ਆਰ.ਐਸ.ਐਸ ਵੱਲੋਂ ਆਪਣਾ 100 ਸਾਲਾਂ ਸਮਾਗਮ ਮਨਾਉਦੇ ਹੋਏ ਪ੍ਰਾਪਤੀਆਂ ਦਾ ਇਜਹਾਰ ਕੀਤਾ ਜਾ ਰਿਹਾ ਹੈ, ਜਦੋਕਿ ਹੁਕਮਰਾਨਾਂ ਨੇ ਸਿੱਖ ਕੌਮ ਨੂੰ ਕਦੀ ਵੀ ਇਨਸਾਫ਼ ਨਹੀ ਦਿੱਤਾ : ਮਾਨ
ਫ਼ਤਹਿਗੜ੍ਹ ਸਾਹਿਬ, 04 ਅਕਤੂਬਰ ( ) “ਸਿੱਖ ਕੌਮ ਦੇ ਆਜਾਦ ਸਟੇਟ ਖ਼ਾਲਸਾ ਰਾਜ ਦੀ ਧਰਤੀ ਦੇ 1947 ਵਿਚ ਹਿੰਦੂਤਵ ਆਗੂਆਂ ਨੇ ਆਪਣੇ ਸਵਾਰਥਾਂ ਦੀ ਪੂਰਤੀ ਅਧੀਨ 2 ਟੁਕੜੇ ਕਰ ਦਿੱਤੇ ਅਤੇ ਸਿੱਖਾਂ ਨੂੰ ਆਪਣੇ ਵਾਅਦੇ ਅਨੁਸਾਰ ਰਾਜ ਭਾਗ ਦੇ ਮਾਲਕ ਪ੍ਰਵਾਨ ਨਾ ਕਰਕੇ ਯਤੀਮ ਛੱਡ ਦਿੱਤਾ ਗਿਆ । ਉਸ ਤੋ ਬਾਅਦ ਗਾਂਧੀ ਨੂੰ ਮਾਰ ਦਿੱਤਾ ਗਿਆ । ਜਦੋਕਿ ਵੰਡ ਤੋ ਪਹਿਲੇ ਹੁਕਮਰਾਨਾਂ ਨੇ ਸਿੱਖਾਂ ਨੂੰ ਵਿਸਵਾਸ ਦਿਵਾਇਆ ਸੀ ਕਿ ਆਜਾਦ ਭਾਰਤ ਵਿਚ ਸਿੱਖਾਂ ਨੂੰ ਇਕ ਆਜਾਦ ਖਿੱਤਾ ਉੱਤਰੀ ਭਾਰਤ ਵਿਚ ਦਿੱਤਾ ਜਾਵੇਗਾ, ਜਿੱਥੇ ਸਿੱਖ ਆਪਣੀ ਆਜਾਦੀ ਦਾ ਨਿੱਘ ਮਾਣ ਸਕਣਗੇ ਅਤੇ ਆਜਾਦੀ ਨਾਲ ਆਪਣੀਆ ਰਹੁ-ਰੀਤੀਆ ਕਰ ਸਕਣਗੇ । ਹੁਕਮਰਾਨ ਇਸ ਕੀਤੇ ਗਏ ਵਾਅਦੇ ਤੋ ਵੀ ਮੁਨਕਰ ਹੋ ਕੇ ਸਿੱਖ ਕੌਮ ਨੂੰ ਧੋਖਾ ਦਿੱਤਾ ਗਿਆ । ਇਸ ਉਪਰੰਤ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਉਤੇ ਕੌਮਾਂਤਰੀ ਕਾਨੂੰਨਾਂ ਅਤੇ ਮਨੁੱਖੀ ਅਧਿਕਾਰਾਂ ਦੇ ਨਿਯਮਾਂ ਦਾ ਘੋਰ ਉਲੰਘਣ ਕਰਕੇ ਸਾਜਸੀ ਢੰਗ ਨਾਲ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਅਤੇ ਹੋਰ 36 ਗੁਰੂਘਰਾਂ ਉਤੇ ਹਮਲੇ ਕਰਵਾਕੇ ਇਹ ਸਾਬਤ ਕਰ ਦਿੱਤਾ ਕਿ ਹੁਕਮਰਾਨਾਂ ਦੇ ਮਨਾਂ ਵਿਚ ਸਿੱਖ ਕੌਮ ਪ੍ਰਤੀ ਨਫਰਤ ਦੀ ਮੰਦਭਾਵਨਾ ਹੈ। 1992 ਵਿਚ ਮੌਜੂਦਾ ਹੁਕਮਰਾਨਾਂ ਨੇ ਕਾਂਗਰਸੀਆਂ ਨਾਲ ਰਲਕੇ ਮੁਸਲਿਮ ਕੌਮ ਦੇ ਧਾਰਮਿਕ ਸਥਾਂਨ ਬਾਬਰੀ ਮਸਜਿਦ ਨੂੰ ਦਿਨ ਦਿਹਾੜੇ ਗੈਤੀਆਂ, ਹਥੌੜਿਆ ਆਦਿ ਨਾਲ ਢਹਿ ਢੇਰੀ ਕਰ ਦਿੱਤਾ । ਸੁਪਰੀਮ ਕੋਰਟ ਦੇ ਮੁੱਖ ਜੱਜ ਜਸਟਿਸ ਗੰਗੋਈ ਨੂੰ ਲਾਲਚ ਅਤੇ ਰਿਸਵਤ ਦੇ ਕੇ ਰਾਮ ਮੰਦਰ ਦੇ ਹੱਕ ਵਿਚ ਜ਼ਬਰੀ ਫੈਸਲਾ ਕਰਵਾਕੇ ਵਿਧਾਨਿਕ ਕਦਰਾਂ ਕੀਮਤਾਂ ਦਾ ਘਾਣ ਕੀਤਾ ਗਿਆ ਅਤੇ ਬਾਅਦ ਵਿਚ ਜਸਟਿਸ ਗੰਗੋਈ ਨੂੰ ਇਵਜਾਨੇ ਵੱਜੋ ਰਾਜ ਸਭਾ ਮੈਬਰ ਬਣਾ ਦਿੱਤਾ ਗਿਆ । 2002 ਵਿਚ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆ ਮੌਜੂਦਾ ਵਜੀਰ ਏ ਆਜਮ ਨਰਿੰਦਰ ਮੋਦੀ ਨੇ 2 ਹਜਾਰ ਮੁਸਲਮਾਨਾਂ ਦਾ ਸਮੂਹਿਕ ਕਤਲੇਆਮ ਕਰਵਾਇਆ । ਇਨ੍ਹਾਂ ਹੁਕਮਰਾਨਾਂ ਨੇ ਸਿੱਖ ਕੌਮ ਦੀ ਸੰਸਾਰ ਪੱਧਰ ਤੇ ਉਨ੍ਹਾਂ ਦੇ ਸਰਬੱਤ ਦੇ ਭਲੇ ਦੀ ਸੋਚ ਨੂੰ ਨਜਰ ਅੰਦਾਜ ਕਰਦੇ ਹੋਏ ਉਨ੍ਹਾਂ ਦਾ ਵੱਡੇ ਪੱਧਰ ਤੇ ਝੂਠੇ ਪੁਲਿਸ ਮੁਕਾਬਲਿਆ ਵਿਚ ਕਤਲੇਆਮ ਕਰਦੇ ਆਏ ਹਨ । ਫਿਰ ਅਜਿਹੇ ਹੁਕਮਰਾਨ ਆਰ.ਐਸ.ਐਸ ਦੀ 100 ਸਾਲਾਂ ਸਮਾਗਮ ਉਤੇ ਪ੍ਰਾਪਤੀਆਂ ਨੂੰ ਉਜਾਗਰ ਕਰਨ ਦੀ ਗੱਲ ਕਿਸ ਦਲੀਲ ਨਾਲ ਕਰ ਸਕਦੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਰ.ਐਸ.ਐਸ ਦੇ 100 ਸਾਲਾਂ ਸਮਾਗਮ ਉਤੇ ਹੁਕਮਰਾਨਾਂ ਵੱਲੋ ਆਪਣੀਆ ਪ੍ਰਾਪਤੀਆਂ ਦੀ ਗੱਲ ਕਰਨ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਥੋ ਦੇ ਨਿਵਾਸੀਆ ਨੂੰ ਗੁੰਮਰਾਹਕੁੰਨ ਪ੍ਰਚਾਰ ਕਰਕੇ ਆਪਣੀਆ ਪ੍ਰਾਪਤੀਆਂ ਵਧਾਉਣ ਉਤੇ ਪ੍ਰਸ਼ਨ ਚਿੰਨ੍ਹ ਲਗਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਹੋਰ ਵੀ ਵੱਡੇ ਦੁੱਖ ਦੀ ਕਾਰਵਾਈ ਹੈ ਕਿ ਜੋ ਬਲਿਊ ਸਟਾਰ ਦੌਰਾਨ ਸਾਡੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਜਰਨਲ ਸੁਬੇਗ ਸਿੰਘ, ਬਾਬਾ ਠਾਹਰਾ ਸਿੰਘ, ਭਾਈ ਅਮਰੀਕ ਸਿੰਘ ਆਦਿ ਸਿੰਘਾਂ ਦੇ ਸੰਸਕਾਰ ਕਿਥੇ ਕੀਤੇ, ਉਨ੍ਹਾਂ ਦੇ ਫੁੱਲ ਕਿਥੇ ਪਾਏ, ਉਨ੍ਹਾਂ ਦੀ ਭੋਗ ਰਸਮ ਕਿਥੇ ਤੇ ਕਿਸ ਢੰਗ ਨਾਲ ਕੀਤੇ ਗਏ ਸਾਡੇ ਵੱਲੋ ਲਿਖਤੀ ਰੂਪ ਵਿਚ ਪੁੱਛਣ ਤੇ ਵੀ ਕੋਈ ਜੁਆਬ ਨਾ ਦੇਣ ਵਾਲੇ ਇਹ ਹੁਕਮਰਾਨ ਕਿਵੇ ਆਪਣੀਆ ਪ੍ਰਾਪਤੀਆਂ ਦੇ ਦਾਅਵੇ ਕਰ ਸਕਦੇ ਹਨ, ਜਦੋਕਿ ਸਾਨੂੰ ਕੋਈ ਜਾਣਕਾਰੀ ਨਹੀ ਦਿੱਤੀ ਜਾ ਰਹੀ । ਉਨ੍ਹਾਂ ਕਿਹਾ ਕਿ ਅਸੀ ਹਰ ਸਾਲ 31 ਅਕਤੂਬਰ ਨੂੰ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਕੇਹਰ ਸਿੰਘ ਦੀ ਬਰਸੀ ਦਿੱਲੀ ਵਿਖੇ ਮਨਾਉਦੇ ਹਾਂ ਅਤੇ ਉਸ ਸਮੇ ਤੋ ਹੀ ਇਹ ਮੰਗ ਕਰਦੇ ਆ ਰਹੇ ਹਾਂ ਕਿ ਜਿਸ ਇੰਦਰਾ ਗਾਂਧੀ ਨਿਵਾਸ ਸਫਦਰਜੰਗ ਤੇ ਇਹ ਸਿੰਘ ਸ਼ਹੀਦ ਹੋਏ ਹਨ, ਉਥੇ ਸਾਨੂੰ 2 ਏਕੜ ਸਥਾਂਨ ਸਾਨੂੰ ਸ਼ਹੀਦਾਂ ਦੀ ਯਾਦਗਰ ਬਣਾਉਣ ਲਈ ਦਿੱਤੀ ਜਾਵੇ । ਉਸ ਉਤੇ ਵੀ ਇਹ ਹੁਕਮਰਾਨ ਕਦੇ ਸੰਜੀਦਾ ਨਹੀ ਹੋਏ ।
ਉਨ੍ਹਾਂ ਕਿਹਾ ਕਿ ਹਿੰਦੂਤਵ ਹੁਕਮਰਾਨ ਹੀ ਹਨ ਜਿਨ੍ਹਾਂ ਨੇ ਸਾਜਸੀ ਢੰਗ ਨਾਲ ਸਾਡੇ ਅਮਰੀਕਾ, ਕੈਨੇਡਾ, ਬਰਤਾਨੀਆ, ਪਾਕਿਸਤਾਨ, ਇੰਡੀਆ ਤੇ ਪੰਜਾਬ ਵਿਚ ਸਿਰਕੱਢ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਕਤਲੇਆਮ ਕੀਤਾ ਜਿਨ੍ਹਾਂ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਅਸਫਲ ਕੋਸਿਸ ਕੀਤੀ । ਇਸ ਸਮੁੱਚੇ ਕਤਲੇਆਮ ਲਈ ਸ੍ਰੀ ਮੋਦੀ ਅਤੇ ਉਸਦੀ ਜਾਲਮ ਜੂੰਡਲੀ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਸਿੱਧੇ ਤੌਰ ਤੇ ਜਿੰਮੇਵਾਰ ਹਨ । ਇਹ ਜੂੰਡਲੀ ਕੌਮਾਂਤਰੀ ਤੌਰ ਤੇ ਉਨ੍ਹਾਂ ਮੁਲਕਾਂ ਦੀ ਵੀ ਵੱਡੀ ਦੋਸ਼ੀ ਹੈ ਜਿਨ੍ਹਾਂ ਦੀ ਇਨ੍ਹਾਂ ਨੇ ਪ੍ਰਭੂਸਤਾ ਨੂੰ ਤੋੜਿਆ ਅਤੇ ਅਮਰੀਕਾ ਦੀ ਮੁਨਰੋ ਡਾਕਟਰੀਨ ਦਾ ਘਾਣ ਕੀਤਾ । ਜਿੰਨਾਂ ਚਿਰ ਕੌਮ ਨੂੰ ਸਾਡੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੇ ਕੇ ਇਨਸਾਫ਼ ਨਹੀ ਦਿੱਤਾ ਜਾਂਦਾ, ਸਿੱਖਾਂ ਉਤੇ ਜ਼ਬਰ ਜੁਲਮ ਤੇ ਬੇਇਨਸਾਫ਼ੀਆਂ ਬੰਦ ਨਹੀ ਕੀਤੀਆ ਜਾਂਦੀਆ, ਓਨਾ ਸਮਾਂ ਇੰਡੀਅਨ ਹੁਕਮਰਾਨ ਕੌਮਾਂਤਰੀ ਪੱਧਰ ਤੇ ਕਿਸੇ ਤਰ੍ਹਾਂ ਦਾ ਵੀ ਸਤਿਕਾਰ-ਮਾਣ ਪ੍ਰਾਪਤ ਨਹੀ ਕਰ ਸਕਣਗੇ ਅਤੇ ਨਾ ਹੀ ਇੰਡੀਆ ਵਿਚ ਅਮਨ ਚੈਨ ਤੇ ਜਮਹੂਰੀਅਤ ਨੂੰ ਸਥਾਈ ਤੌਰ ਤੇ ਕਾਇਮ ਰੱਖ ਸਕਣਗੇ ।