ਪੰਜਾਬ ਅਤੇ ਸਿੱਖ ਕੌਮ ਨਾਲ ਸੰਬੰਧਤ ਮਸਲਿਆ ਦੇ ਹੱਲ ਲਈ ਸਮੂਹਿਕ ਸੰਗਠਨ ਤੇ ਪੰਥਕ ਪਾਰਟੀਆਂ ਇਕ ਮੰਚ ਤੇ ਇਕੱਤਰ ਹੋਣ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 17 ਨਵੰਬਰ ( ) “ਇਹ ਬਹੁਤ ਹੀ ਤਸੱਲੀ ਤੇ ਬੇਫਿਕਰੀ ਵਾਲੀ ਗੱਲ ਹੈ ਕਿ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਸੂਝਵਾਨ ਨੌਜਵਾਨ ਵਿਦਿਆਰਥੀ, ਵਿਦਿਆਰਥਣਾਂ ਆਗੂਆ ਨੇ ਪੂਰੇ ਅਨੁਸਾਸਨ ਵਿਚ ਰਹਿਕੇ ਪੰਜਾਬ ਵਿਰੋਧੀ ਸੈਟਰ ਦੇ ਹੁਕਮਰਾਨਾਂ ਦੇ ਮਨਸੂਬਿਆਂ ਨੂੰ ਅਸਫਲ ਬਣਾਉਣ ਲਈ ਸਭ ਸਿਆਸੀ, ਧਾਰਮਿਕ, ਸਮਾਜਿਕ ਸੰਗਠਨਾਂ ਤੇ ਬੁੱਧੀਜੀਵੀਆਂ ਦੇ ਸਹਿਯੋਗ ਨਾਲ ਆਪਣੇ ਇਸ ਸੂਬੇ ਦੇ ਹੱਕ ਨੂੰ ਬਚਾਉਣ ਲਈ ਕੇਵਲ ਪੰਜਾਬ ਪੱਧਰ ਤੇ ਹੀ ਨਹੀ ਬਲਕਿ ਕੌਮਾਂਤਰੀ ਪੱਧਰ ਤੇ ਉਭਾਰਕੇ ਪੰਜਾਬ ਤੇ ਪੰਜਾਬੀਆਂ ਨਾਲ ਹਕੂਮਤੀ ਪੱਧਰ ਤੇ ਹੋ ਰਹੇ ਜਬਰ, ਬੇਇਨਸਾਫ਼ੀਆਂ ਵਿਰੁੱਧ ਬਾਦਲੀਲ ਢੰਗ ਨਾਲ ਪ੍ਰਭਾਵਸ਼ਾਲੀ ਆਵਾਜ ਬੁਲੰਦ ਕੀਤੀ ਹੈ ਅਤੇ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਪੰਜਾਬ ਨਾਲ ਹੋ ਰਹੀਆ ਜਿਆਦਤੀਆਂ ਵਿਰੁੱਧ ਲਾਮਬੰਦ ਕਰਨ ਲਈ ਇਕ ਮਜਬੂਤ ਪਲੇਟਫਾਰਮ ਪ੍ਰਦਾਨ ਕਰਨ ਦੀ ਭੂਮਿਕਾ ਨਿਭਾਈ ਹੈ । ਹੁਣ ਜਦੋ ਨੌਜਵਾਨਾਂ ਦੀ ਜਥੇਬੰਦੀ ‘ਸੱਥ’ ਨੇ ਸੈਟਰ ਦੇ ਜ਼ਬਰ ਜੁਲਮ ਵਿਰੁੱਧ ਸੰਘਰਸ ਨੂੰ ਅੱਗੇ ਵਧਾਉਣ ਲਈ ਮਾਹੌਲ ਲਈ ਜਮੀਨ ਤਿਆਰ ਕਰ ਦਿੱਤੀ ਹੈ ਤਾਂ ਸਣੇ ਮੌਜੂਦਾ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ, ਸਮੁੱਚੀਆਂ ਸਿਆਸੀ, ਕਿਸਾਨ, ਵਿਦਿਅਕ ਅਦਾਰਿਆ, ਵਕੀਲਾਂ, ਪ੍ਰੌਫੈਸਰਾਂ, ਬੁੱਧੀਜੀਵੀਆ ਨੂੰ ਚਾਹੀਦਾ ਹੈ ਕਿ ਉਹ ਆਪਣੇ ਨਿੱਜ, ਮਾਲੀ ਤੇ ਸਿਆਸੀ ਸਵਾਰਥਾਂ ਤੋ ਉਪਰ ਉੱਠਕੇ ਪੰਜਾਬ ਸੂਬੇ ਨਾਲ ਲੰਮੇ ਸਮੇ ਤੋ ਹੁੰਦੇ ਆ ਰਹੇ ਜ਼ਬਰ ਤੇ ਬੇਇਨਸਾਫ਼ੀਆਂ ਨੂੰ ਖਤਮ ਕਰਵਾਉਣ ਲਈ ਸੰਘਰਸ ਨੂੰ ਅੱਗੇ ਵਧਾਉਣ । ਜਿਸ ਵਿਚ ਪੰਜਾਬ ਸੂਬੇ ਦੀ ਵਿਧਾਨਿਕ ਖੁਦਮੁਖਤਿਆਰੀ ਨੂੰ ਸੱਟ ਮਾਰਕੇ ਪੰਜਾਬ ਦੇ ਡੈਮਾਂ ਤੋ ਪੈਦਾ ਹੋਣ ਵਾਲੀ ਬਿਜਲੀ ਨੂੰ ਜਬਰੀ ਖੋਹਣ, ਪੰਜਾਬ ਦੇ ਪਾਣੀਆ ਨੂੰ ਰਾਜਸਥਾਂਨ, ਹਰਿਆਣਾ, ਦਿੱਲੀ ਨੂੰ ਦੇਣ, ਭਾਖੜਾ ਬਿਆਸ ਮੈਨੇਜਮੈਟ ਬੋਰਡ ਦੇ ਪ੍ਰਬੰਧ ਤੇ ਫੈਸਲਿਆ ਵਿਚ ਪੰਜਾਬ ਦੇ ਮੈਬਰਾਂ ਦੀ ਬਹੁਗਿਣਤੀ ਘਟਾਕੇ ਹਰਿਆਣੇ ਨੂੰ ਦੇਣ, ਭਾਖੜਾ ਡੈਮ ਉਤੇ ਪੰਜਾਬ ਦੀ ਲੱਗੀ ਫੌਰਸ ਨੂੰ ਹਟਾਕੇ ਕੇਦਰੀ ਬਲਾਂ ਦੀ ਗੈਰ ਕਾਨੂੰਨੀ ਤਾਇਨਾਤੀ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜੋ ਪੰਜਾਬ ਦੇ 28 ਪਿੰਡਾਂ ਨੂੰ ਉਜਾੜਕੇ ਬਣਾਈ ਗਈ ਸੀ ਉਸ ਨੂੰ ਮੰਦਭਾਵਨਾ ਅਧੀਨ ਪਹਿਲੇ ਯੂ.ਟੀ ਐਲਾਨਣ ਫਿਰ ਇਸ ਸੋਚ ਅਧੀਨ ਹਰਿਆਣੇ ਨੂੰ ਰਾਜਧਾਨੀ ਲਈ ਚੰਡੀਗੜ੍ਹ ਵਿਚ ਸਥਾਂਨ ਦੇਣ, ਚੰਡੀਗੜ੍ਹ ਵਿਚ ਅਫਸਰਸਾਹੀ ਤੇ ਮੁਲਾਜਮਾਂ ਦੀ 60-40 ਪ੍ਰਤੀਸਤ ਭਰਤੀ ਦਾ ਉਲੰਘਣ ਕਰਕੇ ਹਰਿਆਣਾ, ਹਿਮਾਚਲ, ਦਿੱਲੀ ਆਦਿ ਦੀ ਗਿਣਤੀ ਨੂੰ ਵਧਾਉਣ, ਬੀ.