ਸਰਕਾਰੀ ਹਸਪਤਾਲ ਸੰਗਰੂਰ ਅਤੇ ਦੰਦਾ ਦਾ ਹਸਪਤਾਲ ਮਹਿਲ ਕਲਾਂ ਵਿਖੇ ਲੋੜੀਦੇ ਸਟਾਫ ਅਤੇ ਇੰਸਟਰੂਮੈਂਟ ਦੀ ਵੱਡੀ ਕਮੀ ਫੌਰੀ ਦੂਰ ਕੀਤੀ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 03 ਜੁਲਾਈ ( ) “ਸੰਗਰੂਰ ਐਮ.ਪੀ ਹਲਕੇ ਦੇ ਨਿਵਾਸੀਆਂ ਦੀ ਸਿਹਤ ਤੰਦਰੁਸਤੀ ਨੂੰ ਮੁੱਖ ਰੱਖਕੇ ਜੋ ਸੰਗਰੂਰ ਵਿਚ ਸਰਕਾਰੀ ਹਸਪਤਾਲ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਹਿੱਤ ਜੋਰਦਾਰ ਆਵਾਜ ਉੱਠੀ ਸੀ, ਬੇਸੱਕ ਉਸ ਹਸਪਤਾਲ ਵਿਚ ਕਾਫੀ ਚੰਗੇਰਾ ਹੋਇਆ ਹੈ, ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਅਜੇ ਤੱਕ ਇਸ ਸਰਕਾਰੀ ਹਸਪਤਾਲ ਵਿਚ ਡਾਕਟਰਾਂ, ਸਟਾਫ ਨਰਸਾਂ, ਹੈਲਪਰਾਂ, ਸਫਾਈ ਸੇਵਕਾ ਅਤੇ ਹੋਰ ਤਕਨੀਕੀ ਸਟਾਫ ਦੀ ਅੱਜ ਵੀ ਬਹੁਤ ਵੱਡੀ ਘਾਰ ਹੈ । ਜਿਸ ਕਾਰਨ ਸੰਗਰੂਰ ਜਿ਼ਲ੍ਹੇ ਦੇ ਆਲੇ ਦੁਆਲੇ ਦੇ ਦੂਜੇ ਜਿ਼ਲ੍ਹਿਆਂ ਦੇ ਨਿਵਾਸੀ ਜੋ ਸਿਹਤ ਪੱਖੋ ਡੂੰਘੇ ਪੀੜ੍ਹਤ ਹਨ ਅਤੇ ਇਸ ਇਲਾਕੇ ਵਿਚ ਪਾਣੀ ਵਿਚ ਕਈ ਤਰ੍ਹਾਂ ਦੀ ਘਾਟ ਹੋਣ ਕਾਰਨ ਗਲਘੋਟੂ, ਕੈਸਰ, ਅੰਤੜੀਆਂ ਦੀ ਬਹੁਤਾਤ ਹੈ ਉਨ੍ਹਾਂ ਦੇ ਸਹੀ ਇਲਾਜ ਲਈ ਇਹ ਜਰੂਰੀ ਹੈ ਕਿ ਇਸ ਹਸਪਤਾਲ ਵਿਚ ਉਪਰੋਕਤ ਲੋੜੀਦੇ ਸਟਾਫ ਅਤੇ ਤਕਨੀਕੀ ਇੰਸਟਰੂਮੈਟ ਦੀ ਪੂਰਤੀ ਕੀਤੀ ਜਾਵੇ । ਇਹ ਹੋਰ ਵੀ ਦੁੱਖਦਾਇਕ ਗੱਲ ਹੈ ਕਿ ਇਹ ਇਲਾਕਾ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਪਣਾ ਇਲਾਕਾ ਹੈ । ਦੂਜਾ ਸ. ਹਰਪਾਲ ਸਿੰਘ ਚੀਮਾਂ ਜੋ ਵਿੱਤ ਵਜੀਰ ਹਨ ਉਹ ਵੀ ਇਸ ਇਲਾਕੇ ਦੇ ਹਨ । 