ਮੋਦੀ ਦੀ ਮੁਤੱਸਵੀ ਹਕੂਮਤ ਵੱਲੋ ਸਿੱਖ ਸਰਧਾਲੂਆਂ ਦੀ ਪਾਕਿ ਯਾਤਰਾ ਤੇ ਲਗਾਈ ਰੋਕ ਫਿਰਕੂਪਣੇ ਦਾ ਨਿੰਦਣਯੋਗ ਅਮਲ : ਮਾਨ
ਫ਼ਤਹਿਗੜ੍ਹ ਸਾਹਿਬ, 16 ਸਤੰਬਰ ( ) “ਸਿੱਖ ਸਦੀਆਂ ਤੋ ਆਪਣੀ ਦੋਵੇ ਸਮੇ ਦੀ ਅਰਦਾਸ ਵਿਚ ਵਿਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸਨ ਦੀਦਾਰੇ ਦੀਆਂ ਅਰਜੋਈਆ ਕਰਦੇ ਆ ਰਹੇ ਹਨ । ਪਾਕਿਸਤਾਨ ਦੀ ਹਕੂਮਤ ਨੇ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਕੇ ਸਾਡੀ ਇਸ ਚਿਰਕੋਣੀ ਇੱਛਾ ਨੂੰ ਸੰਪੂਰਨ ਕਰਦੇ ਹੋਏ ਉਦਮ ਕੀਤੇ ਹਨ । ਹੁਣ ਜਦੋ ਬਣਾਉਟੀ ਹੜ੍ਹਾਂ ਰਾਹੀ ਪੰਜਾਬ, ਪੰਜਾਬੀਆਂ ਤੇ ਪਾਕਿਸਤਾਨ ਦੇ ਨਿਵਾਸੀਆ ਦਾ ਨੁਕਸਾਨ ਕੀਤਾ ਗਿਆ ਤਾਂ ਉਸ ਸਮੇ ਵੀ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਬੀਬੀ ਮਰੀਯਮ ਨੇ ਫੌਰੀ ਆਪਣੀ ਫੌਜ ਤੇ ਅਫਸਰਸਾਹੀ ਨੂੰ ਹੁਕਮ ਕਰਕੇ ਸ੍ਰੀ ਕਰਤਾਰਪੁਰ ਸਾਹਿਬ ਵਿਚ ਆਏ 8-8 ਫੁੱਟ ਪਾਣੀ ਨੂੰ ਸਾਫ ਕਰਵਾਉਦੇ ਹੋਏ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ ਕਰਵਾਉਣ ਦੀ ਜਿੰਮੇਵਾਰੀ ਨਿਭਾਈ । ਜਿਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਪਾਕਿਸਤਾਨ ਹਕੂਮਤ ਤੇ ਪਾਕਿਸਤਾਨੀਆ ਦੇ ਮਨ ਵਿਚ ਗੁਰੂਘਰਾਂ ਵਿਚ ਸਰਧਾਲੂਆਂ ਦੇ ਸਤਿਕਾਰ ਕਾਇਮ ਕਰਨ ਵਿਚ ਵੱਡਾ ਯੋਗਦਾਨ ਹੈ ਅਤੇ ਉਹ ਨਿਰੰਤਰ ਅਜਿਹੀਆ ਯਾਤਰਾਵਾ ਤੇ ਸਿੱਖਾਂ ਦਾ ਪੂਰਨ ਸਰਧਾ ਤੇ ਸਤਿਕਾਰ ਸਹਿਤ ਸਵਾਗਤ ਵੀ ਕਰਦੇ ਹਨ ਅਤੇ ਉਨ੍ਹਾਂ ਨੂੰ ਜੀ ਆਇਆ ਵੀ ਆਖਦੇ ਹਨ । ਪਰ ਇਹ ਹਿੰਦੂਤਵ ਹੁਕਮਰਾਨ ਸਿੱਖ ਸਰਧਾਲੂਆਂ ਦੇ ਸਤਿਕਾਰ ਨੂੰ ਸੱਟ ਮਾਰਕੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਮਹਾਨ ਮੌਕੇ ਤੇ ਸਿੱਖਾਂ ਦੇ ਜਾਣ ਵਾਲੇ ਜਥੇ ਦੀ ਯਾਤਰਾ ਉਤੇ ਰੋਕ ਲਗਾਕੇ ਹੁਕਮਰਾਨਾਂ ਨੇ ਸਿੱਖ ਕੌਮ ਪ੍ਰਤੀ ਨਫਰਤ ਦੀ ਭਾਵਨਾ ਨੂੰ ਉਜਾਗਰ ਕੀਤਾ ਹੈ । ਜਦੋਕਿ ਅਜਿਹੀਆ ਯਾਤਰਾਵਾ ਤੇ ਕੋਈ ਵੀ ਹੁਕਮਰਾਨ ਅਜਿਹੀਆ ਰੋਕਾਂ ਨਹੀ ਲਗਾ ਸਕਦਾ। ਕਿਉਂਕਿ ਇਹ ਗੁਰੂਘਰ ਸਰਬੱਤ ਦੇ ਭਲੇ ਤੇ ਮਨੁੱਖਤਾ ਦੀ ਬਿਹਤਰੀ ਲਈ ਅਮਲ ਵੀ ਕਰਦੇ ਹਨ ਅਤੇ ਅਰਦਾਸਾ ਵੀ ਕਰਦੇ ਹਨ । ਮੋਦੀ ਹਕੂਮਤ ਦੀ ਸਿੱਖ ਭਾਵਨਾਵਾ ਨੂੰ ਸੱਟ ਮਾਰਨ ਵਾਲੀ ਇਹ ਕਾਰਵਾਈ ਅਤਿ ਸ਼ਰਮਨਾਕ ਤੇ ਇਨਸਾਨੀਅਤ ਵਿਰੋਧੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦਿਹਾੜੇ ਤੇ ਮੋਦੀ ਹਕੂਮਤ ਵੱਲੋ ਮੰਦਭਾਵਨਾ ਅਧੀਨ ਯਾਤਰਾ ਤੇ ਲਗਾਈ ਗਈ ਰੋਕ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਇਸ ਨੂੰ ਫਿਰਕੂਪੁਣੇ ਦੀ ਸੋਚ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੇਸੱਕ ਇੰਡੀਅਨ ਹੁਕਮਰਾਨਾਂ ਨੇ ਸਾਡੇ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਉਤੇ ਪਾਬੰਦੀ ਲਗਾਕੇ ਅਸਹਿ ਤੇ ਅਕਹਿ ਜਬਰ ਕੀਤਾ ਹੈ, ਪਰ ਸਾਡੀ ਵਿਦੇਸ਼ਾਂ ਵਿਚ ਬੈਠੇ ਸਮੁੱਚੇ ਸਿੱਖਾਂ ਨੂੰ ਇਹ ਜੋਰਦਾਰ ਅਪੀਲ ਹੈ ਕਿ ਉਹ ਗੁਰੂ ਸਾਹਿਬ ਦੇ ਮਹਾਨ ਗੁਰਪੁਰਬ ਉਤੇ ਵੱਡੀ ਗਿਣਤੀ ਵਿਚ ਪਾਕਿਸਤਾਨ ਪਹੁੰਚਕੇ ਇਨ੍ਹਾਂ ਮੁਤੱਸਵੀ ਹੁਕਮਰਾਨਾਂ ਨੂੰ ਇਹ ਦੱਸ ਦੇਣ ਕਿ ਅਸੀ ਗੈਰ ਧਾਰਮਿਕ ਅਜਿਹੇ ਹੁਕਮਾਂ ਨੂੰ ਮੰਨਣ ਦੇ ਬਿਲਕੁਲ ਵੀ ਪਾਬੰਦ ਨਹੀ ਹਾਂ ਅਤੇ ਨਾ ਹੀ ਸਿੱਖ ਕੌਮ ਅਜਿਹੇ ਹੁਕਮਰਾਨਾਂ ਦੀ ਕਦੀ ਗੁਲਾਮ ਬਣੀ ਹੈ ਅਤੇ ਨਾ ਹੀ ਬਣੇਗੀ ।