ਸਕੂਲਾਂ ਵਿਚ 50% ਤੋਂ ਜਿਆਦਾ ਪ੍ਰਿੰਸੀਪਲ ਦੀਆਂ ਅਸਾਮੀਆਂ ਖਾਲੀ ਹੋਣਾ, ਪੰਜਾਬ ਸਰਕਾਰ ਦੀ ਤਾਲੀਮ ਬਾਰੇ ਨੀਤੀ ਨੂੰ ਖੁਦ ਅਸਫਲ ਕਰਾਰ ਦਿੰਦਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 25 ਸਤੰਬਰ ( ) “ਕਿਸੇ ਵੀ ਸੂਬੇ ਜਾਂ ਮੁਲਕ ਦੇ ਨਿਵਾਸੀਆਂ ਦਾ ਜੀਵਨ ਪੱਧਰ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਸ ਮੁਲਕ ਜਾਂ ਸੂਬੇ ਦੇ ਨਿਵਾਸੀਆਂ ਦੀ ਸਿਹਤ ਸੰਬੰਧੀ ਅਤੇ ਵਿਦਿਆ ਸੰਬੰਧੀ ਹੁਕਮਰਾਨਾਂ ਵੱਲੋ ਕਿਸ ਪੱਧਰ ਦੀਆਂ ਸਹੂਲਤਾਂ ਦਿੱਤੀਆ ਜਾ ਰਹੀਆ ਹਨ । ਜਦੋ ਪੰਜਾਬ ਸੂਬੇ ਦੀ ਵਿਦਿਆ ਦੇ ਪੱਧਰ ਦੀ ਨੀਤੀ ਦਾ ਨਿਰੀਖਣ ਕੀਤਾ ਜਾਵੇ ਤਾਂ ਇਹ ਗੱਲ ਪ੍ਰਤੱਖ ਰੂਪ ਵਿਚ ਸਾਹਮਣੇ ਆਉਦੀ ਹੈ ਕਿ ਪੰਜਾਬ ਦੇ ਸਕੂਲਾਂ ਵਿਚ ਪ੍ਰਿੰਸੀਪਲ ਦੀਆਂ 50% ਤੋਂ ਵੀ ਜਿਆਦਾ ਅਸਾਮੀਆ ਖਾਲੀ ਹਨ ਅਤੇ 46% ਮੁੱਖ ਅਧਿਆਪਕਾ ਦੀਆਂ ਪੋਸਟਾਂ ਖਾਲੀ ਹਨ । ਜਦੋਂ ਬੱਚਿਆਂ ਦੀ ਗਿਣਤੀ ਦੀ ਨਿਸਬਤ ਪ੍ਰਿੰਸੀਪਲ ਤੇ ਅਧਿਆਪਕਾ ਦੀ ਹੀ ਵੱਡੀ ਘਾਟ ਹੋਵੇ ਤਾਂ ਉਸ ਸੂਬੇ ਦੇ ਬੱਚਿਆਂ ਦਾ ਵਿਦਿਆ ਪੱਧਰ ਕਿਹੋ ਜਿਹਾ ਹੋਵੇਗਾ ਅੰਦਾਜਾ ਲਗਾਇਆ ਜਾ ਸਕਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਵਿਦਿਆ ਦੇ ਖੇਤਰ ਵਿਚ ਪ੍ਰਿੰਸੀਪਲ ਤੇ ਮੁੱਖ ਅਧਿਆਪਕਾ ਦੀਆਂ ਵੱਡੇ ਪੱਧਰ ਤੇ ਲੰਮੇ ਸਮੇ ਤੋ ਖਾਲੀ ਪਈਆ ਅਸਾਮੀਆ ਅਤੇ ਇਥੋ ਦੇ ਵਿਦਿਆ ਪ੍ਰਾਪਤ ਕਰਨ ਵਾਲੇ ਬੱਚਿਆਂ ਨਾਲ ਤੇ ਉਨ੍ਹਾਂ ਦੇ ਮਾਪਿਆ ਨਾਲ ਹੋ ਰਹੀ ਵੱਡੀ ਬੇਇਨਸਾਫ਼ੀ ਦੀ ਗੱਲ ਕਰਦੇ ਹੋਏ ਸਰਕਾਰ ਦੀ ਵਿਦਿਆ ਨੀਤੀ ਨੂੰ ਅਸਫਲ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਸ ਸੂਬੇ ਦੇ ਆਉਣ ਵਾਲੇ ਭਵਿੱਖ ਨੂੰ ਹੀ ਸਹੀ ਸਮੇ ਤੇ ਸਹੀ ਅਗਵਾਈ ਨਾ ਮਿਲੇ ਤਾਂ ਉਸ ਸੂਬੇ ਦਾ ਭਵਿੱਖ ਕੀ ਹੋਵੇਗਾ, ਉਸ ਬਾਰੇ ਖੁਦ ਚਾਨਣ ਹੋ ਰਿਹਾ ਹੈ ? ਸ. ਮਾਨ ਨੇ ਅੱਗੇ ਚੱਲਕੇ ਕਿਹਾ ਕਿ ਸਰਕਾਰ ਦੇ ਪ੍ਰਬੰਧ ਵਿਚ ਉਦੋ ਹੋਰ ਵੀ ਤਰੁੱਟੀਆ ਸਾਹਮਣੇ ਆ ਜਾਂਦੀਆ ਹਨ ਕਿ ਵੱਡੀ ਗਿਣਤੀ ਵਿਚ ਪੰਜਾਬ ਵਿਚ ਪ੍ਰਿੰਸੀਪਲ ਤੇ ਮੁੱਖ ਅਧਿਆਪਕ ਦੀ ਜੋ ਯੋਗਤਾ ਰੱਖਦੇ ਹਨ ਉਹ ਖਾਲੀ ਪਈਆ ਅਸਾਮੀਆ ਨੂੰ ਭਰਨ ਲਈ ਅਤੇ ਆਪਣੇ ਰੁਜਗਾਰ ਲਈ ਧਰਨੇ ਦੇ ਰਹੇ ਹਨ । ਜੇਕਰ ਅਧਿਆਪਕਾ ਨੂੰ ਹੀ ਆਪਣੇ ਹੱਕ ਲੈਣ ਲਈ ਧਰਨੇ ਤੇ ਮੁਜਾਹਰੇ ਕਰਨੇ ਪੈਣ ਤਾਂ ਇਹੋ ਜਿਹੀ ਸਰਕਾਰ ਆਪਣੇ ਬੱਚਿਆਂ ਦੇ ਭਵਿੱਖ ਨੂੰ ਕਿਵੇ ਰੌਸਨ ਤੇ ਚੰਗੇਰਾ ਬਣਾ ਸਕਦੀ ਹੈ ? ਸ. ਮਾਨ ਨੇ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਅਤਿ ਗੰਭੀਰਤਾ ਨਾਲ ਹਲੂਣਾ ਦਿੰਦੇ ਹੋਏ ਕਿਹਾ ਕਿ ਹੋਰ ਖੇਤਰਾਂ ਵਿਚ ਤਾਂ ਹੁਕਮਰਾਨਾਂ ਵੱਲੋ ਲੰਮੇ ਸਮੇ ਤੋ ਅਣਗਹਿਲੀਆ ਕੀਤੀਆ ਜਾਂਦੀਆ ਆ ਰਹੀਆ ਹਨ । ਪਰ ਵਿਦਿਆ ਤੇ ਸਿਹਤ ਦੇ ਖੇਤਰ ਵਿਚ ਕਦਾਚਿਤ ਕਿਸੇ ਤਰ੍ਹਾਂ ਦੀ ਕੋਈ ਕਮੀ ਜਾਂ ਪ੍ਰਬੰਧਕ ਤਰੁੱਟੀਆ ਨਹੀ ਹੋਣੀਆ ਚਾਹੀਦੀਆ । ਕਿਉਂਕਿ ਇਹ ਦੋਵੇ ਮੁੱਦੇ ਕਿਸੇ ਸੂਬੇ ਦੇ ਵਿਦਿਆਥੀਆ ਤੇ ਨੌਜਵਾਨਾਂ ਨਾਲ ਸੰਬੰਧਤ ਹੈ । ਜਿਨ੍ਹਾਂ ਨੇ ਆਉਣ ਵਾਲੇ ਸਮੇ ਲਈ ਅਗਵਾਈ ਦੇਣੀ ਹੈ । ਇਸ ਲਈ ਸਰਕਾਰ ਪਹਿਲ ਦੇ ਆਧਾਰ ਤੇ ਜਿਨ੍ਹਾਂ ਵੀ ਸਕੂਲਾਂ ਵਿਚ ਪ੍ਰਿੰਸੀਪਲ ਤੇ ਮੁੱਖ ਅਧਿਆਪਕਾ ਦੀਆ ਖਾਲੀ ਅਸਾਮੀਆ ਪਈਆ ਹਨ ਉਨ੍ਹਾਂ ਦੀ ਤੁਰੰਤ ਪੂਰਤੀ ਕਰੇ ਅਤੇ ਵਿਦਿਆ ਦੇ ਪੱਧਰ ਨੂੰ ਪਹਿਲ ਦੇ ਆਧਾਰ ਤੇ ਚੰਗੇਰਾ ਬਣਾਏ । ਉਨ੍ਹਾਂ ਐਸ.ਜੀ.ਪੀ.ਸੀ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਦੇ ਪ੍ਰਧਾਨ ਤੇ ਕਮੇਟੀ ਨੂੰ ਵੀ ਜੋਰਦਾਰ ਗੁਜਾਰਿਸ ਕਰਦੇ ਹੋਏ ਕਿਹਾ ਕਿ ਜੋ ਐਸ.ਜੀ.ਪੀ.ਸੀ ਨਾਲ ਸੰਬੰਧਤ ਸਕੂਲ, ਕਾਲਜ ਤੇ ਵਿਦਿਅਕ ਸੰਸਥਾਵਾਂ ਹਨ ਉਨ੍ਹਾਂ ਵਿਚ ਇਸ ਗੱਲ ਦਾ ਉਚੇਚੇ ਤੌਰ ਤੇ ਖਿਆਲ ਰੱਖਿਆ ਜਾਵੇ ਕਿ ਉੱਚ ਵਿਦਿਆ ਹਾਸਿਲ ਅਧਿਆਪਕ, ਪ੍ਰਿੰਸੀਪਲ, ਮੁੱਖ ਅਧਿਆਪਕ ਲਗਾਏ ਜਾਣ ਤਾਂ ਕਿ ਉਹ ਆਪਣੇ ਪੰਜਾਬ ਦੇ ਬੱਚਿਆਂ ਨੂੰ ਸਹੀ ਦਿਸ਼ਾ ਵੱਲ ਤਾਲੀਮ ਦੇ ਕੇ ਪੰਜਾਬ ਸੂਬੇ ਦੀ ਆਉਣ ਵਾਲੇ ਸਮੇ ਵਿਚ ਅਗਵਾਈ ਕਰਨ ਦੇ ਸਮਰੱਥ ਬਣਾ ਸਕਣ ।