ਹੜ੍ਹਾਂ ਤੋਂ ਪ੍ਰਭਾਵਿਤ ਅਬੋਹਰ, ਫਾਜਿਲਕਾ, ਕਪੂਰਥਲਾ ਇਲਾਕਿਆ ਵਿਚ ਡੀ.ਸੀ, ਐਸ.ਡੀ.ਐਮ ਆਦਿ ਅਧਿਕਾਰੀਆ ਵੱਲੋ ਪੀੜ੍ਹਤਾਂ ਦੀ ਸਾਰ ਨਾ ਲੈਣਾ ਅਤਿ ਦੁੱਖਦਾਇਕ : ਮਾਨ
ਫ਼ਤਹਿਗੜ੍ਹ ਸਾਹਿਬ, 08 ਅਗਸਤ ( ) “ਮੌਜੂਦਾ ਸਮੇ ਵਿਚ ਜੋ ਕੁਦਰਤੀ ਆਫਤਾ ਬਾਰਿਸਾਂ ਦੇ ਕਾਰਨ ਪੰਜਾਬ ਦੇ ਕਈ ਇਲਾਕਿਆ ਵਿਚ ਹੜ੍ਹਾਂ ਤੋ ਪ੍ਰਭਾਵਿਤ ਵੱਡੀ ਮੁਸਕਿਲ ਵਾਲੀ ਸਥਿਤੀ ਬਣੀ ਹੋਈ ਹੈ ਜਿਸ ਨਾਲ ਕਈ ਇਲਾਕਿਆ ਵਿਚ ਫ਼ਸਲਾਂ, ਘਰਾਂ, ਡੰਗਰ, ਮਾਲ ਦਾ ਵੱਡਾ ਨੁਕਸਾਨ ਹੋਇਆ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਇਸ ਔਖੀ ਘੜੀ ਵਿਚ ਸੰਬੰਧਤ ਡਿਪਟੀ ਕਮਿਸਨਰ, ਐਸ.ਡੀ.ਐਮ ਜਾਂ ਮਾਲ ਵਿਭਾਗ ਦੇ ਕੋਈ ਅਧਿਕਾਰੀ ਇਨ੍ਹਾਂ ਪੀੜ੍ਹਤਾਂ ਦੀ ਕੋਈ ਸਾਰ ਲੈਣ ਲਈ ਅੱਜ ਤੱਕ ਨਹੀ ਗਏ ਅਤੇ ਨਾ ਹੀ ਇਨ੍ਹਾਂ ਪੀੜ੍ਹਤ ਪਰਿਵਾਰਾਂ ਨੂੰ ਸਰਕਾਰ ਤੇ ਨਿਜਾਮ ਵੱਲੋ ਕੋਈ ਮਦਦ ਮਿਲੀ ਹੈ । ਜਦੋਕਿ ਵੱਡੇ ਪੱਧਰ ਤੇ ਉਨ੍ਹਾਂ ਦੀ ਬਾਸਮਤੀ ਅਤੇ ਨਰਮੇ ਦੀਆਂ ਫ਼ਸਲਾਂ ਪੂਰਨ ਰੂਪ ਵਿਚ ਤਬਾਹ ਹੋ ਗਈਆ ਹਨ, ਗਰੀਬਾਂ ਦੇ ਘਰ ਢਹਿ ਗਏ ਹਨ, ਉਨ੍ਹਾਂ ਕੋਲ ਰਹਿਣ ਲਈ ਅਤੇ ਖਾਂਣ ਪੀਣ ਲਈ ਕੋਈ ਪ੍ਰਬੰਧ ਨਹੀ ਹੈ । ਜਦੋ ਲੋਕ ਔਖੀ ਘੜੀ ਵਿਚ ਸਰਕਾਰ ਦਾ ਸਾਥ ਦਿੰਦੇ ਹਨ ਤਾਂ ਲੋਕਾਂ ਦੀ ਔਖੀ ਘੜੀ ਵਿਚ ਸਰਕਾਰ ਵੱਲੋ ਨਾ ਬੋਹੜਨਾ ਅਤਿ ਸਰਮਨਾਕ ਅਤੇ ਗੈਰ ਜਿੰਮੇਵਰਾਨਾ ਅਮਲ ਹਨ । ਜੋ ਕਿ ਅਸਹਿ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਬੋਹਰ, ਫਾਜਿਲਕਾ, ਫਿਰੋਜਪੁਰ, ਕਪੂਰਥਲਾ ਆਦਿ ਜਿ਼ਲ੍ਹਿਆਂ ਵਿਚ ਆਏ ਹੜ੍ਹਾਂ ਦੇ ਕਾਰਨ ਹੋਏ ਜਾਨੀ-ਮਾਲੀ ਨੁਕਸਾਨ ਦੀ ਸਰਕਾਰੀ ਤੌਰ ਤੇ ਤੁਰੰਤ ਮਦਦ ਕਰਨ ਦੀ ਗੰਭੀਰਤਾ ਭਰੀ ਅਪੀਲ ਕਰਦੇ ਹੋਏ ਅਤੇ ਇਨ੍ਹਾਂ ਪੀੜ੍ਹਤਾਂ ਦੀ ਸਾਰ ਲੈਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿਚ ਮਿਰਗਾ ਦੀ ਵੱਡੀ ਸੰਖਿਆ ਹੈ ਜਿਸ ਨੂੰ ਉਸ ਇਲਾਕੇ ਦੇ ਬਿਸਨੋਈ ਪੂਜਦੇ ਹਨ । ਜੋ ਬੀਤੇ ਸਮੇ ਵਿਚ ਮਿਰਗਾ ਦਾ ਕਤਲ ਹੋਇਆ ਹੈ ਉਸ ਸੰਬੰਧੀ ਸੰਬੰਧਤ ਐਸ.ਡੀ.ਐਮ, ਡਿਪਟੀ ਕਮਿਸਨਰ ਨੇ ਮਿਰਗਾ ਦੀ ਪੂਜਾ ਕਰਨ ਵਾਲੇ ਬਿਸਨੋਈ ਵਰਗ ਨੂੰ ਨਾ ਤਾਂ ਕੋਈ ਇਨਸਾਫ ਦਿੱਤਾ ਹੈ ਅਤੇ ਨਾ ਹੀ ਅੱਜ ਤੱਕ ਕੋਈ ਜੁਆਬ ਦਿੱਤਾ ਹੈ । ਇਸ ਲਈ ਇਹ ਬਿਸਨੋਈ ਵਰਗ ਵੀ ਸਰਕਾਰ ਦੀ ਗੈਰ ਜਿੰਮੇਵਰਾਨਾ ਕਾਰਵਾਈ ਤੋ ਡੂੰਘੇ ਖਫਾ ਹਨ । ਜੋ ਸਰਕਾਰਾਂ ਤੇ ਹਕੂਮਤਾਂ ਲੋਕਾਂ ਦੀ ਦੁੱਖ ਤਕਲੀਫ ਵਿਚ ਨਹੀ ਖੜ੍ਹਦੇ, ਤਾਂ ਲੋਕ ਵੀ ਅਜਿਹੀਆ ਕੁਤਾਹੀਆ ਹੋਣ ਦੀ ਬਦੌਲਤ ਸਰਕਾਰਾਂ ਅਤੇ ਨਿਜਾਮੀ ਅਫਸਰਾਂ ਦੇ ਵਿਰੋਧ ਵਿਚ ਡੱਟਕੇ ਖੜ੍ਹ ਜਾਂਦੇ ਹਨ ਜਿਸਦੇ ਨਤੀਜੇ ਕਦਾਚਿਤ ਸਾਰਥਕ ਨਹੀ ਹੋ ਸਕਦੇ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਬਹੋਰ, ਫਾਜਿਲਕਾ ਇਲਾਕੇ ਨਾਲ ਸੰਬੰਧਤ ਡਿਪਟੀ ਕਮਿਸਨਰ, ਐਸ.ਡੀ.ਐਮ ਆਦਿ ਅਧਿਕਾਰੀਆ ਨੂੰ ਤੁਰੰਤ ਪੀੜ੍ਹਤ ਪਰਿਵਾਰਾਂ ਦੀ ਸਾਰ ਲੈਣ ਤੇ ਨੁਕਸਾਨੀਆ ਗਈਆ ਫਸਲਾਂ ਦੀ ਜਮੀਨ ਦੀ ਗਿਰਦਾਵਰੀ ਕਰਕੇ ਉਨ੍ਹਾਂ ਨੂੰ ਮੁਆਵਜਾ ਦੇਣ ਅਤੇ ਜਿਨ੍ਹਾਂ ਦੇ ਘਰ ਢਹਿ ਗਏ ਹਨ ਉਨ੍ਹਾਂ ਨੂੰ ਘਰ ਬਣਾਉਣ ਲਈ ਤੁਰੰਤ ਮਦਦ ਦੇ ਕੇ ਸਹਾਇਤਾ ਕਰਨ ਦੀ ਜੋਰਦਾਰ ਅਪੀਲ ਕਰਦਾ ਹੈ ।