ਜੇਕਰ 56 ਇੰਚ ਦੀ ਚੌੜੀ ਛਾਤੀ ਦਾ ਦਾਅਵਾ ਕਰਨ ਵਾਲੇ, ਆਪਣੇ ਯਮਨ ਵਰਗੇ ਮੁਲਕਾਂ ਵਿਚ ਬੀਬੀ ਨਹੀ ਛੁਡਵਾ ਸਕਦੇ, ਫਿਰ ਇਹ ਹੋਰ ਜਿੰਮੇਵਾਰੀ ਕੀ ਨਿਭਾਉਣਗੇ ? : ਮਾਨ
ਫ਼ਤਹਿਗੜ੍ਹ ਸਾਹਿਬ, 15 ਜੁਲਾਈ ( ) “ਕਿਸੇ ਵੀ ਕੌਮ ਦਾ ਮਾਣ-ਸਤਿਕਾਰ ਅਤੇ ਇਤਿਹਾਸ ਉਸਦੇ ਉੱਚੇ-ਸੁੱਚੇ ਇਖਲਾਕ ਤੇ ਨਿਰਭਰ ਕਰਦਾ ਹੈ । ਜੋ ਯਮਨ ਵਿਚ ਕੇਰਲਾ ਦੀ ਨਰਸ ਬੀਬੀ ਨੂੰ ਆਉਣ ਵਾਲੇ ਕੱਲ੍ਹ ਫ਼ਾਂਸੀ ਲਗਾਈ ਜਾ ਰਹੀ ਹੈ, ਜਿਸਦਾ ਅਸੀ ਲੰਮੇ ਸਮੇ ਤੋ ਵਿਰੋਧ ਵੀ ਕਰਦੇ ਆ ਰਹੇ ਹਾਂ ਅਤੇ ਯਮਨ ਸਰਕਾਰ ਨੂੰ ਅਜਿਹਾ ਨਾ ਕਰਨ ਲਈ ਲਿਖਤੀ ਰੂਪ ਵਿਚ ਭੇਜਿਆ ਹੈ । ਪਰ ਜੇਕਰ ਇੰਡੀਅਨ ਹੁਕਮਰਾਨ ਜੋ ਅਕਸਰ ਹੀ ਆਪਣੀ 56 ਇੰਚ ਦੀ ਚੌੜੀ ਛਾਤੀ ਹੋਣ ਦਾ ਦਾਅਵਾ ਕਰਦੇ ਹਨ, ਉਹ ਆਪਣੀਆ ਬੀਬੀਆ ਨੂੰ ਹੀ ਨਹੀ ਛੁਡਾ ਸਕਦੇ, ਫਿਰ ਉਹ ਆਪਣੇ ਕਿਰਦਾਰ ਦੀ ਗੱਲ ਕਿਵੇ ਕਰ ਸਕਦੇ ਹਨ ? ਜੇਕਰ ਸਾਡਾ ਰਾਜ ਭਾਗ ਹੁੰਦਾ ਤਾਂ ਅਸੀ ਬੀਤੇ ਸਮੇ ਦੀ ਤਰ੍ਹਾਂ ਹਮਲਾ ਕਰਕੇ ਇਹ ਬੀਬੀ ਕਦੋ ਦੀ ਛੁਡਵਾ ਲੈਣੀ ਸੀ । ਸਮੁੱਚੇ ਸੰਸਾਰ ਅਤੇ ਹਿੰਦੂਤਵ ਹੁਕਮਰਾਨਾਂ ਨੂੰ ਵੀ ਜਾਣਕਾਰੀ ਹੈ ਕਿ ਸਾਡਾ ਰਾਜ ਭਾਗ ਵੀ ਨਹੀ ਸੀ, ਮੁਗਲਾਂ ਦਾ ਰਾਜ ਸੀ । ਫਿਰ ਜਦੋ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਹਮਲਾਵਰ ਹਿੰਦੂ ਧੀਆਂ-ਭੈਣਾਂ ਨੂੰ ਜ਼ਬਰੀ ਚੁੱਕ ਕੇ ਲੈ ਜਾਂਦੇ ਸਨ ਅਤੇ ਗਜਨੀ ਦੇ ਬਜਾਰਾਂ ਵਿਚ ਟਕੇ-ਟਕੇ ਦੀ ਵੇਚ ਦਿੰਦੇ ਸਨ ਤਾਂ ਇਹ ਸਾਡਾ ਉੱਚਾ-ਸੁੱਚਾ ਇਖਲਾਕ ਹੀ ਸੀ ਕਿ ਖਾਲਸਾ ਪੰਥ ਇਨ੍ਹਾਂ ਹਮਲਾਵਰਾਂ ਤੇ ਹਮਲਾ ਕਰਕੇ ਇਨ੍ਹਾਂ ਬੀਬੀਆਂ ਨੂੰ ਉਨ੍ਹਾਂ ਦੇ ਕਬਜੇ ਵਿਚੋ ਛੁਡਵਾਕੇ ਘਰੋ-ਘਰੀ ਬਾਇੱਜਤ ਪਹੁੰਚਾਉਦੇ ਰਹੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਯਮਨ ਵਿਚ ਆਉਣ ਵਾਲੇ ਕੱਲ੍ਹ ਇਕ ਕੇਰਲਾ ਦੀ ਨਰਸ ਬੀਬੀ ਨੂੰ ਫਾਹੇ ਲਗਾਉਣ ਉਤੇ ਇੰਡੀਅਨ ਹੁਕਮਰਾਨਾਂ ਵੱਲੋ ਕੋਈ ਵੀ ਦ੍ਰਿੜਤਾ ਪੂਰਵਕ ਅਮਲ ਨਾ ਹੋਣ ਅਤੇ ਇਸ ਬੀਬੀ ਨੂੰ ਛੁਡਵਾਉਣ ਲਈ ਆਪਣੀ ਜਿੰਮੇਵਾਰੀ ਨਾ ਨਿਭਾਉਣ ਦੀ ਗੱਲ ਕਰਦੇ ਹੋਏ ਇਨ੍ਹਾਂ ਹੁਕਮਰਾਨਾਂ ਨੂੰ ਨਿਪੁਸਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਬੀਤੇ ਇਤਿਹਾਸ ਦੀ ਗੱਲ ਕਰਦੇ ਹੋਏ ਕਿਹਾ ਕਿ ਇਕ ਵਾਰੀ ਹਮਲਾਵਰਾਂ ਨੇ ਕਸੂਰ ਲੁੱਟਿਆ ਸੀ, ਉਸ ਸਮੇ ਇਕ ਬ੍ਰਾਹਮਣ ਦੀ ਧੀ ਨੂੰ ਚੁੱਕ ਕੇ ਲੈ ਗਏ ਸਨ, ਉਸ ਬ੍ਰਾਹਮਣ ਨੇ ਸਾਡੀਆਂ ਮਿਸਲਾਂ ਦੇ ਸਰਦਾਰਾਂ ਕੋਲ ਫਰਿਆਦ ਕਰਦੇ ਹੋਏ ਪਹੁੰਚ ਕੀਤੀ ਤਾਂ ਇਹ ਗੱਲ ਉੱਠੀ ਕਿ ਸਾਡਾ ਤਾਂ ਰਾਜ ਭਾਗ ਨਹੀ ਹੈ । ਲੇਕਿਨ ਵਿਚੋ ਹੀ ਸਿੱਖੀ ਕਿਰਦਾਰ ਦੀ ਉੱਚੀ ਆਵਾਜ ਵਿਚ ਕਿਹਾ ਗਿਆ ਕਿ ਬੇਸੱਕ ਸਾਡਾ ਰਾਜ ਭਾਗ ਨਹੀ ਹੈ ਪਰ ਸਿੱਖੀ ਕਿਰਦਾਰ ਇਸ ਜਿੰਮੇਵਾਰੀ ਤੋ ਨਹੀ ਭੱਜ ਸਕਦਾ । ਇਸ ਲਈ ਮਿਸਲਾਂ ਨੇ ਉਸ ਬੀਬੀ ਨੂੰ ਕੇਵਲ ਛੁਡਵਾਕੇ ਹੀ ਨਹੀ ਲਿਆਂਦਾ ਬਲਕਿ ਪਠਾਣਾ ਦੇ ਰਾਜ ਭਾਗ ਨੂੰ ਲੁੱਟ ਕੇ ਲਿਆ ਕੇ ਆਪਣੀ ਫ਼ੌਜ ਨੂੰ ਮਜਬੂਤ ਵੀ ਕੀਤਾ ਸੀ । ਇਹ ਸਿੱਖੀ ਦੇ ਕਿਰਦਾਰ ਦੀ ਇਕ ਮਿਸਾਲ ਹੈ । ਜਦੋਂ ਇਹ ਅਮਰੀਕਾ, ਕੈਨੇਡਾ, ਬਰਤਾਨੀਆ, ਪਾਕਿਸਤਾਨ ਵਰਗੇ ਮੁਲਕ ਵਿਚ ਜਾ ਕੇ ਸਾਡੇ ਸਿੱਖਾਂ ਨੂੰ ਮਾਰ ਦਿੰਦੇ ਹਨ, ਫਿਰ ਆਪਣੀ ਬੀਬੀ ਨੂੰ ਛੁਡਾਉਣ ਦੀ ਜਿੰਮੇਵਾਰੀ ਕਿਉਂ ਨਹੀਂ ਨਿਭਾਅ ਸਕਦੇ ? ਲੇਕਿਨ ਹੁਣ ਇੰਡੀਆ ਦੀ ਸੁਪਰੀਮ ਕੋਰਟ ਅਤੇ ਹੁਕਮਰਾਨ ਆਪਣੀ ਬੀਬੀ ਨੂੰ ਨਾ ਛੁਡਵਾਕੇ ਕੌਮਾਂਤਰੀ ਪੱਧਰ ਤੇ ਆਪਣੇ ਇਖਲਾਕ ਨੂੰ ਖੁਦ ਹੀ ਕੰਮਜੋਰ ਹੋਣ ਦਾ ਪ੍ਰਮਾਣ ਕਰ ਰਹੇ ਹਨ । ਜਦੋਕਿ ਚਾਹੀਦਾ ਇਹ ਹੈ ਜਦੋ ਇੰਡੀਅਨ ਹੁਕਮਰਾਨਾਂ ਕੋਲ ਨੇਵੀ ਦੀ ਵੱਡੀ ਤਾਕਤ ਹੈ, ਤਾਂ ਇਹ ਆਪਣੀ ਨੇਵੀ ਦੇ ਬੇੜੇ ਨੂੰ ਭੇਜਕੇ ਇਸ ਬੀਬੀ ਨੂੰ ਛੁਡਵਾਉਣ ਦੀ ਜਿੰਮੇਵਾਰੀ ਨਿਭਾਉਣ । ਇਹ ਕੇਵਲ ਨਫਰਤ ਭਰਿਆ ਪ੍ਰਚਾਰ ਕਰਨ ਅਤੇ ਖਾਕੀ ਨਿੱਕਰਾਂ ਪਾ ਕੇ ਕੇਵਲ ਮੁਤੱਸਵੀ ਅਮਲ ਕਰਨੇ ਹੀ ਜਾਣਦੇ ਹਨ ਨਾ ਕਿ ਇਨਸਾਨੀਅਤ ਪੱਖੀ ਉਦਮ ਕਰਨ ।