ਕੌਮੀ ਗਦਾਰਾਂ ਦੀਆਂ ਬਰਸੀਆਂ ਮਨਾਉਣ ਵਾਲੇ ਹੀ ਅਸਲ ਵਿਚ ਸਿੱਖ ਕੌਮ ਰੂਪੀ ਸਰੀਰ ਨੂੰ ਚਿੰਬੜੀਆਂ ਜੋਕਾਂ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 26 ਅਗਸਤ ( ) “ਜਿਨ੍ਹਾਂ ਆਗੂਆਂ ਨੇ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਦੇ ਮੁਫਾਦਾਂ ਉਤੇ ਸੰਜ਼ੀਦਗੀ ਨਾਲ ਪਹਿਰਾ ਨਾ ਦੇ ਕੇ ਬੀਤੇ ਸਮੇ ਵਿਚ ਕਦੀ ਕਾਂਗਰਸ, ਕਦੀ ਭਾਜਪਾ, ਆਰ.ਐਸ.ਐਸ, ਫਿਰਕੂ ਜਮਾਤਾਂ ਨਾਲ ਆਪਣੇ ਸਿਆਸੀ, ਮਾਲੀ ਹਿੱਤਾ ਲਈ ਨਿੱਜੀ ਸੌਦੇਬਾਜੀਆ ਕਰਦੇ ਰਹੇ ਹਨ ਉਹ ਖੁਦ ਹੀ ਸਿੱਖ ਕੌਮ ਤੇ ਪੰਜਾਬੀਆਂ ਲਈ ਵੱਡੀਆਂ ਮੁਸ਼ਕਿਲਾਂ ਖੜ੍ਹੀਆ ਕਰਨ ਦੇ ਭਾਗੀ ਵੀ ਬਣਦੇ ਰਹੇ ਹਨ । ਉਨ੍ਹਾਂ ਗਦਾਰ ਆਗੂਆਂ ਦੀਆਂ ਬਰਸੀਆਂ ਮਨਾਉਣ ਵਾਲੇ ਭਾਵੇ ਬਾਦਲ ਦਲੀਏ ਹੋਣ, ਭਾਵੇ ਨਵੇ ਚੁੱਲੇ ਬਣਾਉਣ ਵਾਲੇ ਜਾਂ ਕੋਈ ਹੋਰ । ਇਹ ਸਭ ਪੰਜਾਬੀਆਂ ਤੇ ਸਿੱਖ ਕੌਮ ਰੂਪੀ ਸਰੀਰ ਨੂੰ ਜੋਕਾਂ ਹੀ ਚਿੰਬੜੀਆ ਹੋਈਆ ਹਨ । ਜਿਨ੍ਹਾਂ ਵੱਲੋ ਸਿੱਖ ਕੌਮ ਨੂੰ ਦਰਪੇਸ ਆ ਰਹੇ ਸੰਜੀਦਾ ਮਸਲਿਆ ਦੇ ਹੱਲ ਲਈ ਆਪਣੀਆ ਸਰਕਾਰਾਂ, ਵਜੀਰੀਆ ਹੰਢਾਉਦੇ ਹੋਏ ਕਦੀ ਵੀ ਕੋਈ ਅਮਲ ਨਹੀ ਕੀਤਾ ਗਿਆ । ਨਾ ਤਾਂ 30-30, 32-32 ਸਾਲਾਂ ਤੋ ਬੰਦੀ ਸਿੰਘਾਂ ਦੀ ਰਿਹਾਈ ਕਰਵਾਈ । ਸਿੱਖ ਨੌਜਵਾਨੀ ਦਾ ਜਾਬਰ ਪੁਲਿਸ ਅਫਸਰਾਂ ਤੋ ਘਾਣ ਕਰਵਾਉਦੇ ਰਹੇ, ਉਨ੍ਹਾਂ ਨੂੰ ਤਰੱਕੀਆ ਦਿੰਦੇ ਰਹੇ । ਪੰਜਾਬ ਦੇ ਖਜਾਨੇ ਦੀ ਲੁੱਟ ਖਸੁੱਟ ਕਰਦੇ ਰਹੇ । ਬੇਅਦਬੀਆ ਕਰਵਾਉਣ ਵਾਲੇ ਸਿਰਸੇਵਾਲੇ ਸਾਧ ਵਰਗੇ ਦੋਸ਼ੀਆਂ ਨੂੰ ਮੁਆਫ਼ ਕਰਵਾਉਣ ਦੇ ਦੁੱਖਦਾਇਕ ਅਮਲ ਕਰਦੇ ਰਹੇ । ਲਾਪਤਾ ਹੋਏ 328 ਪਾਵਨ ਸਰੂਪਾਂ ਦੀ ਜਾਂਚ ਕਰਵਾਉਣ ਤੇ ਲੱਭਣ ਲਈ ਬੁਰੀ ਤਰ੍ਹਾਂ ਅਸਫਲ ਹੋਏ । ਪੰਜਾਬੀਆਂ ਅਤੇ ਸਿੱਖ ਕੌਮ ਦੀ ਮਾਲੀ ਹਾਲਤ ਨੂੰ ਸੁਧਾਰਨ ਲਈ ਹਕੂਮਤਾਂ ਸਮੇ ਵੀ ਕੋਈ ਜਿੰਮੇਵਾਰੀ ਪੂਰਨ ਨਾ ਕਰ ਸਕੇ । ਕੇਵਲ ਤੇ ਕੇਵਲ ਆਪਣੀਆ ਧਨ ਦੌਲਤਾਂ ਦੇ ਭੰਡਾਰ ਇਕੱਤਰ ਕਰਨ, ਜਮੀਨਾਂ-ਜਾਇਦਾਦਾਂ ਬਣਾਉਣ ਅਤੇ ਪੰਜਾਬ ਤੇ ਸਿੱਖ ਕੌਮ ਵਿਰੋਧੀ ਸੋਚ ਰੱਖਣ ਵਾਲੀ ਅਫਸਰਸਾਹੀ ਦੀ ਸਰਪ੍ਰਸਤੀ ਕਰਦੇ ਰਹੇ । ਇਹੀ ਵਜਹ ਹੈ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਹੋਏ ਹੁਕਮਨਾਮੇ ਵਿਚ ਇਨ੍ਹਾਂ ਦੋਵਾਂ ਧੜਿਆ ਦੀ ਨਿਰਾਰਥਕ ਤੇ ਅਸਫਲ ਹੋਈ ਲੀਡਰਸਿਪ ਲਈ ਇਹ ਫੈਸਲਾ ਕੀਤਾ ਗਿਆ ਕਿ ਦੋਵੇ ਧੜਿਆ ਦੇ ਆਗੂ ਹੁਣ ਕੌਮ ਦੀ ਕਿਸੇ ਵੀ ਖੇਤਰ ਵਿਚ ਅਗਵਾਈ ਕਰਨ ਦਾ ਆਪਣਾ ਇਖਲਾਕੀ ਹੱਕ ਗੁਆ ਚੁੱਕੇ ਹਨ । ਇਸ ਹੁਕਮਨਾਮੇ ਨੂੰ ਦੋਵਾਂ ਧੜਿਆ ਵੱਲੋ ਇਨਬਿਨ ਲਾਗੂ ਨਾ ਕਰਕੇ ਇਸ ਵਿਚੋ ਆਪਣੇ ਸਿਆਸੀ ਤੇ ਮਾਲੀ ਸਵਾਰਥਾਂ ਦੀ ਪੂਰਤੀ ਕਰਨ ਵਿਚ ਮਸਰੂਫ ਰਹੇ ਅਤੇ ਸਿੱਖੀ ਸਿਧਾਤਾਂ ਤੋ ਭਗੌੜੇ ਹੋ ਚੁੱਕੇ ਹਨ ਅਤੇ ਦੋਵੇ ਧੜੇ ਹੀ ਸਿਆਸੀ ਸਤ੍ਹਾ ਹਥਿਆਉਣ ਲਈ ਤਰਲੋ ਮੱਛੀ ਹੋ ਰਹੇ ਹਨ । ਜੋ ਕਿ ਸਿੱਖ ਕੌਮ ਰੂਪੀ ਸਰੀਰ ਨੂੰ ਲਹੂ ਪੀਣ ਵਾਲੀਆ ਜੋਕਾਂ ਚਿੰਬੜੀਆ ਹੋਈਆ ਹਨ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਦਿਨ ਪਹਿਲੇ ਆਪਣੇ ਆਪ ਨੂੰ ਸਿਆਸੀ ਤੇ ਸਮਾਜਿਕ ਤੌਰ ਤੇ ਜੀਵਤ ਕਰਨ ਦੇ ਢਕਵੌਜ ਹੇਠ ਉਸ ਹਰਚੰਦ ਸਿੰਘ ਲੌਗੋਵਾਲ ਦੀ ਬਰਸੀ ਮਨਾਉਣ, ਜਿਨ੍ਹਾਂ ਨੇ ਸੈਟਰ ਦੇ ਹੁਕਮਰਾਨਾਂ ਨਾਲ ਸੌਦੇਬਾਜੀਆ ਹੀ ਕੀਤੀਆ ਖਾਲਸਾ ਪੰਥ ਤੇ ਪੰਜਾਬੀਆਂ ਦੇ ਹੱਕ ਹਕੂਕਾ ਦੀ ਪ੍ਰਾਪਤੀ ਕਰਨ ਵਿਚ ਕੋਈ ਜਿੰਮੇਵਾਰੀ ਨਾ ਨਿਭਾਈ, ਜਿਨ੍ਹਾਂ ਨੇ ਸਿੱਖ ਕੌਮ ਦੇ ਅੱਲ੍ਹੇ ਜਖਮਾਂ ਉਤੇ ਲੂਣ ਛਿੜਕਣ ਦੀ ਕਾਰਵਾਈ ਹੀ ਕੀਤੀ ਹੈ ਨਾ ਕਿ ਮੱਲ੍ਹਮ ਲਗਾਉਣ ਦੀ, ਦੇ ਸਮਾਗਮ ਕਰਨ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਸ ਲੀਡਰਸਿਪ ਨੂੰ ਸਿੱਖ ਕੌਮ ਦੀਆਂ ਜੋਕਾਂ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹੀ ਦਾਗੀ ਤੇ ਧੋਖਾ ਕਰਨ ਵਾਲੀ ਲੀਡਰਸਿਪ ਉਤੇ ਹੁਣ ਪੰਜਾਬੀਆਂ ਤੇ ਸਿੱਖ ਕੌਮ ਨੂੰ ਕਤਈ ਵਿਸਵਾਸ ਨਹੀ ਕਰਨਾ ਚਾਹੀਦਾ । ਜੋ ਅਕਸਰ ਹੀ ਸੈਟਰ ਦੀਆਂ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਮਾਰੂ ਤਾਕਤਾਂ ਨਾਲ ਮਿਲੀਭੁਗਤ ਕਰਕੇ ਸੂਬੇ ਦੇ ਨਿਵਾਸੀਆ ਦੀ ਭਾਵਨਾ ਨਾਲ ਖਿਲਵਾੜ ਕਰਨ ਵਿਚ ਮਸਰੂਫ ਹਨ । ਬਲਕਿ ਪੰਜਾਬੀਆਂ ਤੇ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਨੁੱਖਤਾ ਪੱਖੀ ਮਹਾਨ ਵਿਰਸੇ ਵਿਰਾਸਤ, ਸੱਭਿਆਚਾਰ ਅਤੇ ਫਖਰਨੁਮੇ ਹੋਏ ਵਰਤਾਰਿਆ ਉਤੇ ਦ੍ਰਿੜਤਾ ਨਾਲ ਪਹਿਰਾ ਦਿੰਦੇ ਹੋਏ 2027 ਦੀਆਂ ਪੰਜਾਬ ਦੀਆਂ ਚੋਣਾਂ ਲਈ ਸਮੂਹਿਕ ਤੌਰ ਤੇ ਅਜਿਹਾ ਮਾਹੌਲ ਤਿਆਰ ਕਰਨ ਵਿਚ ਯੋਗਦਾਨ ਪਾਉਣ ਜਿਸ ਨਾਲ ਇਥੇ ਕਾਂਗਰਸ, ਭਾਜਪਾ, ਆਰ.ਐਸ.ਐਸ, ਆਮ ਆਦਮੀ ਪਾਰਟੀ, ਬਾਦਲ ਦਲੀਏ ਅਤੇ ਨਵੇ ਚੁੱਲੇ ਵਾਲੇ ਸਭ ਸੈਟਰ ਦੇ ਹੱਥਠੋਕਿਆ ਦੀਆਂ ਸਾਜਿਸਾਂ ਦਾ ਅੰਤ ਕਰਕੇ ਇਥੇ ਸਰਬੱਤ ਦੇ ਭਲੇ ਵਾਲੀ ਹਲੀਮੀ ਰਾਜ ਦੇ ਸਭ ਗੁਣਾਂ ਤੇ ਅਧਾਰਿਤ ਪੰਥਕ ਤੇ ਲੋਕ ਪੱਖੀ ਸਰਕਾਰ ਬਣਾਈ ਜਾ ਸਕੇ । ਧੋਖੇ ਫਰੇਬ ਕਰਨ ਵਾਲੇ ਸਿਆਸਤਦਾਨਾਂ ਦੀ ਸਿਆਸੀ ਮੌਤ ਕਰਕੇ ਸਦਾ ਲਈ ਇਸ ਖੇਤਰ ਵਿਚ ਇਨ੍ਹਾਂ ਨੂੰ ਦਫਨਾਣਿਆ ਜਾ ਸਕੇ । ਤਦ ਹੀ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਦੀ ਬਿਹਤਰੀ ਵੱਲ ਉਦਮ ਹੋ ਸਕਣਗੇ ।
ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਸਮੁੱਚੇ ਸੂਝਵਾਨ ਪੰਜਾਬੀ ਤੇ ਸਿੱਖ ਕੌਮ ਹਰ ਤਰ੍ਹਾਂ ਦੇ ਦੁਨਿਆਵੀ ਧੜਿਆ ਦੀਆਂ ਲਾਲਸਾਵਾ ਆਦਿ ਤੋ ਰਹਿਤ ਰਹਿਕੇ ਉਪਰੋਕਤ ਦਾਗੀ ਹੋਏ ਸਿਆਸਤਦਾਨਾਂ ਤੋ ਦੂਰੀ ਬਣਾਕੇ ਨਵੀ ਨਿਰੋਈ ਪੰਥਕ ਸਿਧਾਤਾਂ ਤੇ ਪਹਿਰਾ ਦੇਣ ਵਾਲੀ ਅਤੇ ਮੀਰੀ ਪੀਰੀ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਸਮਰਪਿਤ ਹੋਣ ਵਾਲੀਆ ਧਿਰਾ ਦੇ ਸਹਿਯੋਗ ਨਾਲ 2027 ਵਿਚ ਪੰਥਕ ਸਰਕਾਰ ਕਾਇਮ ਕਰਨ ਵਿਚ ਆਪਣੀ ਮੋਹਰੀ ਭੂਮਿਕਾ ਨਿਭਾਉਣਗੇ ।