ਆਰ. ਨੇਤ ਨਾਮ ਦੇ ਗਾਇਕ ਵੱਲੋ .315 ਰਾਈਫਲ ਸੰਬੰਧੀ ਗਾਏ ਗਾਣੇ ਸੰਬੰਧੀ ਪੁਲਿਸ ਤੇ ਸਰਕਾਰ ਵੱਲੋ ਪ੍ਰੇਸਾਨ ਕਰਨਾ ਅਸਹਿ ਤੇ ਗੈਰ-ਕਾਨੂੰਨੀ : ਮਾਨ
ਫ਼ਤਹਿਗੜ੍ਹ ਸਾਹਿਬ, 18 ਅਗਸਤ ( ) “ਸਾਡੇ ਸਿੱਖ ਗੁਰੂ ਸਾਹਿਬਾਨ ਨੇ ਸਿੱਖ ਕੌਮ ਦੇ ਜਨਮ ਤੋ ਹੀ ਸਾਨੂੰ ਸਾਸਤਰ ਅਤੇ ਸ਼ਸਤਰ ਕਹਿਣ ਤੋ ਭਾਵ ਮਨੁੱਖਤਾ ਤੇ ਇਨਸਾਨੀਅਤ ਪੱਖੀ ਲਿਖੇ ਗ੍ਰੰਥ ਅਤੇ ਆਪਣੀ ਸੁਰੱਖਿਆ ਲਈ ਸ਼ਸਤਰਾਂ ਨੂੰ ਸਤਿਕਾਰ ਤੇ ਪਿਆਰ ਕਰਨ ਦੇ ਆਦੇਸ ਦਿੱਤੇ ਹਨ ਅਤੇ ਇਹ ਸ਼ਸਤਰ ਸਾਡੀ ਸਿੱਖ ਕੌਮ ਦੇ ਵਿਰਸੇ-ਵਿਰਾਸਤ ਸੱਭਿਆਚਾਰ ਦੇ ਅਮੀਰ ਵਿਰਸੇ ਦੇ ਪ੍ਰਤੀਕ ਹਨ । ਇਨ੍ਹਾਂ ਨੂੰ ਹਰ ਪੰਜਾਬੀ ਤੇ ਸਿੱਖ ਪਿਆਰ ਕਰਦਾ ਹੈ । ਫਿਰ ਅਜਿਹੇ ਵਿਸਿਆ ਉਤੇ ਤਾਂ ਅਕਸਰ ਹੀ ਜਦੋ ਤੋ ਦੁਨੀਆ ਹੋਦ ਵਿਚ ਆਈ ਹੈ, ਗਾਣੇ ਵੀ ਗਾਏ ਜਾਂਦੇ ਆਏ ਹਨ ਅਤੇ ਇਨ੍ਹਾਂ ਸੰਬੰਧੀ ਇਤਿਹਾਸ ਵੀ ਲਿਖਿਆ ਜਾਂਦਾ ਆ ਰਿਹਾ ਹੈ । ਇਹ ਸਾਡੇ ਇਤਿਹਾਸ ਤੇ ਵਿਰਸੇ ਦਾ ਮਹਾਨ ਹਿੱਸਾ ਹਨ । ਜੇਕਰ ਆਰ.ਨੇਤ ਨੇ .315 ਰਾਈਫਲ ਉਤੇ ਗਾਣਾ ਲਿਖਕੇ ਗਾਇਆ ਹੈ, ਤਾਂ ਉਸਨੇ ਕੋਈ ਕਾਨੂੰਨ ਜਾਂ ਸਮਾਜਿਕ ਨਿਯਮ ਜਾਂ ਕਿਸੇ ਤਰ੍ਹਾਂ ਦੇ ਤਹਿਜੀਬ, ਸਲੀਕੇ ਦਾ ਵਿਰੋਧ ਨਹੀ ਕੀਤਾ, ਬਲਕਿ ਆਪਣੇ ਸੱਭਿਆਚਾਰ, ਵਿਰਸੇ ਨੂੰ ਯਾਦ ਕਰਦੇ ਹੋਏ ਇਹ ਗੀਤ ਗਾਇਆ ਹੈ । ਫਿਰ ਸਮੇ ਦੀ ਪੁਲਿਸ ਤੇ ਹੁਕਮਰਾਨਾਂ ਵੱਲੋ .315 ਗੀਤ ਗਾਉਣ ਵਾਲੇ ਗਾਇਕ ਨੂੰ ਬਿਨ੍ਹਾਂ ਵਜਹ ਪ੍ਰੇਸਾਨ ਕਿਉਂ ਕੀਤਾ ਜਾ ਰਿਹਾ ਹੈ ? ਇਹ ਕਿਥੋ ਦਾ ਕਾਨੂੰਨ, ਤਹਿਜੀਬ ਤੇ ਸਲੀਕਾ ਹੈ ਕਿ ਕਿਸੇ ਸੱਭਿਆਚਾਰ ਵਿਰਸੇ ਨਾਲ ਸੰਬੰਧਤ ਗਾਣਾ ਗਾਉਣ ਜਾਂ ਲੇਖ ਲਿਖਣ ਵਾਲੇ ਨੂੰ ਮੁਤੱਸਵੀ ਸੋਚ ਅਧੀਨ ਹਕੂਮਤਾਂ ਤੇ ਪੁਲਿਸ ਤੰਗ ਪ੍ਰੇਸਾਨ ਕਰਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ .315 ਰਾਈਫਲ ਸੰਬੰਧੀ ਗਾਣਾ ਗਾਉਣ ਵਾਲੇ ਗਾਇਕ ਆਰ.ਨੇਤ ਨੂੰ ਤੰਗ ਪ੍ਰੇਸਾਨ ਕਰਨ ਦੇ ਪੁਲਿਸ ਵੱਲੋ ਅਪਣਾਏ ਜਾ ਰਹੇ ਗੈਰ ਕਾਨੂੰਨੀ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਸੰਬੰਧਤ ਪੁਲਿਸ ਨੂੰ ਇਸਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਸਿੱਖ ਸੱਭਿਆਚਾਰ ਅਤੇ ਵਿਰਸੇ ਸੰਬੰਧੀ ਗਾਉਣ ਵਾਲੇ ਗਾਇਕਾਂ ਜਾਂ ਲੇਖਕਾਂ ਨੂੰ ਇਸ ਤਰ੍ਹਾਂ ਪ੍ਰੇਸਾਨ ਕਰਨ ਦੇ ਅਮਲਾਂ ਤੋ ਤੋਬਾ ਨਾ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਇਸ ਗੈਰ ਕਾਨੂੰਨੀ ਤੇ ਸਿੱਖ ਕੌਮ ਵਿਰੋਧੀ ਅਮਲ ਲਈ ਕੋਈ ਵੱਡਾ ਐਕਸਨ ਕਰਨ ਲਈ ਮਜਬੂਰ ਹੋਣਾ ਪਵੇਗਾ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਰਕਾਰ ਤੇ ਪੁਲਿਸ ਆਰ.ਨੇਤ ਨੂੰ ਬਿਲਕੁਲ ਤੰਗ ਪ੍ਰੇਸਾਨ ਨਹੀ ਕਰੇਗੀ । ਇਹ ਗਾਇਕ ਸਾਡੀ ਕੌਮ ਦੇ ਫਖਰ ਭਰੇ ਇਤਿਹਾਸ ਨੂੰ ਦੁਹਰਾਉਦੇ ਹਨ ।