ਹਿਮਾਚਲ ਦੇ ਕਾਂਗੜਾ ਤੇ ਮੰਡੀ ਵਿਚ ਬੱਦਲ ਫੱਟਣ ਦੀ ਬਦੌਲਤ ਹੋਏ ਨੁਕਸਾਨ ਲਈ ਐਸ.ਜੀ.ਪੀ.ਸੀ ਅਤੇ ਸਿੱਖ ਸੰਪਰਦਾਵਾਂ ਆਪਣੀਆ ਜਿੰਮੇਵਾਰੀਆ ਨਿਭਾਉਣ : ਮਾਨ
ਫ਼ਤਹਿਗੜ੍ਹ ਸਾਹਿਬ, 28 ਜੁਲਾਈ ( ) “ਬੀਤੇ ਦਿਨਾਂ ਵਿਚ ਹਿਮਾਚਲ ਦੇ ਕਾਂਗੜਾ ਤੇ ਮੰਡੀ ਦੇ ਇਲਾਕਿਆ ਵਿਚ ਬੱਦਲ ਫੱਟਣ ਦੀ ਬਦੌਲਤ ਬਹੁਤ ਘਰ ਰੁੜ ਗਏ ਹਨ, ਫਸਲਾਂ ਡੁੱਬ ਚੁੱਕੀਆ ਹਨ ਅਤੇ ਜਾਨੀ-ਮਾਲੀ ਵੱਡਾ ਨੁਕਸਾਨ ਹੋਇਆ ਹੈ । ਅਜਿਹੇ ਸਮਿਆ ਵਿਚ ਖਾਲਸਾ ਪੰਥ ਆਪਣੀ ਮਨੁੱਖਤਾ ਪੱਖੀ ਸੋਚ ਤੇ ਪਹਿਰਾ ਦਿੰਦਾ ਹੋਇਆ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਅਜਿਹੀ ਦੁੱਖਦਾਇਕ ਘਟਨਾ ਵਾਪਰੇ ਤਾਂ ਪਹਿਲੀ ਕਤਾਰ ਵਿਚ ਖੜ੍ਹੇ ਹੋ ਕੇ ਪੀੜ੍ਹਤਾਂ ਲਈ ਲੰਗਰ, ਕੱਪੜੇ, ਦਵਾਈਆ ਆਦਿ ਦੀ ਸੇਵਾ ਕਰਦੇ ਨਜਰ ਆਉਦੇ ਹਨ । ਸਰਬੱਤ ਦੇ ਭਲੇ ਦਾ ਮਿਸਨ ਹੀ ਸਾਡੀ ਸਿੱਖ ਕੌਮ ਤੇ ਸੋਚ ਨੂੰ ਦੁਨੀਆ ਵਿਚ ਸਭ ਤੋ ਅੱਗੇ ਲਿਜਾਂਦਾ ਹੈ । ਇਸ ਲਈ ਮੇਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਸੰਪਰਦਾਵਾ ਆਦਿ ਨੂੰ ਇਹ ਅਪੀਲ ਹੈ ਕਿ ਉਹ ਕਾਂਗੜਾ ਤੇ ਮੰਡੀ ਵਿਚ ਵਾਪਰੇ ਦੁਖਾਂਤ ਦੇ ਪੀੜ੍ਹਤ ਪਰਿਵਾਰਾਂ ਦੀ ਬਾਂਹ ਪਕੜਨ ਤੇ ਆਪੋ ਆਪਣੇ ਸਾਧਨਾਂ ਰਾਹੀ ਉਥੇ ਲੰਗਰ, ਦਵਾਈਆ, ਕੱਪੜੇ ਆਦਿ ਦੀ ਸੇਵਾ ਨਿਭਾਅ ਸਕਣ ਤਾਂ ਇਹ ਗੁਰੂ ਸਾਹਿਬਾਨ ਜੀ ਦੀ ਵੱਡਮੁੱਲੀ ਸੋਚ ਨੂੰ ਕੌਮਾਂਤਰੀ ਪੱਧਰ ਤੇ ਲਿਜਾਣ ਲਈ ਹੋਰ ਵੱਡੇਰਾ ਉਦਮ ਹੋਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿਮਾਚਲ ਦੇ ਕਾਂਗੜਾ ਤੇ ਮੰਡੀ ਵਿਚ ਕੁਦਰਤੀ ਆਫਤ ਕਾਰਨ ਹੋਏ ਜਾਨੀ-ਮਾਲੀ, ਫਸਲੀ ਨੁਕਸਾਨ ਤੋ ਪੀੜ੍ਹਤ ਪਰਿਵਾਰਾਂ ਦੀ ਐਸ.