ਐਸ.ਐਫ ਦੇ ਖੇਤਰ ਨੂੰ ਵਧਾਕੇ 50 ਕਿਲੋਮੀਟਰ ਦਾ ਕਰਨ, ਚੰਡੀਗੜ੍ਹ ਸਲਾਹਕਾਰ ਦੀ ਥਾਂ ਤੇ ਮੁੱਖ ਸਕੱਤਰ ਨਿਯੁਤਕ ਕਰਨ ਦੇ ਪੰਜਾਬ ਵਿਰੋਧੀ ਫੈਸਲੇ ਚੰਡੀਗੜ੍ਹ ਵਿਚ ਆਈ.ਪੀ.ਐਸ, ਐਸ.ਐਸ.ਪੀ ਅਧਿਕਾਰੀ ਜੋ ਪੰਜਾਬ ਤੋ ਹੋਣਾ ਚਾਹੀਦਾ ਹੈ ਇਥੇ ਹਰਿਆਣੇ ਤੋ ਲਗਾਉਣ, ਪੰਜਾਬ ਦੀ ਜੀ.ਐਸ.ਟੀ ਦੀ 16 ਹਜਾਰ ਕਰੋੜ ਰੁਪਏ ਰਕਮ ਜੋ ਨਹੀ ਦਿੱਤੀ ਜਾ ਰਹੀ, ਪੰਜਾਬ ਦੇ ਪਾਣੀਆ ਦੀ 16 ਹਜਾਰ ਕਰੋੜ ਰੁਪਏ ਦੀ ਰਿਆਲਟੀ ਕੀਮਤ ਦਾ ਲੰਮੇ ਸਮੇ ਤੋ ਭੁਗਤਾਨ ਨਾ ਹੋਣ, 1984 ਵਿਚ ਸਿੱਖ ਕਤਲੇਆਮ, ਖਾਲੜਾ ਮਿਸਨ ਵਿਚ 25 ਹਜਾਰ ਅਣਪਛਾਤੀਆ ਲਾਸਾਂ, 1984 ਵਿਚ ਸਿੱਖ ਕਤਲੇਆਮ ਤੇ ਝੂਠੇ ਮੁਕਾਬਲਿਆ ਵਿਚ ਸਿੱਖਾਂ ਦੇ ਹੋਏ ਕਤਲ, 328 ਸਰੂਪਾਂ ਦੀ ਗੁੰਮਸੁਦਗੀ, ਐਸ.ਜੀ.ਪੀ.ਸੀ ਦੀ 14 ਸਾਲਾਂ ਤੋ ਰੋਕੀ ਗਈ ਜਰਨਲ ਚੋਣ ਨਾ ਕਰਵਾਉਣ, 2000 ਵਿਚ ਚਿੱਠੀਸਿੰਘਪੁਰਾ 43 ਸਿੱਖਾਂ ਦੇ ਕਤਲੇਆਮ ਆਦਿ ਬੇਇਨਸਾਫ਼ੀਆਂ ਨੂੰ ਖਤਮ ਕਰਵਾਉਣਾ ਹੁਣ ਸਭ ਪੰਜਾਬ ਨਾਲ ਸੰਬੰਧਤ ਧਾਰਮਿਕ, ਸਮਾਜਿਕ, ਰਾਜਨੀਤਿਕ ਸੰਗਠਨਾਂ ਦਾ ਇਖਲਾਕੀ ਫਰਜ ਬਣ ਜਾਂਦਾ ਹੈ ਜਿਸ ਨੂੰ ਸਮੂਹਿਕ ਰੂਪ ਵਿਚ ਅੱਗੇ ਵਧਾਇਆ ਜਾਵੇ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਵਿਦਿਆਰਥੀਆਂ ਵੱਲੋ ਪੰਜਾਬ ਸੂਬੇ ਨਾਲ ਕੀਤੀ ਜਾ ਰਹੀ ਜਿਆਦਤੀ ਵਿਰੁੱਧ ਬਹੁਤ ਹੀ ਸਿੱਦਤ ਅਤੇ ਦ੍ਰਿੜਤਾ ਨਾਲ ਸੁਰੂ ਕੀਤੇ ਸੰਘਰਸ ਨੂੰ, ਵਿਦਿਆਰਥੀਆ ਦੀ ਤਾਲੀਮ ਦਾ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਣ ਅਤੇ ਪੰਜਾਬ ਨਾਲ ਸੰਬੰਧਤ ਉਪਰੋਕਤ ਸਮੁੱਚੇ ਮਸਲਿਆ ਦਾ ਹੱਲ ਕਰਵਾਉਣ ਸਭ ਧਿਰਾਂ, ਸੰਗਠਨਾਂ, ਵਿਦਿਆਰਥੀ, ਕਿਸਾਨ ਜਥੇਬੰਦੀਆ ਨੂੰ ਸਮੂਹਿਕ ਤੌਰ ਤੇ ਸੰਘਰਸ ਨੂੰ ਅੱਗੇ ਤੋਰਨ ਤੇ ਮੰਜਿਲ ਤੱਕ ਪਹੁੰਚਾਉਣ ਦੀ ਸੰਜੀਦਗੀ ਭਰੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਸੰਘਰਸ ਨੂੰ ਵਿਦਿਆਰਥੀਆ ਦੇ ਵੱਡੇ ਜੋਸ ਅਤੇ ਹੋਸ ਦੇ ਸੁਮੇਲ ਦੀ ਸਹੀ ਵਰਤੋ ਕਰਦੇ ਹੋਏ ਜੇਕਰ ਸਮੁੱਚੇ ਸੰਗਠਨਾਂ ਤੇ ਪਾਰਟੀਆ ਦੇ ਆਗੂ ਪੰਜਾਬ ਲਈ ਫੈਸਲਾਕੁੰਨ ਸੰਘਰਸ ਕਰਨ ਲਈ ਦ੍ਰਿੜ ਹੋ ਜਾਣ ਤਾਂ ਇਸ ਵਿਚ ਕੋਈ ਸੱਕ ਬਾਕੀ ਨਹੀ ਰਹੇਗਾ ਕਿ ਵਿਦਿਆਰਥੀਆ ਵੱਲੋ ਦਿੱਤੀ ਗਈ ਸੁਚੱਜੀ ਅਗਵਾਈ ਵਾਲੇ ਇਸ ਸੰਘਰਸ ਨੂੰ ਪੰਜਾਬ ਦੇ ਵੱਡੇਰੇ ਹਿੱਤਾ ਲਈ ਅੱਗੇ ਵਧਾਉਦੇ ਹੋਏ ਪੰਜਾਬ ਨਾਲ ਹੋ ਰਹੀਆ ਬੇਇਨਸਾਫ਼ੀਆਂ ਨੂੰ ਦੂਰ ਕਰਵਾਉਣ ਵਿਚ ਮੁੱਖ ਭੂਮਿਕਾ ਨਿਭਾਈ ਜਾ ਸਕੇਗੀ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਮੁੱਚੇ ਸਿਆਸੀ, ਧਾਰਮਿਕ, ਵਿਦਿਅਕ ਅਦਾਰਿਆ ਦੇ ਸੰਗਠਨ ਕਿਸਾਨ ਤੇ ਹੋਰ ਸਭ ਸਮਾਜਿਕ ਜਥੇਬੰਦੀਆਂ ਪੰਜਾਬ ਦੇ ਵੱਡੇਰੇ ਹਿੱਤਾ ਨੂੰ ਮੁੱਖ ਰੱਖਕੇ ਇਸ ਮਿਸਨ ਦੀ ਪ੍ਰਾਪਤੀ ਲਈ ਸਮੂਹਿਕ ਤੌਰ ਤੇ ਵਿਚਾਰਾਂ ਕਰਦੇ ਹੋਏ ਸੰਘਰਸ ਨੂੰ ਮੰਜਿਲ ਤੱਕ ਪਹੁੰਚਣ ਵਿਚ ਯੋਗਦਾਨ ਪਾਉਣਗੇ ।