ਤਿੱਬਤੀ ਆਗੂ ਸ੍ਰੀ ਦਲਾਈਲਾਮਾ ਦੇ 90 ਸਾਲ ਪੂਰੇ ਹੋਣ ਤੇ ਮੁਬਾਰਕਬਾਦ, ਦੁਨੇਰਾ ਵਿਖੇ ਤਿੱਬਤੀਅਨ ਯੂਨੀਵਰਸਿਟੀ ਕਾਇਮ ਹੋਵੇ : ਮਾਨ
ਫ਼ਤਹਿਗੜ੍ਹ ਸਾਹਿਬ, 02 ਜੁਲਾਈ ( ) “ਤਿੱਬਤੀ ਆਗੂ ਸ੍ਰੀ ਦਲਾਈਲਾਮਾ ਆਪਣੇ ਲੋਕਾਂ ਦੇ ਧਾਰਮਿਕ, ਸਮਾਜਿਕ, ਰਾਜਨੀਤਿਕ ਹੱਕਾ ਲਈ ਬਾਦਲੀਲ ਢੰਗ ਨਾਲ ਸੰਘਰਸ਼ ਕਰਦੇ ਹੋਏ ਲੰਮੇ ਸਮੇ ਤੋ ਮਨੁੱਖਤਾ ਪੱਖੀ ਜਿ਼ੰਮੇਵਾਰੀ ਨਿਭਾਉਦੇ ਆ ਰਹੇ ਹਨ ਅਤੇ ਤਿੱਬਤੀਅਨ ਨਿਵਾਸੀ ਜੋ ਤਿੱਬਤ ਅਤੇ ਇੰਡੀਆਂ ਵਿਚ ਵੱਸਦੇ ਹਨ ਉਨ੍ਹਾਂ ਦੀ ਹਰ ਖੇਤਰ ਵਿਚ ਬਿਹਤਰੀ ਲਈ ਜੋ ਯਤਨਸ਼ੀਲ ਹਨ ਉਹ ਵੀ ਪ੍ਰਸੰਸਾਯੋਗ ਹੈ । ਅਸੀ ਉਨ੍ਹਾਂ ਦੇ 90 ਸਾਲ ਪੂਰੇ ਹੋਣ ਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਤਿੱਬਤੀਅਨ ਨਿਵਾਸੀਆ ਨੂੰ ਹਾਰਦਿਕ ਮੁਬਾਰਕਬਾਦ ਭੇਜਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਜੋਈ ਕਰਦੇ ਹਾਂ ਕਿ ਉਨ੍ਹਾਂ ਨੂੰ ਪਹਿਲੇ ਨਾਲੋ ਵੀ ਵਧੇਰੇ ਦ੍ਰਿੜਤਾ, ਬੁੱਧੀ, ਦੂਰਅੰਦੇਸ਼ੀ ਦੀ ਬਖਸਿਸ ਕਰਨ ਤਾਂ ਕਿ ਉਹ ਤਿੱਬਤੀਅਨ ਨਿਵਾਸੀਆ ਦੇ ਜੀਵਨ ਦੀ ਬਿਹਤਰੀ ਲਈ ਜਿਸ ਮਕਸਦ ਲਈ ਉਨ੍ਹਾਂ ਨੇ ਆਪਣਾ ਜੀਵਨ ਲਗਾਇਆ ਹੈ ਉਸ ਮਕਸਦ ਦੀ ਉਹ ਪ੍ਰਾਪਤੀ ਕਰ ਸਕਣ ਅਤੇ ਮਨੁੱਖਤਾ ਦੀ ਸੇਵਾ ਕਰਦੇ ਰਹਿਣ ।”
ਇਹ ਮੁਬਾਰਕਬਾਦ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਦਲਾਈਲਾਮਾ ਦੇ ਜੀਵਨ ਦੇ 90 ਸਾਲ ਪੂਰੇ ਹੋਣ ਤੇ ਸ੍ਰੀ ਦਲਾਈਲਾਮਾ ਨੂੰ ਅਤੇ ਤਿੱਬਤੀ ਨਿਵਾਸੀਆ ਨੂੰ ਹਾਰਦਿਕ ਮੁਬਾਰਕਬਾਦ ਭੇਜਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਦੇ ਇਸ 90ਵੇ ਜਨਮ ਦਿਹਾੜੇ ਉਤੇ ਆਪਣੀ ਬੀਤੇ ਸਮੇ ਵਿਚ ਕੀਤੀ ਉਸ ਮੰਗ ਕਿ ਤਿੱਬਤੀ ਨਿਵਾਸੀਆ ਲਈ ਪੰਜਾਬ ਦੇ ਪਠਾਨਕੋਟ ਕੋਲ ਦੁਨੇਰਾ ਵਿਖੇ ਵਿਸ਼ਾਲ ਪੱਧਰ ਦੀ ਇਕ ਤਿੱਬਤੀਅਨ ਯੂਨੀਵਰਸਿਟੀ ਕਾਇਮ ਕੀਤੀ ਜਾਵੇ ਜਿਥੇ ਇੰਡੀਆ ਵਿਚ ਵੱਸਣ ਵਾਲੇ ਤਿੱਬਤੀ ਆਪਣੀ ਭਾਸ਼ਾ, ਬੋਲੀ ਨੂੰ ਪਿਆਰ ਕਰਦੇ ਹੋਏ ਹਰ ਖੇਤਰ ਦੀਆਂ ਡਿਗਰੀਆਂ ਪ੍ਰਾਪਤ ਕਰਕੇ ਆਪਣੇ ਜੀਵਨ ਵਿਚ ਅੱਗੇ ਵੱਧ ਸਕਣ । ਇਸ ਯੂਨੀਵਰਸਿਟੀ ਤੋ ਇਥੋ ਦੀ ਅਫਸਰਸਾਹੀ ਵੀ ਤਿੱਬਤੀਆ ਦੀ ਭਾਸ਼ਾ, ਬੋਲੀ ਸਿੱਖਦੀ ਹੋਈ ਉਨ੍ਹਾਂ ਦੇ ਜੀਵਨ ਨੂੰ ਚੰਗੇਰਾ ਬਣਾਉਣ ਲਈ ਹੋਰ ਵਧੇਰੇ ਯੋਗਦਾਨ ਪਾ ਸਕਣ । ਉਨ੍ਹਾਂ ਇਸ ਗੱਲ ਦਾ ਵਿਸੇਸ ਤੌਰ ਤੇ ਵਰਣਨ ਕਰਦੇ ਹੋਏ ਕਿਹਾ ਕਿ ਜਦੋ ਮੈਂ ਪਾਰਲੀਮੈਟ ਮੈਬਰ ਸੀ, ਤਾਂ ਮੈਂ ਇੰਡੀਅਨ ਪਾਰਲੀਮੈਟ ਵਿਚ ਆਪਣੇ ਵਿਚਾਰ ਪ੍ਰਗਟਾਉਦੇ ਹੋਏ ਹੁਕਮਰਾਨਾਂ ਅੱਗੇ ਇਹ ਸੰਜੀਦਾ ਮੰਗ ਰੱਖੀ ਸੀ ਕਿ ਤਿੱਬਤੀਆਂ ਲਈ ਯੂਨੀਵਰਸਿਟੀ ਬਣਾਈ ਜਾਵੇ । ਜਿਸ ਵਿਚ ਫੌਜ ਦੇ ਅਫਸਰਾਨ ਤੇ ਸੂਬੇਦਾਰ ਆਦਿ ਵੀ ਆਪਣੀ ਪੜਾਈ ਹਾਸਿਲ ਕਰ ਸਕਣ । ਇਸ ਪ੍ਰਗਟਾਏ ਗਏ ਤਿੱਬਤੀਅਨ ਪੱਖੀ ਵਿਚਾਰਾਂ ਲਈ ਉਸ ਸਮੇ ਸ੍ਰੀ ਦਲਾਈਲਾਮਾ ਨੇ ਮੈਨੂੰ ਮਿਲਕੇ ਅਤੇ ਪੱਤਰ ਰਾਹੀ ਉਚੇਚੇ ਤੌਰ ਤੇ ਧੰਨਵਾਦ ਕੀਤਾ ਸੀ । ਜੋ ਕਿ ਸਾਡਾ ਇਖਲਾਕੀ ਤੇ ਇਨਸਾਨੀ ਫਰਜ ਵੀ ਸੀ । ਲੇਕਿਨ ਇਹ ਉਦਮ ਸਿੱਖ ਕੌਮ ਲਈ ਵਿਸਾਲਤਾਂ ਦੀ ਸੋਚ ਦੇ ਬਿਨ੍ਹਾਂ ਤੇ ਫਖ਼ਰ ਵਾਲਾ ਵੀ ਹੈ ।