ਭਾਈ ਲੱਖੀ ਸ਼ਾਹ ਵਣਜਾਰਾ ਨੂੰ ਸ੍ਰੀ ਨਾਇਬ ਸਿੰਘ ਸੈਣੀ ਮੁੱਖ ਮੰਤਰੀ ਹਰਿਆਣਾ ਨੇ ਸਤਿਕਾਰ ਸਹਿਤ ਯਾਦ ਕਰਕੇ ਪ੍ਰਸੰਸਾਯੋਗ ਉਦਮ ਕੀਤਾ, ਪਰ……. ? : ਮਾਨ
ਫ਼ਤਹਿਗੜ੍ਹ ਸਾਹਿਬ, 04 ਜੁਲਾਈ ( ) “ਸਿੱਖ ਕੌਮ ਦੇ ਅਤਿ ਸਤਿਕਾਰਿਤ ਨਾਇਕ ਭਾਈ ਲੱਖੀ ਸ਼ਾਹ ਵਣਜਾਰਾ ਦੇ ਜਨਮ ਦਿਹਾੜੇ ਨੂੰ ਸਤਿਕਾਰ ਸਹਿਤ ਯਾਦ ਕਰਦੇ ਹੋਏ ਜੋ ਅਖਬਾਰਾਂ ਵਿਚ ਹਰਿਆਣਾ ਸਰਕਾਰ ਵੱਲੋ ਇਸਤਿਹਾਰ ਦੇ ਕੇ ਸਨਮਾਨ ਦੇਣ ਦਾ ਉਦਮ ਕੀਤਾ ਹੈ, ਇਹ ਹਰਿਆਣਾ ਸਰਕਾਰ ਦਾ ਬਹੁਤ ਹੀ ਪ੍ਰਸੰਸਾਯੋਗ ਉੱਦਮ ਹੈ । ਕਿਉਂਕਿ ਉਨ੍ਹਾਂ ਨੇ ਸੱਚ-ਹੱਕ ਲਈ ਸੰਘਰਸ਼ ਕਰਦੇ ਹੋਏ ਗੁਰੂ ਸਾਹਿਬਾਨ ਦੇ ਸਮੇ ਆਪਣੀਆਂ ਅਹੁਤੀ ਦਿੱਤੀ ਅਤੇ ਕੌਮੀ ਜਿੰਮੇਵਾਰੀ ਨੂੰ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਸੰਪੂਰਨ ਕੀਤਾ । ਪਰ ਦੁੱਖ ਅਤੇ ਅਫਸੋਸ ਹੈ ਕਿ ਜਿਸ ਪੰਜਾਬੀ ਅਤੇ ਸਿੱਖ ਸੱਭਿਆਚਾਰ ਦੇ ਅਸੀ ਵੱਡੇ ਪੈਰੋਕਾਰ ਤੇ ਹਾਮੀ ਹਾਂ, ਸਾਡੀ ਪੰਜਾਬ ਦੀ ਸਰਕਾਰ ਨੂੰ ਇਸ ਮਹਾਨ ਦਿਹਾੜੇ ਦੀ ਯਾਦ ਕਿਉਂ ਨਾ ਆਈ । ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣਾ ਦੇ ਮੁੱਖ ਮੰਤਰੀ ਵੱਲੋ ਸਾਡੀ ਸਿੱਖ ਕੌਮ ਦੇ ਇਤਿਹਾਸਿਕ ਨਾਇਕ ਭਾਈ ਲੱਖੀ ਸ਼ਾਹ ਵਣਜਾਰਾ ਦੇ ਜਨਮ ਦਿਹਾੜੇ ਤੇ ਉਨ੍ਹਾਂ ਦੀ ਯਾਦ ਨੂੰ ਤਾਜਾ ਕਰਦੇ ਹੋਏ ਜੋ ਅਖਬਾਰਾਂ ਵਿਚ ਇਸਤਿਹਾਰ ਦੇ ਕੇ ਸਤਿਕਾਰ-ਮਾਣ ਦਿੱਤਾ ਹੈ ਉਸ ਨੂੰ ਅੱਛਾ ਉਦਮ ਕਰਾਰ ਦਿੰਦੇ ਹੋਏ ਇਸਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਜੋ ਆਪਣੇ ਪੰਜਾਬੀ ਤੇ ਸਿੱਖ ਸੱਭਿਆਚਾਰ ਨਾਲ ਸੰਬੰਧਤ ਹਨ, ਉਨ੍ਹਾਂ ਵੱਲੋ ਇਸ ਮੌਕੇ ਉਤੇ ਉਸ ਮਹਾਨ ਸਖਸ਼ੀਅਤ ਨੂੰ ਯਾਦ ਨਾ ਕਰਨ ਦੇ ਅਮਲਾਂ ਨੂੰ ਅਤਿ ਦੁੱਖਦਾਇਕ ਕਰਾਰ ਦਿੰਦੇ ਹੋਏ ਅਤੇ ਅਜਿਹੇ ਮੌਕਿਆਂ ਤੇ ਆਪਣੀ ਕੌਮੀ ਤੇ ਪੰਜਾਬ ਪ੍ਰਤੀ ਜਿੰਮੇਵਾਰੀ ਨੂੰ ਪੂਰਨ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਹਰਿਆਣੇ ਵਾਲਿਆ ਨੇ ਇਸ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਤਾਂ ਪੰਜਾਬ ਦੇ ਸਿਆਸਤਦਾਨਾਂ ਨੂੰ ਵੀ ਇਹ ਆਪਣੀ ਜਿੰਮੇਵਾਰੀ ਨੂੰ ਪੂਰਨ ਕਰਦੇ ਹੋਏ ਸਮੇ-ਸਮੇ ਤੇ ਆਪਣੇ ਫਰਜਾਂ ਦੀ ਪੂਰਤੀ ਵੀ ਕਰਦੇ ਰਹਿਣਾ ਚਾਹੀਦਾ ਹੈ ਅਤੇ ਆਪਣੇ ਫਖਰ ਵਾਲੇ ਇਤਿਹਾਸ ਨੂੰ ਯਾਦ ਕਰਦੇ ਹੋਏ ਅਜਿਹੀਆ ਸਖਸ਼ੀਅਤਾਂ ਦੇ ਦਿਹਾੜਿਆ ਨੂੰ ਪੂਰੀ ਸਾਨੋ ਸੌਕਤ ਤੇ ਸਤਿਕਾਰ ਨਾਲ ਮਨਾਉਦੇ ਰਹਿਣਾ ਚਾਹੀਦਾ ਹੈ ।