ਕਸ਼ਮੀਰੀ ਆਗੂ ਯਾਸੀਨ ਮਲਿਕ ਆਪਣੇ ਲੋਕ ਹੱਕਾਂ ਲਈ ਜਮਹੂਰੀਅਤ ਢੰਗ ਨਾਲ ਸੰਘਰਸ਼ ਕਰਨ ਵਾਲੇ ਇਨਸਾਨ ਹਨ, ਉਨ੍ਹਾਂ ਨੂੰ ਮੌਤ ਦੀ ਸਜ਼ਾ ਕਤਈ ਨਹੀ ਹੋਣੀ ਚਾਹੀਦੀ : ਮਾਨ
ਫ਼ਤਹਿਗੜ੍ਹ ਸਾਹਿਬ, 12 ਅਗਸਤ ( ) “ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਦਰਬਾਰ ਸਮੇਂ ਕਿਸੇ ਇਕ ਵੀ ਨਾਗਰਿਕ ਨੂੰ ਕਦੀ ਮੌਤ ਦੀ ਸਜ਼ਾ ਨਹੀ ਦਿੱਤੀ ਗਈ । ਬਲਕਿ ਸਾਡੇ ਇਸ ਰਾਜ ਨੇ ਮਨੁੱਖਤਾ ਵਿਰੋਧੀ ਇਸ ਸਜ਼ਾ ਨੂੰ ਸਦਾ ਲਈ ਖਤਮ ਕਰ ਦਿੱਤਾ ਸੀ । ਲੇਕਿਨ ਸਾਡੇ ਇਸ ਰਾਜ ਵਿਚ ਜਦੋ ਕੋਈ ਵੀ ਅਪਰਾਧਿਕ ਸੋਚ ਵਾਲਾ ਵਿਅਕਤੀ ਕਿਸੇ ਬੀਬੀ ਨਾਲ ਜ਼ਬਰੀ ਬਲਾਤਕਾਰ ਕਰਨ ਦੇ ਦੁੱਖਦਾਇਕ ਅਮਲ ਕਰਦਾ ਸੀ ਤਾਂ ਉਸ ਲਈ ਇਹ ਸਜ਼ਾ ਬਰਕਰਾਰ ਰੱਖੀ ਗਈ ਸੀ । ਜਦੋਕਿ ਯੂਰਪ ਵਿਚ ਵੀ ਮੌਤ ਦੀ ਸਜ਼ਾ ਬੰਦ ਨਹੀ ਸੀ ਕੀਤੀ ਗਈ । ਇਸ ਲਈ ਜੋ ਜਮਹੂਰੀਅਤ ਪੱਖੀ ਅਤੇ ਆਪਣੇ ਲੋਕ ਹੱਕਾਂ ਲਈ ਲੜਨ ਤੇ ਸੰਘਰਸ ਕਰਨ ਵਾਲੇ ਕਸਮੀਰੀ ਆਗੂ ਯਾਸੀਨ ਮਲਿਕ ਨੂੰ ਐਨ.ਆਈ.ਏ. ਦੀ ਅਦਾਲਤ ਵੱਲੋ ਫ਼ਾਂਸੀ ਦੀ ਸਜ਼ਾ ਦੇਣ ਦੀ ਸਿਫਾਰਿਸ ਕੀਤੀ ਗਈ ਹੈ, ਇਹ ਇਨਸਾਨੀਅਤ ਵਿਰੋਧੀ ਅਤੇ ਲੋਕਾਂ ਦੇ ਹੱਕਾਂ ਲਈ ਲੜਨ ਵਾਲੇ ਆਗੂ ਦੀ ਸੱਚ ਦੀ ਆਵਾਜ ਨੂੰ ਜਬਰੀ ਬੰਦ ਕਰਨ ਵਾਲੇ ਮਨੁੱਖਤਾ ਵਿਰੋਧੀ ਦੁੱਖਦਾਇਕ ਅਮਲ ਹਨ । ਉਹ ਇਕ ਇਮਾਨਦਾਰ, ਅੱਛੇ ਖਿਆਲਾਤਾਂ ਵਾਲੇ ਆਪਣੇ ਲੋਕਾਂ ਦੇ ਮਸੀਹਾ ਹਨ । ਅਜਿਹੇ ਇਨਸਾਨ ਨੂੰ ਮੰਦਭਾਵਨਾ ਅਧੀਨ ਹੁਕਮਰਾਨਾਂ ਵੱਲੋ ਅਤੇ ਅਦਾਲਤ ਵੱਲੋ ਫ਼ਾਂਸੀ ਦੀ ਸਜ਼ਾ ਦੇ ਅਮਲ ਕਰਨ ਦੀ ਕਾਰਵਾਈ ਅਸਹਿ ਅਤੇ ਅਤਿ ਨਿੰਦਣਯੋਗ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਸ਼ਮੀਰੀ ਆਗੂ ਸ੍ਰੀ ਯਾਸੀਨ ਮਲਿਕ ਨੂੰ ਹੁਕਮਰਾਨਾਂ ਵੱਲੋ ਅਤੇ ਐਨ.ਆਈ.ਏ. ਦੀ ਅਦਾਲਤ ਵੱਲੋ ਮੰਦਭਾਵਨਾ ਅਧੀਨ ਜ਼ਬਰੀ ਫ਼ਾਂਸੀ ਵੱਲ ਧਕੇਲਣ ਦੇ ਮਨੁੱਖਤਾ ਵਿਰੋਧੀ ਅਮਲਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਆਗੂ ਆਪਣੇ ਸੂਬੇ ਤੇ ਆਪਣੀ ਕੌਮ ਦੇ ਹੁਕਮਰਾਨਾਂ ਵੱਲੋ ਜਾਬਰ ਨੀਤੀਆ ਅਧੀਨ ਹੱਕਾਂ ਨੂੰ ਕੁੱਚਲਕੇ ਜ਼ਬਰ ਕਰਦੇ ਹਨ, ਉਸ ਵਿਰੁੱਧ ਦ੍ਰਿੜਤਾ ਤੇ ਬਾਦਲੀਲ ਢੰਗ ਨਾਲ ਆਵਾਜ ਉਠਾਉਣ ਵਾਲੇ ਕਿਸੇ ਵੀ ਲੋਕ ਆਗੂ ਨੂੰ ਇਸ ਤਰ੍ਹਾਂ ਦਿਮਾਗੀ ਅਤੇ ਸਰੀਰਕ ਤੌਰ ਤੇ ਤਸੱਦਦ ਕਰਨ ਦੇ ਜੁਲਮ ਗੈਰ ਕਾਨੂੰਨੀ ਅਤੇ ਗੈਰ ਇਨਸਾਨੀ ਹਨ । ਜਦੋ ਇਥੋ ਦਾ ਕਾਨੂੰਨ ਤੇ ਹੁਕਮਰਾਨ ਸੰਗੀਨ ਜੁਰਮਾਂ ਦੇ ਅਪਰਾਧੀ ਸਿਰਸੇਵਾਲੇ ਸਾਧ ਅਤੇ ਆਸਾਰਾਮ ਵਰਗੇ ਡੇਰਿਆ ਦੇ ਡੇਰੇਦਾਰ ਬਲਾਤਕਾਰੀ ਤੇ ਕਾਤਲਾਂ ਨੂੰ ਜੇਲ੍ਹਾਂ ਤੋ ਪੇਰੋਲ ਦੇ ਹੁਕਮ ਕਰ ਸਕਦੇ ਹਨ, ਤਾਂ ਲੋਕਾਂ ਦੇ ਹੱਕਾਂ ਲਈ ਲੜਨ ਵਾਲੇ ਅਤੇ ਲੋਕਾਂ ਦੀ ਆਵਾਜ ਉਠਾਉਣ ਵਾਲੇ ਆਗੂ ਨਾਲ ਅਜਿਹਾ ਅਮਲ ਗੈਰ ਕਾਨੂੰਨੀ ਅਤੇ ਗੈਰ ਇਨਸਾਨੀ ਹੀ ਕਿਹਾ ਜਾ ਸਕਦਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੰਗ ਕਰਦਾ ਹੈ ਕਿ ਹੁਕਮਰਾਨਾਂ ਵੱਲੋ ਜੋ ਕਸਮੀਰ ਵਿਚ ਕਸਮੀਰੀਆ ਨਾਲ ਲੰਮੇ ਸਮੇ ਤੋ ਜ਼ਬਰ ਜੁਲਮ ਹੁੰਦਾ ਆ ਰਿਹਾ ਹੈ ਅਤੇ ਉਨ੍ਹਾਂ ਦੇ ਵਿਧਾਨਿਕ ਹੱਕਾਂ ਨੂੰ ਕੁੱਚਲਕੇ ਉਥੇ ਫ਼ੌਜ ਅਤੇ ਹੋਰ ਪੈਰਾਮਿਲਟਰੀ ਫੋਰਸਾਂ ਰਾਹੀ ਜਬਰ ਢਾਹਿਆ ਜਾ ਰਿਹਾ ਹੈ ਉਸ ਨੂੰ ਬੰਦ ਕਰਕੇ ਉਨ੍ਹਾਂ ਦੇ ਆਗੂਆ ਨੂੰ ਬਾਇੱਜਤ ਰਿਹਾਅ ਕੀਤਾ ਜਾਵੇ । ਅਜਿਹਾ ਅਮਲ ਕਰਕੇ ਹੀ ਇਸ ਸਰਹੱਦੀ ਸੂਬੇ ਵਿਚ ਸਥਾਈ ਤੌਰ ਤੇ ਅਮਨ ਚੈਨ ਕਾਇਮ ਕੀਤਾ ਜਾ ਸਕਦਾ ਹੈ । ਵਰਨਾ ਹਾਲਾਤਾਂ ਨੂੰ ਹੋਰ ਵਿਸਫੋਟਕ ਬਣਾਉਣ ਲਈ ਹੁਕਮਰਾਨਾਂ ਦੇ ਅਜਿਹੇ ਫੈਸਲੇ ਸਿੱਧੇ ਤੌਰ ਤੇ ਜਿੰਮੇਵਾਰ ਹੋਣਗੇ ।