ਬਿਨ੍ਹਾਂ ਕਿਸੇ ਸਿਧਾਂਤ, ਸੋਚ ਅਤੇ ਨਿਸ਼ਾਨੇ ਤੋਂ ਕੋਈ ਵੀ ਕੌਮ ਆਪਣੀ ਮੰਜਿਲ ਤੇ ਨਹੀ ਪਹੁੰਚ ਸਕਦੀ : ਮਾਨ
ਫ਼ਤਹਿਗੜ੍ਹ ਸਾਹਿਬ, 19 ਅਗਸਤ ( ) “ਜਦੋਂ ਸਿੱਖ ਧਰਮ ਦਾ ਜਨਮ ਹੋਇਆ ਤਾਂ ਉਸ ਸਮੇ ਜਾਬਰ ਹੁਕਮਰਾਨ ਬਾਬਰ ਨੇ ਗੁਰੂ ਨਾਨਕ ਸਾਹਿਬ ਨੂੰ ਜੇਲ੍ਹ ਵਿਚ ਬੰਦੀ ਬਣਾ ਦਿੱਤਾ ਅਤੇ ਬਹੁਤ ਤਸੀਹੇ ਕਸਟ ਦਿੱਤੇ । ਉਦੋ ਤੋ ਲੈਕੇ ਅੱਜ ਤੱਕ ਸਾਡਾ ਸੰਘਰਸ ਆਪਣੀ ਅਣਖ ਗੈਰਤ ਨੂੰ ਕਾਇਮ ਰੱਖਣ ਅਤੇ ਆਪਣੀ ਕੌਮੀ ਆਜਾਦ ਹਸਤੀ ਦਾ ਬੋਲਬਾਲਾ ਕਰਨ ਲਈ ਚੱਲਦਾ ਆ ਰਿਹਾ ਹੈ । ਇਹ ਸੰਘਰਸ ਇਸ ਲਈ ਕੀਤਾ ਜਾਂਦਾ ਆ ਰਿਹਾ ਹੈ ਕਿ ਸਾਨੂੰ ਸਾਡੇ ਹਰ ਤਰ੍ਹਾਂ ਦੇ ਹੱਕ ਚਾਹੀਦੇ ਹਨ । ਇਸੇ ਸੋਚ ਸਿਧਾਤ ਅਧੀਨ ਪੰਜਵੇ ਪਾਤਸਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ਼ਹਾਦਤ ਦਿੱਤੀ । ਗੁਰੂ ਹਰਿ ਰਾਏ ਸਾਹਿਬ ਦੇ ਸਾਹਿਬਜਾਦੇ ਰਾਮ ਰਾਏ ਨੂੰ ਔਰੰਗਜੇਬ ਦੀ ਅਦਾਲਤ ਵਿਚ ਭੇਜਿਆ ਜਿਥੇ ਉਨ੍ਹਾਂ ਨੇ ਗੁਰਬਾਣੀ ਦੇ ਇਨ੍ਹਾਂ ਸ਼ਬਦਾਂ ‘ਮਿੱਟੀ ਮੁਸਲਮਾਨ ਕੀ ਪੇੜੇ ਪਏ ਘੁਮਿਆਰ’ ਦੇ ਸਥਾਂਨ ਤੇ ਗੁਰਬਾਣੀ ਨੂੰ ਬਦਲਕੇ ਮਿੱਟੀ ਬੇਈਮਾਨੀ ਕੀ ਕਿਹਾ । ਜਦੋ ਗੁਰੁ ਹਰਿ ਰਾਏ ਸਾਹਿਬ ਨੂੰ ਇਸ ਬਾਰੇ ਪਤਾ ਲੱਗਿਆ ਕਿ ਉਨ੍ਹਾਂ ਦੇ ਸਾਹਿਬਜਾਦੇ ਨੇ ਬਾਣੀ ਪਲਟ ਦਿੱਤੀ ਤਾਂ ਉਨ੍ਹਾਂ ਨੂੰ ਧਰਮ ਵਿਚੋ ਕੱਢ ਦਿੱਤਾ ਗਿਆ । ਬਾਅਦ ਵਿਚ ਇਸੇ ਸੋਚ ਦੇ ਮਾਲਕ ਜੋ ਮਸੰਦ ਕੌਮ ਵਿਚ ਪੈਦਾ ਹੋਏ ਤਾਂ ਦਸਵੇ ਪਾਤਸਾਹ ਨੇ ਉਨ੍ਹਾਂ ਨੂੰ ਗਰਮ ਕੜਾਹੇ ਵਿਚ ਸੁੱਟਕੇ ਖਤਮ ਕੀਤੇ । ਜਦੋ ਨੌਵੀ ਪਾਤਸਾਹੀ ਗੁਰੂ ਤੇਗ ਬਹਾਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਜਾਣਾ ਚਾਹੁੰਦੇ ਸੀ ਤਾਂ ਇਨ੍ਹਾਂ ਮਸੰਦਾ ਨੇ ਉਨ੍ਹਾਂ ਨੂੰ ਅੰਦਰ ਦਾਖਲ ਨਹੀ ਹੋਣ ਦਿੱਤਾ । ਪਰ ਉਨ੍ਹਾਂ ਦੇ ਫਖ਼ਰ ਵਾਲੇ ਇਤਿਹਾਸ ਦੇ ਨਾਮ ਤੇ ਸ੍ਰੀ ਦਰਬਾਰ ਸਾਹਿਬ ਅੰਦਰ ਗੁਰਦੁਆਰਾ ਸਜਿਆ ਹੋਇਆ ਹੈ । ਮੁਗਲਾਂ ਨੇ ਸਿੱਖਾਂ ਉਤੇ ਬਹੁਤ ਜ਼ਬਰ ਜੁਲਮ ਕੀਤੇ ਲੇਕਿਨ ਬਾਬਾ ਬੰਦਾ ਸਿੰਘ ਬਹਾਦਰ ਨੇ ਕੌਮੀ ਸਿਧਾਤਾਂ ਤੇ ਸੋਚ ਤੇ ਪਹਿਰਾ ਦਿੰਦੇ ਹੋਏ ਪਹਿਲੀ ਸਿੱਖ ਬਾਦਸਾਹੀ ਕਾਇਮ ਕੀਤੀ । ਉਸ ਉਪਰੰਤ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਸਥਾਪਿਤ ਹੋਇਆ, ਉਸ ਸਮੇ ਸਿੱਖਾਂ ਦੀ ਪੂਰੀ ਚੜ੍ਹਦੀ ਕਲਾਂ ਸੀ। ਸਿੱਖਾਂ ਨੇ 1819 ਵਿਚ ਅਫਗਾਨੀਸਤਾਨ ਫਤਹਿ ਕੀਤਾ ਅਤੇ ਅਫਗਾਨੀਸਤਾਨ ਦੇ ਬਾਦਸਾਹ ਸਾਹ ਸੂਜਾ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕੋਹਿਨੂਰ ਹੀਰਾ ਅਤੇ ਕਸਮੀਰ ਸੂਬਾ ਭੇਟ ਕੀਤੇ । ਇਨ੍ਹਾਂ ਵਰਤਾਰਿਆ ਤੋ ਖਾਲਸਾ ਪੰਥ ਦੇ ਸਿਧਾਂਤ, ਸੋਚ ਅਤੇ ਆਜਾਦ ਹਸਤੀ ਪ੍ਰਤੱਖ ਰੂਪ ਵਿਚ ਸਾਹਮਣੇ ਆਉਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਸਮੇ ਦੇ ਕੌਮੀ ਇਤਿਹਾਸ ਨੂੰ ਅਜੋਕੇ ਸਮੇ ਦੀ ਦਿਸ਼ਾਹੀਣ ਲੀਡਰਸਿਪ ਦੇ ਅਮਲਾਂ ਦਾ ਵੇਰਵਾ ਦਿੰਦੇ ਹੋਏ ਖਾਲਸਾ ਪੰਥ ਨੂੰ ਅਜੋਕੇ ਸਮੇ ਦੀ ਸਥਿਤੀ ਤੋ ਜਾਣਕਾਰੀ ਦੇਣ ਦੇ ਫਰਜ ਅਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋ ਬਾਅਦ ਅਫਰਾ-ਤਫਰੀ ਪੈ ਗਈ । ਆਰੀਆ ਸਮਾਜ, ਬ੍ਰਹਮ ਸਮਾਜ ਅਤੇ ਹਿੰਦੂਤਵ ਸੋਚ ਵਾਲੇ ਸਰਗਰਮ ਹੋ ਗਏ । ਜਿਨ੍ਹਾਂ ਦਾ ਮਕਸਦ ਸਿੱਖ ਧਰਮ ਨੂੰ ਆਪਣੇ ਵਿਚ ਜ਼ਜਬ ਕਰਨਾ ਸੀ । ਪਰ ਉਸ ਸਮੇ ਸਾਡੇ ਬਜੁਰਗ ਵਿਦਵਾਨ ਆਗੂ ਗਿਆਨੀ ਦਿੱਤ ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀਆ ਨੇ ਇਨ੍ਹਾਂ ਸੌੜੇ ਹਿੱਤਾ ਵਾਲੇ ਆਰੀਆ ਸਮਾਜੀਆ ਅਤੇ ਹਿੰਦੂਤਵ ਸੋਚ ਦਾ ਮੁਕਾਬਲਾ ਕਰਨ ਹਿੱਤ ਨਿਮਰਤਾ ਅਤੇ ਬਾਦਲੀਲ ਢੰਗ ਨਾਲ ਸਿੱਖ ਧਰਮ ਦਾ ਸਿੰਘ ਸਭਾ ਲਹਿਰ ਅਧੀਨ ਦੂਰ ਦੁਰਾਡੇ ਤੱਕ ਪ੍ਰਚਾਰ ਕਰਨ ਦੇ ਵੱਡੇ ਉਦਮ ਕੀਤੇ । 1909 ਵਿਚ ਆਨੰਦ ਮੈਰਿਜ ਐਕਟ ਅੰਗਰੇਜਾਂ ਸਮੇ ਹੋਦ ਵਿਚ ਆਇਆ, ਉਪਰੰਤ ਜਦੋ ਮੁਲਕ ਦੀ ਵੰਡ ਹੋਈ ਤਾਂ ਮੁਕਾਰਤਾ ਨਾਲ ਭਰੇ ਹੋਏ ਹਿੰਦੂ ਆਗੂਆ ਨੇ ਅੰਗਰੇਜ਼ਾਂ ਵੱਲੋ ਬਣਾਏ ਸਭ ਕਾਨੂੰਨ ਤਾਂ ਲਾਗੂ ਕਰ ਦਿੱਤੇ । ਪਰ ਆਨੰਦ ਮੈਰਿਜ ਐਕਟ 1909 ਨੂੰ ਕਾਨੂੰਨੀ ਮਾਨਤਾ ਦੇਣ ਤੋ ਨਾਂਹ ਕਰ ਦਿੱਤੀ ਅਤੇ ਬੇਈਮਾਨੀ ਕੀਤੀ । ਅੰਗਰੇਜਾ ਨੇ ਵੀ ਸਾਡੇ ਨਾਲ ਧੋਖਾ ਕੀਤਾ । 1984 ਵਿਚ ਬੀਜੇਪੀ, ਸੀ.ਪੀ.ਆਈ, ਸੀ.ਪੀ.ਐਮ ਆਦਿ ਸਭ ਹਿੰਦੂਤਵ ਜਮਾਤਾਂ ਨੇ ਬਲਿਊ ਸਟਾਰ ਦੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਸਮੇ ਇਕ ਦੂਸਰੇ ਦਾ ਸਾਥ ਦਿੱਤਾ । ਇਹ ਹਮਲਾ 72 ਘੰਟੇ ਚੱਲਦਾ ਰਿਹਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਤੇ ਉਨ੍ਹਾਂ ਦੇ ਸਾਥੀਆ ਨੇ ਦ੍ਰਿੜਤਾ ਤੇ ਸੰਜੀਦਗੀ ਨਾਲ ਫੌ਼ਜ ਦਾ ਮੁਕਾਬਲਾ ਕੀਤਾ । ਲੇਕਿਨ ਮੋਰਚਾ ਨਹੀ ਛੱਡਿਆ । ਜਦੋ ਗੋਲਾਬਾਰੀ ਵੱਡੇ ਪੱਧਰ ਤੇ ਸੁਰੂ ਹੋਈ ਤਾਂ ਦਰਬਾਰ ਸਾਹਿਬ ਅੰਦਰ ਸਥਿਤ ਮੀਰੀ ਪੀਰੀ ਦੇ ਦੋਵੇ ਨਿਸਾਨ ਸਾਹਿਬ ਦੇ ਵਿਚਕਾਰ ਆ ਕੇ ਸੰਤ ਭਿੰਡਰਾਂਵਾਲਿਆ ਨੇ ਆਪਣੀ ਸਹਾਦਤ ਦਿੱਤੀ। ਸੰਤ ਭਿੰਡਰਵਾਲਿਆ ਦੀ ਛਾਤੀ ਵਿਚ 72 ਗੋਲੀਆ ਲੱਗੀਆ ।
ਹੁਣ ਅਜੋਕੀ ਮੋਦੀ ਸਿਆਸਤ ਤੇ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਹਨ ਅਤੇ ਸਾਡੇ ਪੰਜਾਬ ਦੇ ਵੱਖ-ਵੱਖ ਅਕਾਲੀ ਦਲ ਦੇ ਆਗੂ ਰਾਜ ਭਾਗ ਪ੍ਰਾਪਤ ਕਰਨ ਹਿੱਤ ਅਤੇ ਮੁੱਖ ਮੰਤਰੀ ਬਣਨ ਦੇ ਨਿਸਾਨੇ ਨੂੰ ਲੈਕੇ ਗੱਲ ਕਰ ਰਹੇ ਹਨ ਜਿਵੇ ਬਾਦਲ ਦਲੀਏ, ਗਿਆਨੀ ਹਰਪ੍ਰੀਤ ਸਿੰਘ ਵਾਲਾ ਦਲ, ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਬਣਿਆ ਦਲ ਆਦਿ ਇਹ ਸਮਾਂ ਕੇਵਲ ਰਾਜ ਭਾਗ ਪ੍ਰਾਪਤ ਕਰਨ ਜਾਂ ਸੀ.ਐਮ ਦੇ ਅਹੁਦੇ ਨੂੰ ਹਥਿਆਉਣ ਦਾ ਨਹੀ ਬਲਕਿ ਕੌਮੀ ਮੰਜਿਲ ਖਾਲਿਸਤਾਨ ਦੀ ਆਜਾਦ ਸਟੇਟ ਨੂੰ 12 ਮਿਸਲਾਂ ਦੇ ਏਕੇ ਦੀ ਤਰ੍ਹਾਂ ਇਕ ਹੋ ਕੇ ਦੁਸਮਣ ਤੇ ਫਤਹਿ ਪਾਉਣ ਅਤੇ ਆਪਣੇ ਨਿਸਾਨੇ ਨੂੰ ਪ੍ਰਾਪਤ ਕਰਨ ਦਾ ਹੈ । ਪਰ ਸਾਨੂੰ ਸਮਝ ਨਹੀ ਆਉਦੀ ਕਿ ਇਹ ਸਭ ਵੱਖ-ਵੱਖ ਅਕਾਲੀ ਆਗੂ ਖਾਲਿਸਤਾਨ ਦੇ ਪਵਿੱਤਰ ਨਾਮ ਅਤੇ ਆਜਾਦ ਸਟੇਟ ਦੀ ਸੋਚ ਤੋ ਕਿਉ ਭੱਜ ਰਹੇ ਹਨ ? ਇਸ ਤਰ੍ਹਾਂ ਅਮਲ ਕਰ ਰਹੇ ਹਨ ਜਿਵੇ ਇਨ੍ਹਾਂ ਦੇ ਮਗਰ ਕੋਈ ਪਿਆ ਹੋਵੇ । ਜੇਕਰ ਕੋਈ ਸਿੱਖ ਕਾਂਗਰਸ ਵਿਚ ਹੈ ਉਹ ਦਿੱਲੀ ਵੱਲ ਦੇਖ ਰਿਹਾ ਹੈ, ਜੇ ਕੋਈ ਬੀਜੇਪੀ ਵਿਚ ਹੈ ਉਹ ਜੈ ਸ੍ਰੀ ਰਾਮ ਦੇ ਨਾਅਰੇ ਲਗਾਕੇ ਫਿਰਕੂ ਆਗੂਆ ਨੂੰ ਖੁਸ ਕਰ ਰਿਹਾ ਹੈ । ਜਦੋਕਿ ਸਿੱਖ ਕੌਮ ਦਾ ਇਤਿਹਾਸ ਤਾਂ ਫਖਰ ਵਾਲਾ ਹੈ ਅਤੇ ਬਹਾਦਰ ਕੌਮ ਹੈ । ਜੇਕਰ ਸਾਡੀ ਸਿੱਖ ਲੀਡਰਸਿਪ ਵੱਲੋ ਹਾਲਾਤਾਂ ਨੂੰ ਨਾ ਸਮਝਿਆ ਗਿਆ ਤਾਂ ਫਿਰ ਇਸ ਲੀਡਰਸਿਪ ਤੇ ਕੌਮ ਦਾ ਕੀ ਬਣੇਗਾ ? ਇਥੋ ਤੱਕ ਕਿ ਜੋ ਇਸ ਸਮੇ ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਕੁਲਦੀਪ ਸਿੰਘ ਗੜਗੱਜ ਹਨ ਉਹ ਵੀ ਖਾਲਸਾ ਪੰਥ ਵੱਲੋ ਦੁਰਕਾਰੇ ਜਾ ਚੁੱਕੇ ਬਾਦਲ ਦਲੀਆ ਦਾ ਸਾਥ ਦੇ ਰਹੇ ਹਨ । ਕੌਮੀ ਨਿਸਾਨੇ ਬਾਰੇ ਕੋਈ ਗੱਲ ਨਹੀ ਕੀਤੀ ਜਾ ਰਹੀ ।
ਇਥੋ ਤੱਕ ਇਨ੍ਹਾਂ ਵੱਲੋ ਪੰਜਾਬ ਦੇ ਦਰਿਆਵਾ ਦੇ ਪਾਣੀਆ, ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸਾਂ, ਸਜਾਵਾ ਪੂਰੀਆ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਤੋ ਬਾਹਰ ਰਹਿ ਗਏ ਪੰਜਾਬੀ ਬੋਲਦੇ ਇਲਾਕਿਆ, ਪੰਜਾਬੀ ਬੋਲੀ ਨੂੰ ਹਰਿਆਣਾ, ਰਾਜਸਥਾਂਨ, ਹਿਮਾਚਲ, ਦੂਜੇ ਸੂਬਿਆਂ ਵਿਚ ਬਤੌਰ ਦੂਜੀ ਭਾਸਾ ਦੇ ਲਾਗੂ ਕਰਵਾਉਣ, ਸਿੱਖ ਕੌਮ ਦੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਸਜਾਵਾ ਦਿਵਾਉਣ, ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਵੱਜੋ ਮਲਕੀਅਤ ਪ੍ਰਾਪਤ ਕਰਨ ਅਤੇ ਉਥੋ ਦੀਆ ਨੌਕਰੀਆ ਵਿਚ 60-40% ਦੀ ਪ੍ਰਤੀਸਤਾਂ ਨੀਤੀ ਨੂੰ ਲਾਗੂ ਕਰਨ ਦੇ ਗੰਭੀਰ ਮੁੱਦਿਆ ਉਤੇ ਨਾ ਤਾਂ ਕੋਈ ਅਮਲ ਹੋ ਰਿਹਾ ਹੈ ਨਾ ਹੀ ਉਪਰੋਕਤ ਸਿਆਸੀ ਜਥੇਬੰਦੀਆ ਤੇ ਆਗੂਆ ਵੱਲੋ ਕੋਈ ਸੰਜੀਦਾ ਕਾਰਵਾਈ ਕੀਤੀ ਜਾ ਰਹੀ ਹੈ । ਇਥੋ ਤੱਕ ਜਿਸ ਕੌਮਾਂਤਰੀ ਮੰਡੀ ਦੇ ਅਸੂਲਾਂ ਅਧੀਨ ਸਾਡੀਆ ਫਸਲਾਂ ਤੇ ਹੋਰ ਉਤਪਾਦ ਸਹੀ ਕੀਮਤਾਂ ਉਤੇ ਦੂਸਰੇ ਮੁਲਕਾਂ ਵਿਚ ਭੇਜੇ ਜਾਣ ਦੀ ਗੱਲ ਹੈ, ਉਸ ਲਈ ਹਿੰਦੂਤਵ ਹੁਕਮਰਾਨ ਸਾਡੀਆ ਅਟਾਰੀ, ਵਾਹਗਾ, ਸੁਲੇਮਾਨਕੀ ਆਦਿ ਸਰਹੱਦਾਂ ਨੂੰ ਵਪਾਰ ਲਈ ਨਹੀ ਖੋਲ੍ਹ ਰਹੇ ਅਤੇ ਨਾ ਹੀ ਆਗੂਆ ਵੱਲੋ ਇਸ ਲਈ ਆਵਾਜ ਉਠਾਈ ਜਾ ਰਹੀ ਹੈ । ਜਦੋਕਿ ਸਾਡੀ ਕਣਕ ਇਥੇ 2400 ਰੁਪਏ ਪ੍ਰਤੀ ਕੁਇੰਟਲ ਵਿਕਦੀ ਹੈ ਅਤੇ ਪਾਕਿਸਤਾਨ 3600 ਰੁਪਏ ਪ੍ਰਤੀ ਕੁਇੰਟਲ ਹੈ । ਜਦੋ ਵੀ ਇਨਸਾਫ ਪ੍ਰਾਪਤ ਕਰਨ ਦੀ ਵਾਰੀ ਆਉਦੀ ਹੈ ਤਾਂ ਹੁਕਮਰਾਨ ਤੇ ਅਦਾਲਤਾਂ ਇਕ ਹੋ ਜਾਂਦੀਆ ਹਨ । ਜੱਜਾਂ ਵੱਲੋ ਵੀ ਨਿਰਪੱਖਤਾ ਨਾਲ ਇਨਸਾਫ ਦੇਣ ਦੇ ਅਮਲ ਖਤਮ ਹੁੰਦੇ ਜਾ ਰਹੇ ਹਨ । ਜਦੋ ਵੀ ਕਸਮੀਰੀਆ, ਸਿੱਖਾਂ ਅਤੇ ਹੋਰ ਫਿਰਕੇ ਕਬੀਲਿਆ ਨਾਲ ਵਿਤਕਰੇ ਹੁੰਦੇ ਹਨ ਤਾਂ ਉਨ੍ਹਾਂ ਦੀ ਆਵਾਜ ਬੰਦ ਕਰਨ ਲਈ ਜਬਰ ਕੀਤਾ ਜਾਂਦਾ ਹੈ । ਇਹ ਹੋਰ ਵੀ ਦੁੱਖਦਾਇਕ ਵਰਤਾਰਾ ਹੋ ਰਿਹਾ ਹੈ ਕਿ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਸ੍ਰੀ ਮੋਦੀ ਤੇ ਉਸਦੀ ਜੂੰਡਲੀ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਨੂੰ ਕਤਲ ਕਰਨ, ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਰਚੀ ਗਈ ਅਤੇ ਇਨ੍ਹਾਂ ਮੁਲਕਾਂ ਅਮਰੀਕਾ, ਕੈਨੇਡਾ, ਬਰਤਾਨੀਆ ਤੇ ਪਾਕਿਸਤਾਨ ਦੀ ਪ੍ਰਭੂਸਤਾ ਨੂੰ ਵੀ ਚੁਣੋਤੀ ਦਿੱਤੀ ਗਈ ਅਤੇ ਅਮਰੀਕਾ ਦੀ ਮੁਨਰੋ ਡਾਕਟਰੀਨ ਦਾ ਘਾਣ ਕੀਤਾ ਗਿਆ । ਹੜ੍ਹਾਂ ਤੋ ਪ੍ਰਭਾਵਿਤ ਕਿਸਾਨਾਂ, ਮਜਦੂਰਾਂ ਅਤੇ ਹੋਰਨਾਂ ਨੂੰ ਬਣਦਾ ਮੁਆਵਜਾ ਨਹੀ ਦਿੱਤਾ ਜਾ ਰਿਹਾ ਜੋ ਕਿ ਪੰਜਾਬੀਆ ਤੇ ਸਿੱਖ ਕੌਮ ਨਾਲ ਅੱਜ ਵੀ ਵੱਡੇ ਵਿਤਕਰੇ ਜਬਰ ਹੋਣ ਦੀ ਗੱਲ ਪ੍ਰਤੱਖ ਹੈ । ਇਸ ਦੀ ਜਾਣਕਾਰੀ ਦੇਣਾ ਮੈਂ ਬਤੌਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਸੇਵਾਦਾਰ ਹੋਣ ਦੇ ਨਾਤੇ ਆਪਣਾ ਫਰਜ ਸਮਝਦਾ ਸੀ ਤਾਂ ਕਿ ਆਪਣੇ ਕੌਮੀ ਨਿਸਾਨੇ ਤੋ ਭਟਕੀ ਹੋਈ ਸਿੱਖ ਲੀਡਰਸਿਪ ਅਤੇ ਵੱਖ-ਵੱਖ ਦਲਾਂ ਦੁਆਰਾ ਪ੍ਰਚਾਰ ਤੇ ਪ੍ਰਸਾਰ ਰਾਹੀ ਗੁੰਮਰਾਹ ਕੀਤੀ ਜਾਣ ਵਾਲੀ ਸਿੱਖ ਕੌਮ ਨੂੰ ਸਹੀ ਜਾਣਕਾਰੀ ਮਿਲ ਸਕੇ ਅਤੇ ਉਹ ਉਸ ਅਕਾਲ ਪੁਰਖ ਦੇ ਸੱਚ ਨੂੰ ਮੁੱਖ ਰੱਖਦੇ ਹੋਏ ਕੌਮੀ ਨਿਸਾਨੇ ਖਾਲਿਸਤਾਨ ਤੇ ਦ੍ਰਿੜ ਹੋ ਕੇ ਆਪਣੀ ਮੰਜਿਲ ਵੱਲ ਵੱਧ ਸਕੇ ਅਤੇ ਆਪਣੇ ਨਾਲ ਹੋ ਰਹੀਆ ਹੁਣ ਤੱਕ ਦੀਆਂ ਬੇਇਨਸਾਫੀਆ ਤੇ ਜ਼ਬਰ ਜੁਲਮ ਨੂੰ ਬੰਦ ਕਰਵਾਉਣ ਵਿਚ ਸਮੂਹਿਕ ਤੌਰ ਤੇ ਸਾਨੂੰ ਸਾਥ ਦੇ ਕੇ ਭੂਮਿਕਾ ਨਿਭਾਅ ਸਕਣ ।