ਜਦੋਂ ਹੁਕਮਰਾਨਾਂ ਦੇ ਮਨ ਵਿਚ ਸਿੱਖ ਕੌਮ ਤੇ ਪੰਜਾਬ ਸੂਬੇ ਪ੍ਰਤੀ ਨਫਰਤ ਹੈ, ਤਾਂ ਸਿੱਖ ਐਮ.ਪੀ ਨੂੰ ਵਧਾਈ ਦੇਣ ਨਾਲ ਤਾਂ ਇਹ ਵੱਡੇ ਮਸਲੇ ਖਤਮ ਨਹੀ ਹੋ ਜਾਂਦੇ : ਮਾਨ
ਫ਼ਤਹਿਗੜ੍ਹ ਸਾਹਿਬ, 28 ਜੁਲਾਈ ( ) “ਇੰਡੀਆਂ ਦੇ ਵਜੀਰ ਏ ਆਜਮ ਸ੍ਰੀ ਮੋਦੀ ਨੇ ਪੰਜਾਬ ਨਾਲ ਸੰਬੰਧਤ ਬਾਦਲ ਦਲ ਦੀ ਐਮ.ਪੀ ਨੂੰ ਜਨਮ ਦਿਨ ਤੇ ਇਸ ਭਾਵਨਾ ਅਧੀਨ ਵਧਾਈ ਦਿੱਤੀ ਹੈ ਕਿ ਆਉਣ ਵਾਲੇ ਸਮੇ ਵਿਚ ਪੰਜਾਬੀਆਂ ਤੇ ਸਿੱਖ ਕੌਮ ਵੱਲੋ ਦੁਰਕਾਰੇ ਜਾ ਚੁੱਕੇ ਆਗੂ ਅਤੇ ਦੇਸ਼ ਨਿਵਾਸੀਆ ਵੱਲੋ ਅਸਫਲ ਕਰਾਰ ਦਿੱਤੇ ਜਾ ਰਹੇ ਵਜੀਰ ਏ ਆਜਮ ਦੀ ਪਾਰਟੀ ਬੀਜੇਪੀ-ਆਰ.ਐਸ.ਐਸ ਤੇ ਅਕਾਲੀ ਦਲ ਫਿਰ ਇਕੱਠੀ ਸਿਆਸਤ ਕਰਨਗੇ । ਇਹ ਠੀਕ ਹੈ ਕਿ ਸਿਆਸਤਦਾਨ ਜਨਮ ਦਿਨ ਤੇ ਸਭਨਾਂ ਨੂੰ ਵਧਾਈ ਦਿੰਦੇ ਹਨ, ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਤਰ੍ਹਾਂ ਇਕ ਸਿੱਖ ਐਮ.ਪੀ ਨੂੰ ਜਨਮ ਦਿਨ ਤੇ ਵਧਾਈ ਦੇਣ ਨਾਲ ਜੋ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੇ ਦੀਰਘ ਅਤੇ ਅਤਿ ਸੰਜੀਦਾ ਮਸਲੇ ਲੰਮੇ ਸਮੇ ਤੋ ਸੈਟਰ ਤੇ ਪੰਜਾਬ ਦੇ ਹੁਕਮਰਾਨ ਹੱਲ ਨਹੀ ਕਰ ਰਹੇ, ਉਨ੍ਹਾਂ ਮਸਲਿਆ ਨੂੰ ਹੱਲ ਕਰਨ ਤੋ ਬਿਨ੍ਹਾਂ ਅਜਿਹੀਆ ਵਧਾਈਆ ਦੇ ਕੇ ਇਹ ਮਸਲੇ ਖਤਮ ਤਾਂ ਨਹੀ ਹੋ ਜਾਂਦੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਵੱਲੋ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਜਨਮ ਦਿਨ ਤੇ ਵਧਾਈ ਦਿੰਦੇ ਹੋਏ ਅਤੇ ਆਉਣ ਵਾਲੇ ਸਮੇ ਵਿਚ ਇਸ ਗੈਰ ਸਿਧਾਤਿਕ ਜਮਾਤਾਂ ਅਤੇ ਸੋਚ ਨੂੰ ਫਿਰ ਇਕੱਠੇ ਕਰਨ ਦੀ ਭਾਵਨਾ ਅਧੀਨ ਹੋ ਰਹੇ ਅਮਲਾਂ ਨੂੰ ਪੰਜਾਬੀਆਂ ਤੇ ਸਿੱਖ ਕੌਮ ਦੀ ਜਨਤਾ ਵਿਚ ਰੱਖਦੇ ਹੋਏ ਸ੍ਰੀ ਮੋਦੀ ਅਤੇ ਗੈਰ ਸਿਧਾਤਿਕ ਲੋਕਾਂ ਨੂੰ ਇਥੋ ਦੇ ਕਟਹਿਰੇ ਵਿਚ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਵੀ ਡੂੰਘਾਂ ਦੁੱਖ ਜਾਹਰ ਕੀਤਾ ਕਿ ਸਮੁੱਚੇ ਮੁਲਕ ਵਿਚ ਵਿਦਿਅਕ ਤੇ ਹੋਰ ਸੰਸਥਾਵਾਂ ਵਿਚ ਜਨ-ਗਨ-ਮਨ ਅਤੇ ਵੰਦੇ ਮਾਤਰਮ ਵਰਗੇ ਹਿੰਦੂ ਕੌਮ ਨਾਲ ਸੰਬੰਧਤ ਗੀਤ ਤਾਂ ਗਾਏ ਜਾਂਦੇ ਹਨ, ਪਰ ਜਿਨ੍ਹਾਂ ਗੁਰੂ ਸਾਹਿਬ ਦੇ ਇਨ੍ਹਾਂ ਸ਼ਬਦਾਂ ‘ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨਾ ਟਰੋ’ ਦੇ ਸ਼ਬਦ ਦੂਸਰੇ ਮੁਲਕਾਂ ਉਤੇ ਹਮਲੇ ਕਰਦੇ ਸਮੇ ਅਤੇ ਫ਼ਤਹਿ ਪ੍ਰਾਪਤ ਕਰਦੇ ਸਮੇ ਸਿੱਖ ਰੈਜਮੈਟ ਤੇ ਸਿੱਖ ਫ਼ੌਜਾਂ ਉਚਾਰਦੀਆ ਹਨ । ਉਹ ਸਵੇਰ ਦੀ ਪ੍ਰੇਡ ਸਮੇ ਸਮੁੱਚੀਆਂ ਵਿਦਿਅਕ ਸੰਸਥਾਵਾਂ ਵਿਚ ਪ੍ਰਚੱਲਿਤ ਕਿਉਂ ਨਹੀ ਕੀਤੇ ਜਾਂਦੇ ? ਉਨ੍ਹਾਂ ਅੱਗੇ ਚੱਲਕੇ ਕਿਹਾ ਕਿ ਜੋ ਇੰਡੀਆ ਦਾ ਤਿਰੰਗਾ ਝੰਡਾ ਹੈ ਉਸ ਵਿਚ ਭਗਵਾ ਰੰਗ ਹਿੰਦੂਤਵ ਦਾ ਹੈ, ਚਿੱਟਾ ਜੈਨੀਆ ਦਾ ਹੈ ਹਰ ਰੰਗ ਮੁਸਲਿਮ ਕੌਮ ਦਾ ਹੈ ਅਤੇ ਜੋ ਵਿਚ ਅਸੋਕ ਚੱਕਰ ਹੈ ਉਹ ਬੋਧੀਆ ਦਾ ਹੈ । ਪਰ ਜਿਸ ਸਿੱਖ ਕੌਮ ਨੇ ਇੰਡੀਆਂ ਨੂੰ ਆਜ਼ਾਦ ਕਰਵਾਉਣ ਲਈ ਮੋਹਰਲੀਆ ਕਤਾਰਾਂ ਵਿਚ ਹੋ ਕੇ ਸੰਘਰਸ਼ ਲੜਿਆ ਅਤੇ ਸ਼ਹਾਦਤਾਂ ਪ੍ਰਾਪਤ ਕੀਤੀਆ ਤੇ ਵੰਡ ਸਮੇ ਆਪਣੀਆ ਜਾਇਦਾਦਾਂ, ਆਪਣੇ ਪਰਿਵਾਰਿਕ ਮੈਬਰਾਂ, ਆਪਣੇ ਸੱਭਿਆਚਾਰ, ਵਿਰਸੇ-ਵਿਰਾਸਤ ਦਾ ਵੱਡਾ ਨੁਕਸਾਨ ਕੀਤਾ, ਉਸ ਦੀ ਇਸ ਤਿਰੰਗੇ ਵਿਚ ਸਤਿਕਾਰ ਨੂੰ ਹੁਕਮਰਾਨਾਂ ਨੇ ਕਿਉਂ ਨਾ ਸਥਾਂਨ ਦਿੱਤਾ? ਇਨ੍ਹਾਂ ਹੁਕਮਰਾਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਦੋ ਸਿੱਖ ਪ੍ਰਤੀਨਿੱਧ ਜੋ ਇੰਡੀਅਨ ਵਿਧਾਨ ਦੀ ਕਰਤਾ ਕਮੇਟੀ ਦੇ ਮੈਬਰ ਸਨ ਸ. ਭੁਪਿੰਦਰ ਸਿੰਘ ਮਾਨ ਤੇ ਸ. ਹੁਕਮ ਸਿੰਘ ਉਨ੍ਹਾਂ ਨੇ ਇਸ ਉਤੇ ਇਸ ਕਰਕੇ ਦਸਤਖਤ ਨਹੀ ਸਨ ਕੀਤੇ ਕਿ ਸਿੱਖ ਕੌਮ ਦੇ ਹੱਕ-ਹਕੂਕਾ ਤੇ ਅਧਿਕਾਰਾਂ ਦੀ ਇਹ ਵਿਧਾਨ ਰੱਖਿਆ ਨਹੀ ਸੀ ਕਰਦਾ।
