ਬਹੁਜਨ ਦ੍ਰਾਵਿੜ ਪਾਰਟੀ ਦੇ ਪ੍ਰਧਾਨ ਸ. ਜੀਵਨ ਸਿੰਘ ਐਡਵੋਕੇਟ ਦਾ ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਵੱਲੋ ਕੀਤਾ ਗਿਆ ਅਪਮਾਨ ਅਸਹਿ ਤੇ ਫਿਰਕੂ ਸੋਚ ਦਾ ਨਤੀਜਾ : ਮਾਨ
ਫ਼ਤਹਿਗੜ੍ਹ ਸਾਹਿਬ, 24 ਸਤੰਬਰ ( ) “ਤਾਮਿਲਨਾਡੂ ਦੇ ਇਕ ਗੁਰਸਿੱਖ ਇੰਡੀਅਨ ਨਿਵਾਸੀ ਸ. ਜੀਵਨ ਸਿੰਘ ਐਡਵੋਕੇਟ ਸੁਪਰੀਮ ਕੋਰਟ, ਪ੍ਰਧਾਨ ਬਹੁਜਨ ਦ੍ਰਾਵਿੜ ਪਾਰਟੀ ਨਾਲ ਦਿੱਲੀ ਹਵਾਈ ਅੱਡੇ ਤੇ ਜਦੋ ਉਹ ਸਿੰਘਾਪੁਰ ਦੀ ਉਡਾਨ ਭਰਨ ਜਾ ਰਹੇ ਸਨ, ਤਾਂ ਉਨ੍ਹਾਂ ਦੇ ਸਿੱਖੀ ਸਰੂਪ ਨੂੰ ਦੇਖ ਕੇ ਅਧਿਕਾਰੀਆ ਵੱਲੋ ਅਤਿ ਅਪਮਾਨਜਨਕ ਤੇ ਗੈਰ ਵਿਧਾਨਿਕ ਢੰਗ ਨਾਲ ਕੀਤੀ ਗਈ ਪੁੱਛਗਿੱਛ ਪ੍ਰਤੱਖ ਕਰਦੀ ਹੈ ਕਿ ਉਨ੍ਹਾਂ ਵੱਲੋ ਸਭ ਤਰ੍ਹਾਂ ਦੇ ਦਸਤਾਵੇਜ ਦਿਖਾਉਣ ਉਪਰੰਤ ਵੀ ਜੋ ਮੈਡਮ ਸਟੂਤੀ ਅਤੇ ਸ੍ਰੀ ਮੁਕੇਸ ਵੱਲੋ ਬੇਹੁੱਦਾ ਗੈਰ ਸਮਾਜਿਕ ਸ਼ਬਦਾਵਲੀ ਦੀ ਵਰਤੋ ਕਰਦੇ ਹੋਏ ਪ੍ਰਸਨ ਕੀਤੇ ਗਏ । ਜਿਸ ਨਾਲ ਉਨ੍ਹਾਂ ਦੀ ਸਵੈਇੱਜਤ ਨੂੰ ਡੂੰਘੀ ਸੱਟ ਪਹੁੰਚਦੀ ਸੀ, ਇਹ ਸ. ਜੀਵਨ ਸਿੰਘ ਉਤੇ ਨਹੀ ਬਲਕਿ ਸਿੱਖੀ ਤੇ ਹਮਲਾ ਕਰਨ ਦੇ ਤੁੱਲ ਹਿਰਦੇਵੇਧਕ ਅਤਿ ਨਿੰਦਣਯੋਗ ਕਾਰਵਾਈ ਹੈ । ਜਿਸ ਨੂੰ ਸਿੱਖ ਕੌਮ ਕਦਾਚਿਤ ਸਹਿਣ ਨਹੀ ਕਰ ਸਕਦੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਜੀਵਨ ਸਿੰਘ ਐਡਵੋਕੇਟ ਨਾਲ ਦਿੱਲੀ ਏਅਰਪੋਰਟ ਦੇ ਅਧਿਕਾਰੀਆ ਵੱਲੋ ਏਅਰਪੋਰਟ ਦੇ ਨਿਯਮਾਂ ਦਾ ਉਲੰਘਣ ਕਰਕੇ ਉਨ੍ਹਾਂ ਦੇ ਕੀਤੇ ਗਏ ਅਪਮਾਨ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸਦੀ ਉੱਚ ਪੱਧਰੀ ਜਾਂਚ ਕਰਵਾਕੇ ਸਿੱਖ ਧਰਮ ਤੇ ਸਿੱਖੀ ਨੂੰ ਠੇਸ ਪਹੁੰਚਾਉਣ ਵਾਲੇ ਕੱਟੜਵਾਦੀ ਅਧਿਕਾਰੀਆ ਵਿਰੁੱਧ ਸੀਮਤ ਸਮੇ ਵਿਚ ਕਾਨੂੰਨੀ ਅਮਲ ਕਰਨ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ. ਜੀਵਨ ਸਿੰਘ ਇਕ ਬਹੁਤ ਹੀ ਅੱਛੇ, ਸਹਿਜ ਸੁਭਾਅ, ਇੱਜਤਦਾਰ ਢੰਗ ਨਾਲ ਪੇਸ ਆਉਣ ਵਾਲੇ ਗੁਰਸਿੱਖੀ ਵਿਚ ਪੂਰਨ ਰੂਪ ਵਿਚ ਰੰਗੇ ਹੋਏ ਅੱਛੇ ਗੁਰਸਿੱਖ ਹਨ ਜਿਨ੍ਹਾਂ ਨੇ ਪਹਿਲਾ ਸਿੱਖ ਇਤਿਹਾਸ ਦਾ ਲੰਮਾਂ ਗਹਿਰਾ ਅਧਿਆਣ ਕੀਤਾ ਫਿਰ ਉਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਅੱਗੇ ਸਮਰਪਿਤ ਕਰਕੇ ਕੇਵਲ ਖੁਦ ਹੀ ਅੰਮ੍ਰਿਤ ਛੱਕ ਕੇ ਗੁਰਸਿੱਖ ਨਹੀ ਬਣੇ ਬਲਕਿ ਤਾਮਿਲਨਾਡੂ ਵਿਚ ਅਤਿ ਬਦਤਰ ਜਿੰਦਗੀ ਬਤੀਤ ਕਰਨ ਵਾਲੇ ਹਜਾਰਾਂ ਤਾਮਿਲਨਾਡੂ ਪੀੜ੍ਹਤ ਪਰਿਵਾਰਾਂ ਨੂੰ ਸਿੱਖੀ ਵਿਚ ਪ੍ਰਵੇਸ ਕਰਵਾਕੇ ਸਿੱਖੀ ਦੀ ਪ੍ਰਫੁੱਲਤਾ ਕਰਨ ਦੀਆਂ ਜਿੰਮੇਵਾਰੀਆ ਨਿਭਾਈਆ ਅਤੇ ਉਨ੍ਹਾਂ ਦੇ ਹੱਕ ਹਕੂਕਾ ਦੀ ਪ੍ਰਾਪਤੀ ਲਈ ਲੜਨਾ ਸੁਰੂ ਕੀਤਾ ਅਤੇ ਆਪਣੀ ਸਿਆਸੀ ਪਾਰਟੀ ਬਣਾਈ । ਉਨ੍ਹਾਂ ਕਿਹਾ ਕਿ ਹਵਾਈ ਅੱਡਿਆ ਦੇ ਨਿਯਮ ਦੇ ਮੈਨੂਅਲ ਕਿਸੇ ਵੀ ਇਨਸਾਨ ਦਾ ਅਪਮਾਨ ਕਰਨ ਦੀ ਕਤਈ ਇਜਾਜਤ ਨਹੀ ਦਿੰਦੇ । ਜੋ ਅਧਿਕਾਰੀਆ ਨੇ ਅਪਮਾਨਜਨਕ ਢੰਗ ਨਾਲ ਸ. ਜੀਵਨ ਸਿੰਘ ਨਾਲ ਵਿਵਹਾਰ ਕੀਤਾ ਹੈ, ਉਹ ਇਸ ਗੱਲ ਦੀ ਮੰਗ ਕਰਦੇ ਹਨ ਕਿ ਇਸ ਦੀ ਜਾਂਚ ਕਰਵਾਕੇ ਦੋਸ਼ੀਆਂ ਨੂੰ ਬਣਦੇ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ ਅਤੇ ਅਸੀ ਹੁਕਮਰਾਨਾਂ ਨੂੰ ਵੀ ਕਹਿਣਾ ਚਾਹਵਾਗੇ ਕਿ ਅਜਿਹੀ ਕਾਰਵਾਈ ਕਰਨ ਵਾਲੇ ਅਧਿਕਾਰੀਆ ਨੂੰ ਨੱਥ ਪਾਈ ਜਾਵੇ ਤਾਂ ਕਿ ਸਿੱਖ ਧਰਮ ਤੇ ਸਿੱਖੀ ਮਨੁੱਖਤਾ ਪੱਖੀ ਸੋਚ ਦੇ ਵਿਰੁੱਧ ਕੋਈ ਵੀ ਫਿਰਕੂ ਅਫਸਰ ਨਾ ਤਾਂ ਨਫਰਤ ਪੈਦਾ ਕਰ ਸਕੇ ਨਾ ਹੀ ਸਿੱਖੀ ਸਰੂਪ ਵਿਚ ਵਿਚਰਣ ਵਾਲੇ ਗੁਰਸਿੱਖਾਂ ਦਾ ਅਪਮਾਨ ਕਰਨ ਦੀ ਗੁਸਤਾਖੀ ਕਰ ਸਕੇ ।