ਜੀ.ਪੀ.ਸੀ ਤੇ ਸੰਪਰਦਾਵਾ ਨੂੰ ਮਨੁੱਖਤਾ ਦੇ ਬਿਨ੍ਹਾਂ ਤੇ ਲੰਗਰ ਤੇ ਹੋਰ ਵਸਤਾਂ ਪਹੁੰਚਾਉਣ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਇਸ ਬੱਦਲ ਫੱਟਣ ਦੀ ਘਟਨਾ ਕਾਰਨ ਪਹਾੜੀ ਇਲਾਕੇ ਦੀਆਂ ਬਹੁਤ ਸੜਕਾਂ ਟੁੱਟ ਗਈਆ ਹਨ, ਟੋਏ ਪੈ ਗਏ ਹਨ ਪਹਾੜ ਡਿੱਗਣ ਕਾਰਨ ਰੁਕਾਵਟਾ ਖੜ੍ਹੀਆ ਹੋ ਗਈਆ ਹਨ । ਜਿਸ ਨਾਲ ਉਥੋ ਦੇ ਵੱਡੀ ਗਿਣਤੀ ਵਿਚ ਸੇਬ ਉਤਪਾਦਕਾਂ ਨੂੰ ਆਪਣੀ ਸੇਬਾ ਦੀ ਫਸਲ ਇਧਰ ਮੈਦਾਨ ਇਲਾਕੇ ਵਿਚ ਪਹੁੰਚਣ ਲਈ ਵੱਡੀ ਮੁਸਕਿਲ ਪੈਦਾ ਹੋ ਚੁੱਕੀ ਹੈ । ਅਜਿਹੀ ਮੁਸਕਿਲ ਦੀ ਘੜੀ ਵਿਚ ਇੰਡੀਆ ਦੀ ਮੌਜੂਦਾ ਹਕੂਮਤ ਨੂੰ ਚਾਹੀਦਾ ਹੈ ਕਿ ਉਹ ਆਪਣੇ ਵੱਡੇ ਹੈਲੀਕਪਟਰਾਂ ਰਾਹੀ ਉਥੋ ਦੇ ਸੇਬ ਉਤਪਾਦਕਾਂ ਦੀਆਂ ਫਸਲਾਂ ਨੂੰ ਉਥੇ ਤੱਕ ਪਹੁੰਚਦਾ ਕਰਨ ਦੀ ਜਿੰਮੇਵਾਰੀ ਨਿਭਾਉਣ ਜਿਥੋ ਸੜਕਾਂ ਦੀ ਆਵਾਜਾਈ ਅੱਗੇ ਵੱਧ ਸਕਦੀ ਹੈ ਤਾਂ ਕਿ ਇਸ ਪਹਾੜੀ ਇਲਾਕੇ ਦੇ ਸੇਬ ਉਤਪਾਦਕ ਇਸ ਕੁਦਰਤੀ ਮਾਰ ਕਾਰਨ ਮਾਲੀ ਤੇ ਜੀਵਨ ਸੰਕਟ ਵਿਚ ਨਾ ਫਸ ਜਾਣ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਿਥੇ ਸਾਡੀਆ ਸਿੱਖ ਸੰਸਥਾਵਾਂ ਐਸ.ਜੀ.ਪੀ.ਸੀ ਇਨ੍ਹਾਂ ਪੀੜ੍ਹਤ ਲੋਕਾਂ ਦੀ ਬਾਹ ਪਕੜਨਗੇ ਉਥੇ ਸਰਕਾਰ ਵੀ ਉਨ੍ਹਾਂ ਦੀ ਸੇਬਾ ਦੀ ਫਸਲ ਨੂੰ ਟੁੱਟੀਆ ਸੜਕਾਂ ਤੋ ਪਾਰ ਕਰਕੇ ਹੈਲੀਕਪਟਰਾਂ ਰਾਹੀ ਅਗਲੇ ਰਸਤੇ ਤੱਕ ਪਹੁੰਚਾਉਣ ਦੀ ਜਿੰਮੇਵਾਰੀ ਪੂਰਨ ਕਰਨਗੇ ।