ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਸੰਸਥਾਂ ਤੇ ਨਾਮ ਦੀ ਦੁਰਵਰਤੋ ਕਰਕੇ ਸਿਆਸੀ ਤੌਰ ਤੇ ਆਪਣੇ ਆਪ ਨੂੰ ਜੀਵਤ ਰੱਖਣ ਵਾਲੇ ਆਗੂਆਂ ਤੇ ਜਮਾਤਾਂ ਤੇ ਲਗਾਈ ਰੋਕ ਸਵਾਗਤਯੋਗ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 06 ਅਗਸਤ ( ) “ਬਹੁਤ ਲੰਮੇ ਸਮੇ ਤੋ ਵੱਖ-ਵੱਖ ਅਕਾਲੀ ਦਲਾਂ ਤੇ ਸਿਆਸੀ ਜਮਾਤਾਂ ਨਾਲ ਸੰਬੰਧਤ ਉਹ ਆਗੂ ਜਿਨ੍ਹਾਂ ਨੇ ਬੀਤੇ ਸਮੇ ਵਿਚ ਸਿੱਖ ਕੌਮ ਤੇ ਪੰਜਾਬੀਆਂ ਨਾਲ ਵੱਡੇ ਧੋਖੇ ਫਰੇਬ ਕਰਕੇ, ਆਪਣੇ ਸਿਆਸੀ ਤੇ ਹਕੂਮਤੀ ਰੁਤਬਿਆ ਦੀ ਦੁਰਵਰਤੋ ਕਰਕੇ ਜਮੀਨਾਂ-ਜਾਇਦਾਦਾਂ ਦੇ ਗੈਰ ਕਾਨੂੰਨੀ ਢੰਗ ਨਾਲ ਕੇਵਲ ਭੰਡਾਰ ਹੀ ਇਕੱਤਰ ਨਹੀ ਕੀਤੇ ਬਲਕਿ ਸਿੱਖੀ ਸੰਸਥਾਵਾਂ ਦੇ ਮਾਣ-ਸਨਮਾਨ, ਮਰਿਯਾਦਾਵਾ, ਪ੍ਰੰਪਰਾਵਾਂ ਤੇ ਨਿਯਮਾਂ ਦਾ ਵੱਡੇ ਪੱਧਰ ਉਤੇ ਘਾਣ ਵੀ ਕਰਦੇ ਰਹੇ ਹਨ । ਆਪਣੇ ਸਿਆਸੀ ਅਤੇ ਮਾਲੀ ਸਵਾਰਥਾਂ ਦੀ ਪੂਰਤੀ ਲਈ ਇਹ ਆਗੂ ਸਿੱਖ ਨੌਜਵਾਨੀ ਦਾ ਕਤਲੇਆਮ ਕਰਵਾਉਣ, ਜ਼ਬਰ ਜਨਾਹ ਕਰਵਾਉਣ, ਬੇਅਦਬੀਆ ਕਰਵਾਉਣ ਅਤੇ ਸਿੱਖਾਂ ਦੇ ਕਾਤਲਾਂ ਨੂੰ ਅਤੇ ਬੇਅਦਬੀ ਕਰਵਾਉਣ ਵਾਲਿਆ ਨੂੰ ਬਚਾਉਣ ਦੇ ਅਮਲ ਕਰਕੇ ਇਹ ਲੋਕ ਸਿੱਖ ਕੌਮ ਵਿਚ ਪੂਰੀ ਤਰ੍ਹਾਂ ਮਨਫੀ ਹੋ ਚੁੱਕੇ ਹਨ । ਉਹ ਅਕਸਰ ਹੀ ਸਮੇ-ਸਮੇ ਤੇ ਸਾਡੇ ਮਹਾਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਦੀ ਦੁਰਵਰਤੋ ਕਰਕੇ ਸਿੱਖ ਕੌਮ ਵਿਚ ਆਪਣੇ ਆਪ ਨੂੰ ਸਥਾਪਿਤ ਕਰਨ ਦੀ ਤਾਕ ਵਿਚ ਰਹਿੰਦੇ ਹਨ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀ ਅਸਫਲ ਕੋਸਿਸ ਕਰਦੇ ਆ ਰਹੇ ਹਨ । ਇਸ ਹੋ ਰਹੇ ਗੈਰ ਧਾਰਮਿਕ ਅਤੇ ਗੈਰ ਸਮਾਜਿਕ ਅਮਲ ਨੂੰ ਸਖਤੀ ਨਾਲ ਰੋਕਣ ਲਈ ਪੰਥਕ ਸਖਸੀਅਤਾਂ ਅਤੇ ਪੰਥ ਦਾ ਦਰਦ ਰੱਖਣ ਵਾਲੇ ਸੁਹਿਰਦ ਸੰਗਠਨਾਂ ਵੱਲੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਹੋਰਨਾਂ ਜਥੇਦਾਰ ਸਾਹਿਬਾਨ ਨੂੰ ਇਸ ਹੋ ਰਹੀ ਦੁਰਵਰਤੋ ਨੂੰ ਰੋਕਣ ਲਈ ਉੱਚੀ ਆਵਾਜ ਉੱਠਦੀ ਆ ਰਹੀ ਸੀ । ਜਿਸ ਨੂੰ ਮੁੱਖ ਰੱਖਦੇ ਹੋਏ ਤਖਤ ਸਾਹਿਬਾਨਾਂ ਦੇ ਜਥੇਦਾਰ ਤੇ ਸਿੰਘ ਸਾਹਿਬਾਨਾਂ ਨੇ ਜੋ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਸੰਸਥਾਂ ਤੋ ਇਸ ਸੰਸਥਾਂ ਦੇ ਨਾਮ ਦੀ ਕਿਸੇ ਵੀ ਵੱਲੋ ਵਰਤੋ ਕਰਨ ਤੇ ਰੋਕ ਲਗਾਉਣ ਦਾ ਅਤੇ ਅਜਿਹੇ ਆਗੂਆ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਦਾ ਫੈਸਲਾ ਕੀਤਾ ਹੈ । ਉਹ ਸਵਾਗਤਯੋਗ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਭਰਪੂਰ ਪ੍ਰਸੰਸਾ ਕਰਦਾ ਹੈ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਤਖਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਤੇ ਸਿੰਘ ਸਾਹਿਬਾਨ ਵੱਲੋ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਮਹਾਨ ਸਥਾਂਨ ਤੇ ਕੀਤੇ ਗਏ ਦ੍ਰਿੜਤਾ ਪੂਰਵਕ ਉਸ ਫੈਸਲੇ ਜਿਸ ਵਿਚ ਸਿੰਘ ਸਾਹਿਬਾਨ ਨੇ ਕਿਸੇ ਵੀ ਆਗੂ ਅਤੇ ਸੰਗਠਨ ਆਦਿ ਨੂੰ ਸ੍ਰੀ ਅਕਾਲ ਤਖਤ ਸਾਹਿਬ ਆਦਿ ਦੇ ਨਾਮ ਦੀ ਵਰਤੋ ਕਰਨ ਤੇ ਧਾਰਮਿਕ ਨਿਯਮਾਂ ਅਨੁਸਾਰ ਰੋਕ ਲਗਾਈ ਹੈ, ਉਸਦਾ ਸਵਾਗਤ ਕਰਦੇ ਹੋਏ ਅਤੇ ਇਸੇ ਤਰ੍ਹਾਂ ਕੌਮ ਪੱਖੀ ਦ੍ਰਿੜ ਫੈਸਲੇ ਕਰਦੇ ਹੋਏ ਖਾਲਸਾ ਪੰਥ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਇਕੱਤਰ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਸ. ਟਿਵਾਣਾ ਨੇ ਅੱਗੇ ਚੱਲਕੇ ਕਿਹਾ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਮਹਾਨ ਸਥਾਂਨ ਤੇ ਜੋ ਅਕਾਲੀ ਦਲ ਬਾਦਲ ਅਤੇ ਇਸ ਤੋ ਬਾਗੀ ਤੇ ਦਾਗੋ ਦਾਗ ਹੋਈ ਲੀਡਰਸਿਪ ਸੰਬੰਧੀ ਫੈਸਲਾ ਕਰਦੇ ਹੋਏ ਕਿਹਾ ਗਿਆ ਸੀ ਕਿ ਇਨ੍ਹਾਂ ਦੋਵਾਂ ਦਲਾਂ ਦੀ ਸਮੁੱਚੀ ਲੀਡਰਸਿਪ ਸਿੱਖ ਕੌਮ ਦੀ ਕਾਤਲ ਤੇ ਦੋਸੀ ਹੈ ਅਤੇ ਇਨ੍ਹਾਂ ਨੂੰ ਹੁਣ ਕੋਈ ਇਖਲਾਕੀ ਹੱਕ ਨਹੀ ਕਿ ਉਹ ਸਿੱਖ ਕੌਮ ਦੀ ਕਿਸੇ ਤਰ੍ਹਾਂ ਦੀ ਧਾਰਮਿਕ ਜਾਂ ਸਿਆਸੀ ਅਗਵਾਈ ਕਰਨ । ਇਹ ਪੂਰਨ ਤੌਰ ਤੇ ਸਿੱਖ ਕੌਮ ਵੱਲੋ ਨਿਕਾਰੀ ਜਾ ਚੁੱਕੀ ਅਸਫਲ ਲੀਡਰਸਿਪ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ ਬਾਦਲ ਦਲੀਆ ਨੇ ਤਾਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਪ੍ਰਵਾਨ ਨਾ ਕਰਕੇ ਆਪਣੇ ਨਾ ਤਾਂ ਅਸਤੀਫੇ ਦਿੱਤੇ ਅਤੇ ਨਾ ਹੀ ਇਸ ਮਹਾਨ ਸੰਸਥਾਂ ਵੱਲੋ ਹੋਏ ਹੁਕਮਨਾਮਿਆ ਨੂੰ ਪੂਰਨ ਰੂਪ ਵਿਚ ਪ੍ਰਵਾਨ ਕੀਤਾ। ਬਲਕਿ ਸਿਆਸੀ ਤੌਰ ਤੇ ਜਾਬਰ ਢੰਗ ਨਾਲ ਜੀਵਤ ਰੱਖਣ ਲਈ ਆਪਣੇ ਹਊਮੈ ਨੂੰ ਪੱਠੇ ਪਾਉਦੇ ਹੋਏ ਇਨ੍ਹਾਂ ਵੱਲੋ ਬੋਗਸ ਭਰਤੀ ਕਰਕੇ ਆਪਣੇ ਆਪ ਨੂੰ ਆਪਣੀ ਜੀ ਹਜੂਰੀਆ ਵੱਲੋ ਪ੍ਰਧਾਨ ਚੁਣਵਾ ਦਿੱਤਾ ਗਿਆ । ਦੂਸਰੇ ਪਾਸੇ ਜੋ ਬਾਗੀਆ ਅਤੇ ਦਾਗੋ ਦਾਗ ਹੋਈ ਉਹ ਲੀਡਰਸਿਪ ਜਿਸਨੇ ਉਪਰੋਕਤ ਬਾਦਲ ਪਰਿਵਾਰ ਦੇ ਹਰ ਗੈਰ ਕਾਨੂੰਨੀ, ਗੈਰ ਧਾਰਮਿਕ ਹੁਕਮਾਂ ਤੇ ਕੁਕਰਮਾ ਨੂੰ ਪੂਰਨ ਕਰਨ ਵਿਚ ਸਾਥ ਦਿੱਤਾ, ਸਿੱਖ ਕੌਮ ਦਾ ਕਤਲੇਆਮ ਅਤੇ ਸਿੱਖੀ ਸੰਸਥਾਵਾਂ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ ਹਿੱਤ ਆਪਣੇ ਸਿਆਸੀ ਅਹੁਦਿਆ ਨੂੰ ਕਾਇਮ ਰੱਖਣ ਹਿੱਤ ਬਾਦਲ ਪਰਿਵਾਰ ਦੀ ਹਾਂ ਵਿਚ ਹਾਂ ਮਿਲਾਕੇ ਆਪਣੀ ਜਮੀਰ ਨੂੰ ਮੁਲੀਨ ਕੀਤਾ ਹੋਇਆ ਸੀ, ਉਹ 7 ਮੈਬਰੀ ਬਾਅਦ ਵਿਚ ਰਹਿ ਗਈ 5 ਮੈਬਰੀ ਕਮੇਟੀ ਦੇ ਅਖੌਤੀ ਨਾਮ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਦੀ ਦੁਰਵਰਤੋ ਕਰਕੇ ਇਹ ਵੀ ਆਪਣੀ ਬੋਗਸ ਢੰਗ ਨਾਲ ਭਰਤੀ ਕਰਕੇ ਆਪਣੇ ਆਪ ਨੂੰ ਸਿਆਸੀ ਤੌਰ ਤੇ ਜੀਵਤ ਕਰਨ ਲਈ ਤਰਲੋ ਮੱਛੀ ਹੁੰਦੇ ਆ ਰਹੇ ਸਨ । ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਕੋਈ ਅਜਿਹਾ ਅਕਾਲੀ ਦਲ ਬਣਾਉਣ ਜਾਂ ਪੰਥ ਵਿਚ ਵੰਡੀਆ ਪਾ ਕੇ ਆਪਣੀ ਹਊਮੈ ਨੂੰ ਜਿਊਦਾ ਰੱਖਣ ਦਾ ਕੋਈ ਅਧਿਕਾਰ ਨਹੀ ਦਿੱਤਾ ਗਿਆ ਸੀ । ਉਹ ਵੀ ਨਿਰੰਤਰ ਸਾਡੀ ਇਸ ਮਹਾਨ ਸੰਸਥਾਂ ਦੀ ਦੁਰਵਰਤੋ ਕਰਦੇ ਹੋਏ ਪੰਜਾਬੀਆ ਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀ ਅਸਫਲ ਕੋਸਿਸ ਕਰਦੇ ਆ ਰਹੇ ਸਨ । ਜਦੋਕਿ ਦੋਵੇ ਨਿਰਾਰਥਕ ਹੋ ਚੁੱਕੇ ਧੜਿਆ ਦੀ ਪੰਜਾਬੀਆਂ ਤੇ ਸਿੱਖ ਕੌਮ ਵਿਚ ਅੱਜ ਕੋਈ ਸਾਖ ਨਹੀ ਬਚੀ । ਜੋ ਸਿੰਘ ਸਾਹਿਬਾਨ ਨੇ ਮੌਕੇ ਦੀ ਨਜਾਕਤ ਅਤੇ ਖਾਲਸਾ ਪੰਥ ਦੀਆਂ ਭਾਵਨਾਵਾ ਨੂੰ ਮੱਦੇਨਜਰ ਰੱਖਦੇ ਹੋਏ ਦੂਰ ਅੰਦੇਸ਼ੀ ਵਾਲਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਕਾਇਮ ਕਰਨ ਵਾਲਾ ਫੈਸਲਾ ਕੀਤਾ ਹੈ । ਉਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੀ ਨਹੀ ਬਲਕਿ ਸੰਸਾਰ ਵਿਚ ਬੈਠਾ ਹਰ ਸਿੱਖ ਭਰਪੂਰ ਸਵਾਗਤ ਕਰਦਾ ਹੈ ਅਤੇ ਇਨ੍ਹਾਂ ਜਥੇਦਾਰ ਸਾਹਿਬਾਨ ਤੋ ਇਹ ਉਮੀਦ ਕਰਦਾ ਹੈ ਕਿ ਉਹ ਇਸੇ ਤਰ੍ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਕੌਮ ਦੀਆਂ ਮਰਿਯਾਦਾਵਾ, ਪੰ੍ਰਪਰਾਵਾ ਨੂੰ ਮੁੱਖ ਰੱਖਦੇ ਹੋਏ ਇਸ ਮਹਾਨ ਸੰਸਥਾਂ ਤੋ ਸਿੱਖ ਕੌਮ ਨੂੰ ਅਗਵਾਈ ਦਿੰਦੇ ਰਹਿਣਗੇ ਅਤੇ ਆਪਣੀਆ ਵੱਡੀਆ ਕੋਸਿਸਾਂ ਤੇ ਅਣਥੱਕ ਮਿਹਨਤ ਸਦਕਾ ਸਮੁੱਚੇ ਖਾਲਸਾ ਪੰਥ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਇਕੱਤਰ ਕਰਨ ਦੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਉਣਗੇ ।