ਸ. ਜਸਕਰਨ ਸਿੰਘ ਕਾਹਨਸਿੰਘਵਾਲਾ ਅਤੇ ਸ. ਗੁਰਸੇਵਕ ਸਿੰਘ ਜਵਾਹਰਕੇ ਦੀ ਅੱਛੀ ਸਿਹਤਯਾਬੀ ਲਈ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ : ਮਾਨ
ਫ਼ਤਹਿਗੜ੍ਹ ਸਾਹਿਬ, 28 ਜੁਲਾਈ ( ) “ਕਿਉਂਕਿ ਅਸੀਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਖਾਲਸਾ ਪੰਥ ਦੇ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਲਈ ਲੰਮੇ ਸਮੇ ਤੋ ਪੀੜਾਂ ਭਰਿਆ ਅਤੇ ਮੁਸਕਿਲਾਂ ਭਰਿਆ ਸੰਘਰਸ ਕਰਦੇ ਆ ਰਹੇ ਹਾਂ । ਇਸ ਦੌਰਾਨ ਬਹੁਤ ਸਾਰੇ ਸਾਥੀ ਛੱਡ ਵੀ ਜਾਂਦੇ ਹਨ ਅਤੇ ਫਿਰ ਸਾਮਿਲ ਵੀ ਹੋ ਜਾਂਦੇ ਹਨ । ਪਰ ਜਦੋ ਅਜਿਹੇ ਸੰਘਰਸ਼ਾਂ ਵਿਚ ਕਿਸੇ ਆਤਮਾ ਵੱਲੋ ਲੰਮਾਂ ਸਮਾਂ ਸਾਥ ਦਿੱਤਾ ਗਿਆ ਹੋਵੇ ਤਾਂ ਅਜਿਹੀਆ ਆਤਮਾਵਾ ਦੇ ਪਾਰਟੀ ਛੱਡਣ ਤੋ ਬਾਅਦ ਵੀ ਪੁਰਾਤਨ ਯਾਦਾਂ ਇਕ-ਦੂਸਰੇ ਨੂੰ ਜਰੂਰ ਟੁੰਬਦੀਆਂ ਰਹਿੰਦੀਆ ਹਨ । ਭਾਵੇ ਉਪਰੋਕਤ ਦੋਵੇ ਆਗੂ ਅੱਜ ਸਾਡੀ ਪਾਰਟੀ ਵਿਚ ਨਹੀ ਹਨ । ਪਰ ਫਿਰ ਵੀ ਕਿਉਂਕਿ ਇਹ ਦੋਵੇ ਆਪਣੀਆ ਦੀਰਘ ਬਿਮਾਰੀਆ ਦੀ ਬਦੌਲਤ ਹਸਪਤਾਲਾਂ ਵਿਚ ਜੇਰੇ ਇਲਾਜ ਅਧੀਨ ਹਨ । ਅਸੀ ਆਪਣੇ ਇਨਸਾਨੀ ਤੇ ਕੌਮੀ ਫਰਜਾਂ ਉਤੇ ਪਹਿਰਾ ਦਿੰਦੇ ਹੋਏ ਸ. ਜਸਕਰਨ ਸਿੰਘ ਕਾਹਨਸਿੰਘਵਾਲਾ ਅਤੇ ਸ. ਗੁਰਸੇਵਕ ਸਿੰਘ ਜਵਾਹਰਕੇ ਦੋਵਾਂ ਦੀ ਜਲਦੀ ਅਤੇ ਅੱਛੀ ਸਿਹਤਯਾਬੀ ਲਈ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਜੋਈ ਕਰਦੇ ਹਾਂ ਕਿ ਉਹ ਫਿਰ ਤੋ ਸਰੀਰਕ ਤੇ ਮਾਨਸਿਕ ਤੌਰ ਤੇ ਨੌ-ਬ-ਨੌ ਹੋ ਕੇ ਆਪਣੇ ਪਰਿਵਾਰਾਂ ਤੇ ਸਮਾਜ ਵਿਚ ਵਿਚਰਣ ਅਤੇ ਕੌਮ ਦੇ ਆਜਾਦੀ ਦੇ ਨਿਸ਼ਾਨੇ ਤੇ ਦ੍ਰਿੜ ਹੋ ਕੇ ਸਾਨੂੰ ਸਹਿਯੋਗ ਕਰਨ ।”
ਇਹ ਅਰਦਾਸ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਆਪਣੇ ਮੁੱਖ ਦਫਤਰ ਤੋ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਰਾਹੀ ਪ੍ਰੈਸ ਦੇ ਨਾਮ ਭੇਜੇ ਇਕ ਬਿਆਨ ਵਿਚ ਉਪਰੋਕਤ ਦੋਵੇ ਸਿਆਸੀ ਆਗੂਆਂ ਦੀ ਅੱਛੀ ਸਿਹਤਯਾਬੀ ਲਈ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਦਾਸ ਕਰਦੇ ਹੋਏ ਅਤੇ ਨੌ-ਬ-ਨੌ ਹੋ ਕੇ ਕੌਮ ਦੀ ਆਜਾਦੀ ਦੇ ਨਿਸ਼ਾਨੇ ਲਈ ਫਿਰ ਤੋ ਸੰਘਰਸ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਪਾਰਟੀ ਅਹੁਦੇਦਾਰਾਂ ਤੇ ਪੰਥਕ ਸੋਚ ਵਾਲੇ ਆਗੂਆ ਨੂੰ ਵੀ ਅਪੀਲ ਕੀਤੀ ਕਿ ਉਪਰੋਕਤ ਦੋਵੇ ਆਤਮਾਵਾ ਦੀ ਸਿਹਤਯਾਬੀ ਲਈ ਸਮੂਹਿਕ ਤੌਰ ਤੇ ਅਰਦਾਸ ਵੀ ਕਰਨ ਅਤੇ ਉਨ੍ਹਾਂ ਦੀ ਖਬਰਸਾਰ ਵੀ ਲੈਣ ।