2 ਅਹਿਮ ਕੈਬਨਿਟ ਦੀਆਂ ਸਖਸ਼ੀਅਤਾਂ ਦੇ ਹੁੰਦੇ ਹੋਏ ਜੇਕਰ ਇਥੋ ਦੇ ਨਿਵਾਸੀਆ ਨੂੰ ਲੋੜੀਦੇ ਸਟਾਫ, ਤਕਨੀਕੀ ਕਰਮਚਾਰੀਆਂ ਤੇ ਦਵਾਈ ਆਦਿ ਦੀ ਘਾਟ ਹੋਣ ਕਾਰਨ ਵੱਡੀ ਮੁਸਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਫਿਰ ਉਹ ਬਾਕੀ ਪੰਜਾਬ ਦੇ ਸੂਬਿਆਂ ਵਿਚ ਪ੍ਰਦਾਨ ਕੀਤੀਆ ਜਾਣ ਵਾਲੀਆ ਸਿਹਤ ਸੇਵਾਵਾਂ ਦੀ ਹਾਲਤ ਤਾਂ ਹੋਰ ਵੀ ਬਦਤਰ ਹੋਵੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਾਬਕਾ ਐਮ.ਪੀ ਸੰਗਰੂਰ ਨੇ ਬੀਤੇ 2-3 ਦਿਨਾਂ ਤੋ ਇਸ ਇਲਾਕੇ ਦਾ ਦੌਰਾ ਕਰਦੇ ਹੋਏ ਅਤੇ ਇਥੋ ਦੇ ਨਿਵਾਸੀਆ ਦੀਆਂ ਮੁਸਕਿਲਾਂ ਨੂੰ ਸੁਣਨ ਉਪਰੰਤ ਜੋ ਸੰਗਰੂਰ ਦੇ ਸਰਕਾਰੀ ਹਸਪਤਾਲ ਵਿਚ ਵੱਡੀਆ ਘਾਟਾ ਹਨ ਉਸ ਤੋ ਮੌਜੂਦਾ ਸਰਕਾਰ ਨੂੰ ਜਾਣੂ ਕਰਵਾਉਦੇ ਹੋਏ ਅਤੇ ਫੌਰੀ ਇਨ੍ਹਾਂ ਘਾਟਾ ਨੂੰ ਪੂਰਾ ਕਰਨ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਮਹਿਲ ਕਲਾਂ ਦੰਦਾ ਦੇ ਹਸਪਤਾਲ ਦੀ ਗੱਲ ਕਰਦੇ ਹੋਏ ਕਿਹਾ ਕਿ ਉਥੇ ਵੀ ਜੋ ਦੰਦਾ ਦੇ ਇਲਾਜ ਲਈ ਲੋੜੀਦਾ ਸਮਾਨ, ਮਸੀਨਰੀ ਅਤੇ ਡਾਕਟਰ ਹਨ, ਉਨ੍ਹਾਂ ਦੀ ਵੱਡੀ ਘਾਟ ਹੈ । ਉਹ ਵੀ ਤੁਰੰਤ ਪੂਰੀ ਕਰਕੇ ਇਲਾਕਾ ਨਿਵਾਸੀਆ ਦੀਆਂ ਦੰਦਾ ਦੀਆਂ ਬਿਮਾਰੀਆ ਦਾ ਸਹੀ ਢੰਗ ਨਾਲ ਹੱਲ ਕਰਨ ਦਾ ਪ੍ਰਬੰਧ ਕੀਤਾ ਜਾਵੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸੰਗਰੂਰ ਜਿ਼ਲ੍ਹੇ ਦੇ ਨਿਵਾਸੀਆ ਦੀਆਂ ਉਪਰੋਕਤ ਸਿਹਤ ਸੰਬੰਧੀ ਆ ਰਹੀਆ ਮੁਸਕਿਲਾਂ ਨੂੰ ਹੱਲ ਕਰਨ ਲਈ ਸ. ਭਗਵੰਤ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਵਿੱਤ ਵਜੀਰ ਸ. ਹਰਪਾਲ ਸਿੰਘ ਚੀਮਾਂ ਉਚੇਚੇ ਤੌਰ ਤੇ ਧਿਆਨ ਦਿੰਦੇ ਹੋਏ ਇਨ੍ਹਾਂ ਮੁਸਕਿਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰ ਦੇਣਗੇ ।