ਉਨ੍ਹਾਂ ਕਿਹਾ ਕਿ ਹਿੰਦੂਤਵ ਹੁਕਮਰਾਨਾਂ ਵੱਲੋ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਦਾ ਨਾ ਤਾਂ ਕੋਈ ਇਸ ਸੂਬੇ ਦਾ ਗਵਰਨਰ ਲਗਾਇਆ ਗਿਆ ਹੈ, ਨਾ ਅੰਬੈਸਡਰ, ਕੈਬਨਿਟ ਦੀ ਸੁਰੱਖਿਆ ਕਮੇਟੀ, ਨਾ ਵਿੱਤ, ਨਾ ਰੱਖਿਆ, ਵਿਦੇਸ ਅਤੇ ਗ੍ਰਹਿ ਵਿਭਾਗ ਵਿਚ ਕੋਈ ਸਤਿਕਾਰ ਮਾਣ ਦਿੱਤਾ ਗਿਆ ਹੈ । ਸੁਪਰੀਮ ਕੋਰਟ ਅਤੇ ਚੋਣ ਕਮਿਸਨ ਦੇ ਮੁੱਖੀਆਂ ਵਿਚ ਵੀ ਕਿਸੇ ਸਿੱਖ ਨੂੰ ਨਹੀ ਲਗਾਇਆ ਜਾਂਦਾ, ਇਥੋ ਤੱਕ ਕਿ ਜੋ ਮੌਜੂਦਾ ਵਜੀਰ ਏ ਆਜਮ ਅਤੇ ਉਸਦੀ ਜਾਲਮ ਚੰਡਾਲ ਚੌਕੜੀ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਤੇ ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਕਰਵਾਏ ਹਨ ਅਤੇ ਜੋ ਕੌਮਾਂਤਰੀ ਪੱਧਰ ਤੇ ਸਾਬਤ ਵੀ ਹੋ ਚੁੱਕੇ ਹਨ । ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਰਚੀ । ਕੈਨੇਡਾ, ਬਰਤਾਨੀਆ, ਪਾਕਿਸਤਾਨ ਦੀ ਪ੍ਰਭੂਸਤਾ ਨੂੰ ਤੋੜਨ ਦੀ ਗੁਸਤਾਖੀ ਕੀਤੀ ਕੀ ਬੀਬੀ ਹਰਸਿਮਰਤ ਕੌਰ ਨੂੰ ਜਨਮ ਦਿਨ ਤੇ ਵਧਾਈ ਦੇਣ ਵਾਲੇ ਹੁਕਮਰਾਨਾਂ ਕੋਲ ਉਪਰੋਕਤ ਪੰਜਾਬੀਆਂ ਤੇ ਸਿੱਖ ਕੌਮ ਵਿਰੋਧੀ ਕੀਤੇ ਗਏ ਅਤਿ ਦੁੱਖਦਾਇਕ ਅਮਲਾਂ ਅਤੇ ਪੰਜਾਬ ਤੇ ਸਿੱਖ ਕੌਮ ਦੇ ਲੰਮੇ ਸਮੇ ਤੋ ਲਟਕਦੇ ਆ ਰਹੇ ਮਸਲਿਆ ਦਾ ਹੱਲ ਨਾ ਕਰਨ ਦਾ ਕੋਈ ਜੁਆਬ ਹੈ ? ਜਦੋ ਇਨ੍ਹਾਂ ਮਸਲਿਆ ਦੇ ਹੱਲ ਲਈ ਕੋਈ ਪਹੁੰਚ ਅਤੇ ਸੰਜ਼ੀਦਗੀ ਨਹੀ ਤਾਂ ਸਿੱਖ ਕੌਮ ਤੇ ਪੰਜਾਬੀਆਂ ਵਿਚੋ ਸਾਖ ਗੁਆ ਚੁੱਕੇ ਆਗੂਆ ਨੂੰ ਮੁਬਾਰਕਬਾਦ ਦੇ ਕੇ ਬੀਤੇ ਸਮੇ ਦੇ ਜ਼ਬਰ ਜੁਲਮ ਅਤੇ ਬੇਇਨਸਾਫ਼ੀਆਂ ਨੂੰ ਪੰਜਾਬੀ, ਸਿੱਖ ਕੌਮ ਕਿਵੇ ਭੁੱਲ ਸਕਦੇ ਹਨ ।