ਰਾਜਸਥਾਂਨ ਦੀ ਬੀਜੇਪੀ ਸਰਕਾਰ ਨੂੰ ਵਿਧਾਨ ਦੀ ਰੌਸਨੀ ਵਿਚ ਉਦਮ ਕਰਕੇ ਸਭ ਵਰਗਾਂ ਨਾਲ ਬਰਾਬਰਤਾ ਦੇ ਆਧਾਰ ਤੇ ਅਮਲ ਕਰਨੇ ਹੋਣਗੇ : ਮਾਨ
ਫ਼ਤਹਿਗੜ੍ਹ ਸਾਹਿਬ, 30 ਜੁਲਾਈ ( ) “ਜਿਨ੍ਹਾਂ ਸਿਆਸਤਦਾਨਾਂ ਜਾਂ ਅਧਿਕਾਰੀਆਂ ਨੇ ਰਾਜਸਥਾਂਨ ਵਿਚ ਇਕ ਸਿੱਖ ਬੀਬੀ ਦੇ ਕਕਾਰਾਂ ਨੂੰ ਜ਼ਬਰੀ ਲੁਹਾਉਣ ਦੀ ਅਤਿ ਦੁੱਖਦਾਇਕ ਤੇ ਸ਼ਰਮਨਾਕ ਕਾਰਵਾਈ ਕੀਤੀ ਹੈ, ਉਹ ਸਭ ਸਿੱਖ ਕੌਮ ਅਤੇ ਕਾਨੂੰਨ ਦੇ ਦੋਸ਼ੀ ਹਨ । ਰਾਜਸਥਾਂਨ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਅਧਿਕਾਰੀਆ ਨੂੰ ਕਿਸੇ ਵੀ ਕਾਨੂੰਨੀ ਤੌਰ ਤੇ ਨਾ ਬਖਸਿਆ ਜਾਵੇ । ਬਲਕਿ ਮਿਸਾਲੀ ਸਜ਼ਾ ਦੇ ਕੇ ਅਜਿਹੇ ਹੋਣ ਵਾਲੇ ਫਿਰਕੂ ਵਰਤਾਰਿਆ ਨੂੰ ਬੰਦ ਕਰਵਾਉਣ ਵਿਚ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਰਾਜਸਥਾਂਨ ਵਿਚ ਇਕ ਗੁਰਸਿੱਖ ਅੰਮ੍ਰਿਤਧਾਰੀ ਬੀਬੀ ਵੱਲੋ ਉਥੋ ਦੀ ਇਕ ਯੂਨੀਵਰਸਿਟੀ ਵਿਚ ਜੂਡੀਸੀਅਲ ਸਰਵਿਸ ਦੇ ਪੇਪਰ ਦੇਣ ਸਮੇ ਮੌਜੂਦਾ ਫਿਰਕੂ ਅਧਿਕਾਰੀਆਂ ਵੱਲੋ ਉਸ ਸਿੱਖ ਬੀਬੀ ਦੇ ਜ਼ਬਰੀ ਕਕਾਰ ਲੁਹਾਉਣ ਅਤੇ ਸਿੱਖ ਕੌਮ ਦੇ ਇਨ੍ਹਾਂ ਕਕਾਰਾਂ ਦਾ ਅਪਮਾਨ ਕਰਨ ਵਿਰੁੱਧ ਸਖਤ ਸਟੈਂਡ ਲੈਦੇ ਹੋਏ ਅਤੇ ਅਧਿਕਾਰੀਆ ਨੂੰ ਤੁਰੰਤ ਸਖਤ ਸਜਾਵਾਂ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਆਰ.ਐਸ.ਐਸ ਮੁੱਖੀ ਸ੍ਰੀ ਮੋਹਨ ਭਗਵਤ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਜਿਸ ਰਾਜਸਥਾਂਨ ਦੇ ਮੁੱਖ ਮੰਤਰੀ ਦੀ ਅਕਲ ਉਤੇ ਇਸ ਗੰਭੀਰ ਵਿਸੇ ਉਤੇ ਪਰਦਾ ਪੈ ਚੁੱਕਾ ਹੈ, ਉਸ ਨੂੰ ਵਿਧਾਨ ਤੇ ਬਰਾਬਰਤਾ ਦੀ ਸੋਚ ਅਨੁਸਾਰ ਸਹੀ ਕਰਨ ਲਈ ਨਿਰਪੱਖਤਾ ਨਾਲ ਆਪਣੀ ਭੂਮਿਕਾ ਨਿਭਾਈ ਜਾਵੇ । ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਇਹ ਗੱਲ ਵੀ ਚੇਤੇ ਰੱਖਣੀ ਚਾਹੀਦੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਕਿਸੇ ਇਕ ਕੌਮ ਜਾਂ ਧਰਮ ਦੀ ਰੱਖਿਆ ਲਈ ਨਹੀ ਸੀ ਦਿੱਤੀ ਬਲਕਿ ਸਮੁੱਚੀ ਮਨੁੱਖਤਾ ਦੀ ਰੱਖਿਆ ਲਈ ਇਹ ਮਹਾਨ ਉਦਮ ਕੀਤੇ ਸਨ । ਉਨ੍ਹਾਂ ਨੇ ਜਨੇਊ ਪਹਿਨਣ ਦੀ ਰੱਖਿਆ ਕਰਕੇ ਸਭ ਵਰਗਾਂ, ਧਰਮਾਂ, ਕੌਮਾਂ ਦੇ ਹੱਕ ਹਕੂਕਾ ਦੀ ਰੱਖਿਆ ਕਰਨ ਅਤੇ ਹਰ ਤਰ੍ਹਾਂ ਦੀ ਬੇਇਨਸਾਫ਼ੀ ਵਿਰੁੱਧ ਦ੍ਰਿੜਤਾ ਨਾਲ ਆਵਾਜ ਉਠਾਉਣ ਦਾ ਅਸਲੀਅਤ ਵਿਚ ਮਨੁੱਖਤਾ ਨੂੰ ਸੰਦੇਸ ਦਿੱਤਾ ਸੀ । ਜਿਸ ਉਤੇ ਇਨ੍ਹਾਂ ਹਿੰਦੂਤਵ ਆਗੂਆ ਨੂੰ ਵੀ ਅਮਲੀ ਰੂਪ ਵਿਚ ਪਹਿਰਾ ਦੇਣਾ ਬਣਦਾ ਹੈ ਤਾਂ ਕਿ ਬਰਾਬਰਤਾ ਦੀ ਸੋਚ ਨੂੰ ਲਾਗੂ ਕਰਕੇ ਇਥੇ ਸਭ ਵਰਗਾਂ, ਕੌਮਾਂ, ਧਰਮਾਂ ਨੂੰ ਬਣਦੇ ਮਾਣ ਸਤਿਕਾਰ ਅਤੇ ਬਣਦਾ ਇਨਸਾਫ ਨਿਰੰਤਰ ਮਿਲਦਾ ਰਹੇ।