ਸ੍ਰੀ ਸੱਤਿਆਪਾਲ ਮਲਿਕ ਜੋ 5 ਸਟੇਟਾਂ ਦੇ ਗਵਰਨਰ ਦੇ ਅਹੁਦੇ ਦੀ ਸੇਵਾ ਨਿਭਾਅ ਚੁੱਕੇ ਹਨ, ਉਨ੍ਹਾਂ ਦੇ ਹੋਏ ਅਕਾਲ ਚਲਾਣੇ ਤੇ ਸ. ਮਾਨ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
ਫ਼ਤਹਿਗੜ੍ਹ ਸਾਹਿਬ, 06 ਅਗਸਤ ( ) “ਸ੍ਰੀ ਸੱਤਿਆਪਾਲ ਮਲਿਕ ਜੋ ਕਿ ਮੌਜੂਦਾ ਹੁਕਮਰਾਨ ਪਾਰਟੀ ਬੀਜੇਪੀ ਨਾਲ ਸੰਬੰਧਤ ਸਨ, ਉਹ ਆਪਣੀ ਹਰਮਨਪਿਆਰੀ ਇਮਾਨਦਾਰ ਅਤੇ ਦ੍ਰਿੜ ਸਖਸ਼ੀਅਤ ਦੀ ਬਦੌਲਤ 5 ਸਟੇਟਾਂ ਬਿਹਾਰ, ਉੜੀਸਾ, ਜੰਮੂ-ਕਸਮੀਰ, ਗੋਆ ਅਤੇ ਮੇਘਾਲਿਆ ਸੂਬਿਆਂ ਦੇ ਬਤੌਰ ਗਵਰਨਰ ਦੀ ਸੇਵਾ ਨਿਭਾਅ ਚੁੱਕੇ ਹਨ ਜਿਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਕਦੀ ਵੀ ਅਜਿਹਾ ਕੋਈ ਗੈਰ ਕਾਨੂੰਨੀ, ਗੈਰ ਇਖਲਾਕੀ ਅਤੇ ਗੈਰ ਸਮਾਜਿਕ ਅਮਲ ਨਹੀ ਹੋਣ ਦਿੱਤਾ ਜਿਸ ਦੀਆਂ ਇਥੋ ਦੀਆਂ ਕਦਰਾਂ ਕੀਮਤਾਂ ਇਜਾਜਤ ਨਹੀ ਦਿੰਦੀਆ । ਬਲਕਿ ਆਪਣੀ ਜਿੰਮੇਵਾਰੀ ਨੂੰ ਨਿਰਪੱਖਤਾ ਨਾਲ ਲੋਕਾਂ ਦੇ ਹੱਕ ਵਿਚ ਦ੍ਰਿੜਤਾ ਨਾਲ ਫੈਸਲੇ ਲੈਦੇ ਹੋਏ ਨਿਭਾਉਦੇ ਰਹੇ ਹਨ । ਉਹ ਬੀਤੇ ਦਿਨੀਂ ਆਪਣੇ ਮਿਲੇ ਸਵਾਸਾਂ ਦੀ ਪੂੰਜੀ ਨੂੰ ਸੰਪੂਰਨ ਕਰਕੇ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਹਨ ਜਿਨ੍ਹਾਂ ਦੇ ਚਲੇ ਜਾਣ ਨਾਲ ਇਕ ਬਹੁਤ ਹੀ ਅੱਛੀ ਸਖਸ਼ੀਅਤ ਮੁਲਕ ਨਿਵਾਸੀਆ ਤੋ ਦੂਰ ਹੋ ਗਈ ਹੈ । ਉਨ੍ਹਾਂ ਦੇ ਇਸ ਅਕਾਲ ਚਲਾਣੇ ਉਤੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪਾਰਟੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਮਲਿਕ ਪਰਿਵਾਰ ਅਤੇ ਉਨ੍ਹਾਂ ਦੇ ਸੰਬੰਧੀਆਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ ਜਿਥੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ, ਉਥੇ ਸਭਨਾਂ ਨੂੰ ਭਾਣੇ ਵਿਚ ਵਿਚਰਣ ਦੀ ਸ਼ਕਤੀ ਬਖਸਿਸ ਕਰਨ ਦੀ ਅਰਜੋਈ ਵੀ ਕੀਤੀ ਹੈ ।”
ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਬੇਸੱਕ ਉਹ ਮੌਜੂਦਾ ਮੋਦੀ ਹਕੂਮਤ ਪਾਰਟੀ ਨਾਲ ਸੰਬੰਧਤ ਸਨ ਪਰ ਆਪਣੇ ਅੱਛੇ ਰੁਹਾਨੀਅਤ ਭਰੇ ਗੁਣਾਂ ਦੀ ਬਦੌਲਤ ਉਨ੍ਹਾਂ ਨੇ ਕਦੀ ਵੀ ਆਪਣੇ ਅਹੁਦਿਆ ਦੀ ਨਾ ਤਾਂ ਦੁਰਵਰਤੋ ਕੀਤੀ ਅਤੇ ਨਾ ਹੀ ਸਰਕਾਰ ਦੇ ਗੈਰ ਇਨਸਾਨੀ, ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਹੁਕਮਾਂ ਨੂੰ ਕਦੀ ਪ੍ਰਵਾਨ ਕੀਤਾ। ਬਲਕਿ ਉਹ ਜਿਥੇ ਵੀ ਮੁਲਕ ਵਿਚ ਕਿਸੇ ਵੀ ਕੌਮ, ਵਰਗ, ਫਿਰਕੇ, ਕਬੀਲੇ ਆਦਿ ਨਾਲ ਹਕੂਮਤੀ ਪੱਧਰ ਤੇ ਕੋਈ ਬੇਇਨਸਾਫ਼ੀ ਜਾਂ ਜ਼ਬਰ ਜੁਲਮ ਹੁੰਦਾ ਤਾਂ ਉਸ ਵਿਰੁੱਧ ਆਵਾਜ ਉਠਾਉਣ ਤੋ ਕਦੀ ਵੀ ਨਾ ਝਿਜਕੇ ਅਤੇ ਨਾ ਹੀ ਅਜਿਹੇ ਸਮੇ ਉਤੇ ਆਪਣੀ ਜਿੰਮੇਵਾਰੀ ਤੋ ਭੱਜੇ ਹਨ । ਜਦੋ ਸਮੁੱਚੇ ਇੰਡੀਆ ਵਿਚ ਕਿਸਾਨੀ ਮੰਗਾਂ ਦੇ ਹੱਕ ਵਿਚ ਅੰਦੋਲਨ ਚੱਲ ਰਿਹਾ ਸੀ, ਤਾਂ ਉਨ੍ਹਾਂ ਨੇ ਪੂਰੀ ਸਿੱਦਤ ਤੇ ਦ੍ਰਿੜਤਾ ਨਾਲ ਸ੍ਰੀ ਮੋਦੀ ਸਰਕਾਰ ਨੂੰ ਇਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਨ ਲਈ ਕੇਵਲ ਆਵਾਜ ਹੀ ਨਹੀ ਉਠਾਈ ਬਲਕਿ ਉਨ੍ਹਾਂ ਦੇ ਅੰਦੋਲਨਾਂ ਵਿਚ ਪੂਰੀ ਪਹੁੰਚ ਕਰਕੇ ਸਮਰੱਥਨ ਵੀ ਕਰਦੇ ਰਹੇ ਹਨ । ਜਿਥੇ ਵੀ ਕਿਸੇ ਸੂਬੇ ਵਿਚ ਕੋਈ ਗੈਰ ਕਾਨੂੰਨੀ ਅਮਲ ਹੁੰਦਾ ਸੀ ਤਾਂ ਉਹ ਉਸ ਵਿਰੁੱਧ ਪੂਰੀ ਤਨਦੇਹੀ ਤੇ ਦੁੱਖ ਦਰਦ ਨਾਲ ਆਪਣੀਆ ਇਨਸਾਨੀ ਤੇ ਵਿਧਾਨਿਕ ਜਿੰਮੇਵਾਰੀਆ ਨੂੰ ਪੂਰਨ ਕਰਨ ਵਿਚ ਫਖਰ ਮਹਿਸੂਸ ਕਰਦੇ ਸਨ ਅਜਿਹੀ ਆਤਮਾ ਦੀ ਹਰ ਮੁਲਕ, ਹਰ ਸੂਬੇ, ਪਿੰਡ ਤੇ ਸਹਿਰ ਨਿਵਾਸੀਆ ਨੂੰ ਹਮੇਸ਼ਾਂ ਸਖਤ ਲੋੜ ਹੁੰਦੀ ਹੈ । ਉਨ੍ਹਾਂ ਦੇ ਚਲੇ ਜਾਣ ਨਾਲ ਜੋ ਇੰਡੀਅਨ ਨਿਵਾਸੀਆ ਵਿਸੇਸ ਤੌਰ ਤੇ ਆਪਣੇ ਹੱਕ ਹਕੂਕਾ ਨੂੰ ਬਹਾਲ ਕਰਵਾਉਣ ਲਈ ਲੜਦੀਆ ਆ ਰਹੀਆ ਘੱਟ ਗਿਣਤੀ ਕੌਮਾਂ ਨੂੰ ਇਕ ਅਸਹਿ ਤੇ ਅਕਹਿ ਕਦੀ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਅਸੀ ਸਮੂਹਿਕ ਤੌਰ ਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ ।