ਸਿੱਖ ਫੌ਼ਜ ਦੀ ਵਰਤੋਂ ਘਰੇਲੂ ਜੰਗ ਵਿਚ ਕਦਾਚਿਤ ਨਹੀ ਹੋਣੀ ਚਾਹੀਦੀ, ਕਿਉਂਕਿ ਇਸ ਵਰਤਾਰੇ ਨਾਲ ਦੂਜੇ ਵਰਗਾਂ ਵਿਚ ਸਿੱਖ ਕੌਮ ਪ੍ਰਤੀ ਨਫਰਤ ਫੈਲਦੀ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 11 ਅਗਸਤ ( ) “ਸੈਂਟਰ ਦੀ ਦਿੱਲੀ ਵਿਖੇ ਇੰਡੀਆ ਦੀ ਹੁਕਮਰਾਨ ਜਮਾਤ ਕੋਈ ਵੀ ਹੋਵੇ ਅਕਸਰ ਹੀ ਜਦੋ ਵੀ ਕਿਸੇ ਸੂਬੇ ਜਾਂ ਖੇਤਰ ਵਿਚ ਕਿਸੇ ਤਰ੍ਹਾਂ ਦੀ ਜਨਤਕ ਵਿਦਰੋਹ ਉੱਠਦਾ ਹੈ, ਤਾਂ ਹੁਕਮਰਾਨ ਉਸ ਵਿਦਰੋਹ ਨੂੰ ਦਬਾਉਣ ਲਈ ਅਕਸਰ ਹੀ ਸਿੱਖ ਫ਼ੌਜ ਨੂੰ ਅਜਿਹੀਆ ਥਾਵਾਂ ਤੇ ਭੇਜ ਦਿੰਦੇ ਹਨ ਜਿਸ ਨਾਲ ਸੰਘਰਸ ਕਰ ਰਹੇ ਕਿਸੇ ਵਰਗ, ਕੌਮ, ਫਿਰਕੇ ਦੇ ਮਨ-ਆਤਮਾ ਵਿਚ ਸਿੱਖ ਕੌਮ ਪ੍ਰਤੀ ਨਫਰਤ ਵੱਧ ਜਾਂਦੀ ਹੈ । ਜਦੋਕਿ ਸਿੱਖ ਕੌਮ ਦਾ ਅਜਿਹੇ ਵਰਗਾਂ ਤੇ ਕੌਮਾਂ ਨਾਲ ਨਿੱਜੀ ਤੌਰ ਤੇ ਕਿਸੇ ਤਰ੍ਹਾਂ ਦਾ ਵਿਰੋਧ ਆਦਿ ਨਹੀ ਹੁੰਦਾ । ਦੂਸਰਾ ਫ਼ੌਜ ਦੇ 2 ਕੰਮ ਹੁੰਦੇ ਹਨ ਅਮਨ ਚੈਨ ਵੇਲੇ ਜੰਗ ਦੀ ਟ੍ਰੇਨਿੰਗ ਲੈਣਾ ਅਤੇ ਜੰਗ ਵੇਲੇ ਜੰਗ ਲੜਨਾ । ਫਿਰ ਫ਼ੌਜ ਨੂੰ ਘਰੇਲੂ ਜੰਗ ਵਿਚ ਉਹ ਵੀ ਸਿੱਖ ਫ਼ੌਜ ਨੂੰ ਧਕੇਲਣ ਦੇ ਅਮਲ ਤਾਂ ਹੁਕਮਰਾਨਾਂ ਵੱਲੋ ਇਕ ਤੀਰ ਨਾਲ ਦੋ ਨਿਸ਼ਾਨੇ ਮਾਰਨ ਵਾਲੇ ਹੁੰਦੇ ਹਨ । ਇਕ ਤਾਂ ਬਗਾਵਤ ਦਬਾਅ ਦਿੱਤੀ ਜਾਂਦੀ ਹੈ ਦੂਸਰਾ ਸਿੱਖ ਕੌਮ ਪ੍ਰਤੀ ਸਮੁੱਚੇ ਮੁਲਕ ਵਿਚ ਨਫਰਤ ਪੈਦਾ ਕਰ ਦਿੱਤੀ ਜਾਂਦੀ ਹੈ । ਇਸ ਲਈ ਸਿੱਖ ਫ਼ੋਜ ਦੀ ਕਦੀ ਵੀ ਘਰੇਲੂ ਜੰਗ ਵਿਚ ਦੁਰਵਰਤੋ ਕਰਨ ਦੇ ਹੁਕਮ ਨਹੀ ਹੋਣੇ ਚਾਹੀਦੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਅਨ ਫ਼ੌਜ ਦੀ ਵਿਸੇਸ ਤੌਰ ਤੇ ਸਿੱਖ ਫੌ਼ਜਾਂ ਦੀ ਘਰੇਲੂ ਜੰਗ ਵਿਚ ਵਰਤੋ ਕਰਨ ਉਤੇ ਪੂਰਨ ਤੌਰ ਤੇ ਰੋਕ ਲੱਗਣ ਅਤੇ ਇਸ ਤਰ੍ਹਾਂ ਸਿੱਖ ਕੌਮ ਵਿਰੁੱਧ ਦੂਸਰੀਆਂ ਕੌਮਾਂ ਤੇ ਵਰਗਾਂ ਵਿਚ ਨਫਰਤ ਪੈਦਾ ਨਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਫ਼ੌਜਾਂ ਹਮੇਸ਼ਾਂ ਜਾਬਰ ਹਮਲਾਵਰਾਂ ਦਾ ਮੂੰਹ ਮੋੜਦੀਆ ਰਹੀਆ ਹਨ । ਭਾਵੇਕਿ ਉਹ ਅਬਦਾਲੀ ਹੋਵੇ, ਨਾਦਰ ਸ਼ਾਹ ਹੋਵੇ, ਦੁਰਾਨੀ ਹੋਵੇ ਆਦਿ ਹਰ ਜਾਬਰ ਨੂੰ ਇਥੋ ਭਜਾਉਦੀਆ ਰਹੀਆ ਹਨ । ਸ. ਮਾਨ ਨੇ ਆਪਣੇ ਵਿਚਾਰਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਕਿਹਾ ਕਿ ਹਿੰਦੂਤਵ ਹੁਕਮਰਾਨ ਆਪ੍ਰੇਸ਼ਨ ਸਿੰਧੂਰ ਸੰਬੰਧੀ ਕੌਮਾਂਤਰੀ ਪੱਧਰ ਤੇ ਆਪਣੇ ਪ੍ਰਚਾਰ ਸਾਧਨਾਂ ਰਾਹੀ ਬਹੁਤ ਵੱਡੇ-ਵੱਡੇ ਦਾਅਵੇ ਕਰ ਰਹੇ ਹਨ ਕਿ ਅਸੀ ਆਪਣੀਆ ਫ਼ੌਜਾਂ ਤੇ ਆਪਣੇ ਇੰਡੀਅਨ ਹਥਿਆਰਾਂ ਨਾਲ ਇਹ ਅਮਲ ਕੀਤਾ ਹੈ । ਜਦੋਕਿ ਇਸ ਆਪ੍ਰੇਸਨ ਵਿਚ ਰੂਸ ਦੀਆਂ ਐਸ-400 ਮਿਜਾਇਲਾਂ, ਬ੍ਰਹਮੋਸ, ਸੁਕੋਈ 30ਐਮ.ਕੇ.ਆਈ ਜੈਟ, ਟੀ-90 ਟੈਕ, ਏਕੇ 203 ਰਾਈਫਲ ਆਦਿ ਜੋ ਇਸ ਜੰਗ ਵਿਚ ਇਸਤੇਮਾਲ ਕੀਤੀਆ ਗਈਆ । ਇਸ ਤੋ ਇਲਾਵਾ ਇਨ੍ਹਾਂ ਨੂੰ ਏਅਰਫੋਰਸ ਦੀਆਂ 42 ਸੁਕਾਅਰਡਨ ਦੀ ਲੋੜ ਸੀ ਜਦੋਕਿ ਇਨਾਂ ਕੋਲ ਕੇਵਲ 29 ਸੁਕਾਅਰਡਨ ਹੀ ਸਨ । ਜਦੋਕਿ ਦੂਜੇ ਪਾਸੇ ਚੀਨ ਤੇ ਪਾਕਿਸਤਾਨ ਦੀਆਂ ਮਿਲਕੇ 93 ਸੁਕਾਅਰਡਨ ਸਨ । ਫਿਰ ਇਹ 29 ਸੁਕਾਅਰਡਨ 93 ਦਾ ਕਿਵੇ ਮੁਕਾਬਲਾ ਕਰ ਸਕਦੇ ਸਨ । ਜੋ ਇਹ ਕਹਿ ਰਹੇ ਹਨ ਕਿ ਅਸੀ ਇੰਡੀਅਨ ਹਥਿਆਰਾਂ ਨਾਲ ਜੰਗ ਲੜੀ ਹੈ । ਫਿਰ ਯੂ.