ਬਫਰ ਸਟੇਟ ਨੂੰ ਹੋਦ ਵਿਚ ਲਿਆਉਣ ਤੋ ਬਿਨ੍ਹਾਂ ਦੱਖਣੀ ਏਸੀਆ ਵਿਚ ਅਮਨ ਚੈਨ ਕਾਇਮ ਨਹੀ ਹੋ ਸਕਦਾ : ਮਾਨ
ਫ਼ਤਹਿਗੜ੍ਹ ਸਾਹਿਬ, 30 ਜੁਲਾਈ ( ) “ਹਿੰਦੂਤਵ ਹੁਕਮਰਾਨਾਂ ਵੱਲੋ ਅਜਿਹੇ ਵਿਧਾਨ ਤੇ ਜਮਹੂਰੀਅਤ ਵਿਰੋਧੀ ਅਮਲ ਕੀਤੇ ਜਾ ਰਹੇ ਹਨ ਜਿਸ ਨਾਲ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਅਤੇ ਬਹੁਗਿਣਤੀ ਵਿਚ ਨਫਰਤ ਵੱਧੇ ਅਤੇ ਇਥੋ ਦੇ ਨਿਵਾਸੀ ਕਈ ਹਿੱਸਿਆ ਵਿਚ ਵੰਡੇ ਜਾਣ । ਅਜਿਹੇ ਅਮਲ ਇਥੋ ਦੇ ਨਿਵਾਸੀਆ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਦੀ ਬਜਾਇ ਅਸਤ-ਵਿਅਸਤ ਕਰਨ ਵਾਲੇ ਹਨ । ਦੂਸਰਾ ਹਿੰਦੂ ਕੱਟੜਵਾਦੀ ਸਭ ਧਰਮਾਂ, ਕੌਮਾਂ, ਵਰਗਾਂ ਨੂੰ ਖਤਮ ਕਰਕੇ ਕੇਵਲ ਹਿੰਦੂ ਧਰਮ ਤੇ ਹਿੰਦੂਤਵ ਸੋਚ ਨੂੰ ਹੀ ਮਜਬੂਤ ਕਰਨ ਵਿਚ ਮਸਰੂਫ ਹਨ। ਇਸੇ ਸੋਚ ਅਧੀਨ ਇਹ ਹੁਕਮਰਾਨ ਇੰਡੀਆ ਦਾ ਨਾਅ ਬਦਲਕੇ ਭਾਰਤ ਰੱਖਣ ਲਈ ਸਰਗਰਮ ਹਨ । ਜਿਸ ਨੂੰ ਸਿੱਖ ਕੌਮ ਕਤਈ ਪ੍ਰਵਾਨ ਨਹੀ ਕਰੇਗੀ । ਕਿਉਂਕਿ ਇਹ ਅਮਲ ਇਥੋ ਦੇ ਅਮਨ ਚੈਨ ਨੂੰ ਸੱਟ ਮਾਰਨ ਵਾਲੀ ਅਤੇ ਸਥਿਤੀ ਨੂੰ ਹੋਰ ਵਿਸਫੋਟਕ ਬਣਾਉਣ ਵਾਲੀ ਹੈ । ਜਿਸ ਨਾਲ ਇਥੇ ਵੱਡੇ ਪੱਧਰ ਤੇ ਅਰਾਜਕਤਾ ਫੈਲਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਹੁਕਮਰਾਨਾਂ ਵੱਲੋ ਇਥੇ ਕੱਟੜਵਾਦੀ ਸੋਚ ਅਧੀਨ ਇੰਡੀਆ ਦਾ ਨਾਮ ਬਦਲਕੇ ਭਾਰਤ ਰੱਖਣ ਅਤੇ ਘੱਟ ਗਿਣਤੀ ਕੌਮਾਂ, ਵਰਗਾਂ, ਧਰਮਾਂ ਨੂੰ ਖਤਮ ਕਰਨ ਦੀ ਸਾਜਿਸ ਅਧੀਨ ਕੀਤੇ ਜਾ ਰਹੇ ਅਮਲਾਂ ਵਿਰੁੱਧ ਦ੍ਰਿੜਤਾ ਨਾਲ ਸਟੈਂਡ ਲੈਦੇ ਹੋਏ ਅਤੇ ਹੁਕਮਰਾਨਾਂ ਦੀ ਅਜਿਹੀ ਕੱਟੜਵਾਦੀ ਸਾਜਿਸ ਨੂੰ ਕਤਈ ਵੀ ਕਾਮਯਾਬ ਨਾ ਹੋਣ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੇਵਲ ਸੰਪੂਰਨ ਪ੍ਰਭੂਸਤਾ ਵਾਲਾ ਸਿੱਖ ਰਾਜ ਵਾਲੇ ਬਫਰ ਸਟੇਟ ਨੂੰ ਕਾਇਮ ਕਰਕੇ ਹੀ ਇਥੇ ਅਤੇ ਪੂਰੇ ਦੱਖਣੀ ਏਸੀਆ ਖਿੱਤੇ ਵਿਚ ਸਥਾਈ ਤੌਰ ਤੇ ਅਮਨ ਚੈਨ ਨੂੰ ਕਾਇਮ ਕੀਤਾ ਜਾ ਸਕਦਾ ਹੈ । ਜੋ ਕਿ ਇਸਲਾਮਿਕ-ਪਾਕਿਸਤਾਨ, ਕਾਮਰੇਡ ਚੀਨ ਅਤੇ ਹਿੰਦੂ ਇੰਡੀਆ ਵਿਚਕਾਰ ਇਨ੍ਹਾਂ ਤਿੰਨੇ ਦੁਸਮਣ ਮੁਲਕਾਂ ਦੇ ਫ਼ੌਜੀ ਤੇ ਮਾਲੀ ਸੰਤੁਲਨ ਨੂੰ ਕਾਇਮ ਰੱਖਣ ਵਿਚ ਵੱਡਾ ਸਹਾਈ ਹੋਵੇਗਾ । ਇਸ ਲਈ ਸਭ ਵੱਡੇ ਮੁਲਕ ਅਮਰੀਕਾ, ਕੈਨੇਡਾ, ਬਰਤਾਨੀਆ, ਆਸਟ੍ਰੇਲੀਆ, ਚੀਨ ਅਤੇ ਕੌਮਾਂਤਰੀ ਸੰਸਥਾਵਾਂ ਯੂਐਨਓ, ਏਸੀਆ ਵਾਚ ਹਿਊਮਨਰਾਈਟਸ, ਅਮਨੈਸਟੀ ਇੰਟਰਨੈਸ਼ਨਲ ਆਦਿ ਸਭਨਾਂ ਨੂੰ ਪੂਰੀ ਸੰਜ਼ੀਦਗੀ ਤੇ ਇਮਾਨਦਾਰੀ ਨਾਲ ਉਪਰੋਕਤ ਤਿੰਨਾਂ ਮੁਲਕਾਂ ਵਿਚਕਾਰ ਸਿੱਖ ਕੌਮ ਦੇ ਬਿਨ੍ਹਾਂ ਤੇ ਸੰਪੂਰਨ ਪ੍ਰਭੂਸਤਾ ਖਾਲਸਾ ਰਾਜ ਜਿੰਨੀ ਜਲਦੀ ਕਾਇਮ ਹੋ ਸਕੇ ਕਰਨ ਲਈ ਬਤੌਰ ਬਫਰ ਸਟੇਟ ਦੇ ਉਦਮ ਕਰਨਾ ਬਣਦਾ ਹੈ । ਇਸ ਨਾਲ ਇਨਸਾਨੀ ਕਦਰਾਂ ਕੀਮਤਾਂ ਅਤੇ ਅਮਨ ਚੈਨ ਨੂੰ ਕਾਇਮ ਕਰਨ ਵਿਚ ਵੱਡਾ ਬਲ ਮਿਲੇਗਾ ਅਤੇ ਉਪਰੋਕਤ ਤਿੰਨੇ ਦੁਸਮਣ ਮੁਲਕਾਂ ਦੀ ਦੁਸ਼ਮਣੀ ਸਦਾ ਲਈ ਖਤਮ ਹੋ ਸਕੇਗੀ ।