ਕੇ ਸੰਘਰਸ ਕਰ ਸਕੇ ਅਤੇ ਇਨਸਾਫ਼ ਦੀ ਮੰਜਿਲ ਨੂੰ ਪ੍ਰਾਪਤ ਕਰ ਸਕੇ ।