ਏ.ਈ ਅਤੇ ਅਮਰੀਕਾ ਤੋ 72,400 ਰਾਈਫਲਾਂ ਖਰੀਦੀਆ। ਫਿਰ ਇਨ੍ਹਾਂ ਨੇ ਨੇਵੀ ਲਈ ਬਰਤਾਨੀਆ ਤੋ ਬਿਜਲਈ ਪ੍ਰੋਪਲਿਊਜਨ ਇੰਜਨ ਖਰੀਦਿਆ । ਇਹ ਤਾਂ ਅਜੇ ਤੱਕ ਆਪਣੇ ਜਹਾਜਾਂ ਲਈ ਇੰਜਨ ਵੀ ਤਿਆਰ ਨਹੀ ਕਰ ਸਕੇ । ਇਨ੍ਹਾਂ ਨੇ ਤੇਜਸ ਜਹਾਜ ਲਈ ਅਮਰੀਕਾ ਤੋ ਜਰਨਲ ਇਲੈਕਟ੍ਰਿਕ ਐਫ414 ਅਤੇ ਐਫ404 ਇੰਜਨ ਵੀ ਖਰੀਦੇ ਹਨ । ਫਿਰ ਅਮਰੀਕਾ ਤੋ ਟਰਾਸਪੋਰਟ ਲਈ ਚੀਨੂਕ ਅਤੇ ਅਪਾਚੀ ਜਹਾਜ ਖਰੀਦੇ ਹਨ । ਫਰਾਂਸ ਤੋ ਮਿਰਾਜ ਅਤੇ ਰਾਫੇਲ ਜੈਟ ਵੀ ਖਰੀਦੇ ਹਨ । ਸਪੇਨ ਤੋ ਵੀ ਜਹਾਜ ਖਰੀਦੇ ਹਨ । ਫਿਰ ਇਹ ਕਿਵੇ ਦਾਅਵਾ ਕਰ ਸਕਦੇ ਹਨ ਕਿ ਅਸੀ ਆਪਣੇ ਇੰਡੀਅਨ ਹਥਿਆਰਾਂ ਨਾਲ ਆਪ੍ਰੇਸ਼ਨ ਸਿੰਧੂਰ ਕੀਤਾ ਹੈ ?
ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਸਿੱਖ ਫ਼ੌਜ ਨੇ ਅਬਦਾਲੀ ਵਰਗੇ ਜਾਬਰ ਹਮਲਾਵਰਾਂ ਨੂੰ ਗਹਿਲਾ ਦੀ ਲੜਾਈ ਵਿਚੋ ਹਰਾਕੇ ਭੇਜਿਆ ਸੀ ਅਤੇ ਉਸ ਨੂੰ ਐਨੀਆ ਜਬਰਦਸਤ ਸੱਟਾਂ ਲੱਗੀਆ ਕਿ ਉਹ ਆਪਣਾ ਮੂੰਹ ਖੋਲਕੇ ਪਾਣੀ ਤੇ ਖਾਣਾ ਵੀ ਨਹੀ ਖਾ ਸਕਦਾ ਸੀ ਅਤੇ ਅੰਤ ਵਿਚ ਉਸਦੀ ਅਤਿ ਤਰਸਯੋਗ ਹਾਲਤ ਵਿਚ ਮੌਤ ਹੋਈ । ਇਥੇ ਇਹ ਵੀ ਵਰਨਣ ਕਰਨਾ ਜਰੂਰੀ ਹੈ ਕਿ ਕਸਮੀਰ ਸਾਡੇ ਲਾਹੌਰ ਖਾਲਸਾ ਰਾਜ ਦਰਬਾਰ ਦਾ ਹਿੱਸਾ ਸੀ ਜੋ ਅਸੀ (1799-1849) ਦੇ ਰਾਜ ਭਾਗ ਸਮੇ ਫਤਿਹ ਕੀਤਾ ਸੀ । ਅਫਗਾਨੀਸਤਾਨ ਦੇ ਬਾਦਸਾਹ ਸਾਹ ਸੂਜਾ ਨੇ ਆਪਣੇ ਕਸਮੀਰ ਦਾ ਸੂਬਾ ਅਤੇ ਕੋਹਿਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਤੇ ਲਾਹੌਰ ਦਰਬਾਰ ਨੂੰ ਭੇਟ ਕੀਤਾ ਅਤੇ ਕਦੇ ਵੀ ਬਰਤਾਨੀਆ ਤੇ ਰੂਸ ਦੀਆਂ ਫ਼ੌਜਾਂ ਉਸ ਅਫਗਾਨੀਸਤਾਨ ਨੂੰ ਫਤਹਿ ਨਹੀ ਕਰ ਸਕੀਆ । ਅਸੀ ਅੱਜ ਵੀ ਕਸਮੀਰ ਨੂੰ ਆਪਣਾ ਮੰਨਦੇ ਹਾਂ । ਫਿਰ ਕਸਮੀਰ ਦੀ ਘਰੇਲੂ ਜੰਗ ਵਿਚ ਸਿੱਖਾਂ ਨੂੰ ਜ਼ਬਰੀ ਕਿਉਂ ਧਕੇਲਿਆ ਜਾ ਰਿਹਾ ਹੈ ? ਅਗਨੀਵੀਰ ਯੋਜਨਾ ਬਾਰੇ ਸ. ਮਾਨ ਨੇ ਕਿਹਾ ਕਿ ਇਨ੍ਹਾਂ ਨੂੰ ਪਹਾੜੀ, ਜੰਗਲੀ, ਪਾਣੀ ਅਤੇ ਰੇਗਸਤਾਨ ਦੀ ਲੜਾਈ ਦੇ ਢੰਗ-ਤਰੀਕਿਆ ਬਾਰੇ ਕੋਈ ਜਾਣਕਾਰੀ ਨਹੀ । ਇਹ ਠੀਕ ਹੈ ਕਿ ਬੀਤੇ ਸਮੇ ਵਿਚ ਹਨੂੰਮਾਨ ਨੇ ਹਿਮਾਲਿਆ ਪਰਬਤ ਤੋ ਉਡਾਨ ਭਰਕੇ ਸ੍ਰੀਲੰਕਾ ਪਹੁੰਚ ਗਏ ਸਨ । ਪਰ ਅੱਜ ਦੇ ਅਜੋਕੇ ਸਾਇੰਸ ਯੁੱਗ ਵਿਚ ਇਹ ਆਪਣੀ ਫ਼ੌਜ ਵਿਚ ਅਜਿਹੀਆ ਤਰਕਹੀਣ ਗੱਲਾਂ ਨੂੰ ਕਿਵੇ ਲਾਗੂ ਕੀਤਾ ਜਾ ਸਕਦਾ ਹੈ ?
ਸ. ਮਾਨ ਨੇ ਹੁਣੇ ਹੀ ਕਸਮੀਰ ਵਿਚ ਸ਼ਹੀਦ ਹੋਏ ਸ. ਪ੍ਰਿਤਪਾਲ ਸਿੰਘ ਮਾਨੂੰਪੁਰ (ਸਮਰਾਲਾ) ਅਤੇ ਸ. ਹਰਮਿੰਦਰ ਸਿੰਘ ਬਦੀਨਪੁਰ (ਫਤਹਿਗੜ੍ਹ ਸਾਹਿਬ) ਸਿੱਖ ਫ਼ੌਜੀ ਸਨ ਜਿਨ੍ਹਾਂ ਨੂੰ ਘਰੇਲੂ ਜੰਗ ਵਿਚ ਧਕੇਲ ਕੇ ਹੁਕਮਰਾਨਾਂ ਨੇ ਸ਼ਹੀਦ ਹੋਣ ਲਈ ਮਜਬੂਰ ਕਰ ਦਿੱਤਾ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਨ੍ਹਾਂ ਦੋਵਾਂ ਸ਼ਹੀਦ ਨੌਜਵਾਨਾਂ ਨੂੰ ਕਾਰਗਿਲ ਜੰਗ ਦੇ ਸ਼ਹੀਦਾਂ ਦੀ ਤਰ੍ਹਾਂ ਹਰ ਸਹੂਲਤਾਂ ਪ੍ਰਦਾਨ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਇਨ੍ਹਾਂ ਦੇ ਪਰਿਵਾਰਾਂ ਵਿਚੋ 1 ਮੈਬਰ ਨੂੰ ਸਰਕਾਰੀ ਨੌਕਰੀ ਅਤੇ ਜੀਵਨ ਨਿਰਵਾਹ ਲਈ ਕਾਰੋਬਾਰ ਖੋਲਣ ਲਈ ਸਹਾਇਤਾ ਫੌਰੀ ਦਿੱਤੀ ਜਾਵੇ ।