ਜਦੋਂ ਲਾਪਤਾ ਹੋਏ 328 ਪਾਵਨ ਸਰੂਪਾਂ ਬਾਰੇ ਕੋਈ ਨਤੀਜਾ ਨਹੀ ਨਿਕਲਿਆ, ਤਾਂ ਸਿੱਟ ਵੱਲੋਂ ਹੋ ਰਹੀ ਕਾਰਵਾਈ ਵਿਚ ਕੋਈ ਰੁਕਾਵਟ ਨਹੀ ਪਾਉਣੀ ਚਾਹੀਦੀ : ਮਾਨ
ਫ਼ਤਹਿਗੜ੍ਹ ਸਾਹਿਬ, 15 ਜੂਨ ( ) “ਐਸ.ਜੀ.ਪੀ.ਸੀ ਦੀ ਦੇਖਰੇਖ ਹੇਠ ਜਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਬਾਰੇ ਐਸ.ਜੀ.ਪੀ.ਸੀ. ਆਪਣੀ ਜਿੰਮੇਵਾਰੀ ਪੂਰਨ ਨਹੀ ਕਰ ਸਕੀ ਕਿ ਇਹ ਸਰੂਪ ਕਿਥੇ ਹਨ, ਕਿਹੜੇ ਹਾਲਾਤਾਂ ਵਿਚ ਹਨ ਤਾਂ ਇਸ ਸੰਬੰਧੀ ਸਰਕਾਰ ਵੱਲੋ ਬਣਾਈ ਗਈ ਸਿੱਟ ਅਗਲੇਰੀ ਜਾਂਚ ਦੀ ਕਾਰਵਾਈ ਕਰ ਰਹੀ ਹੈ ਤਾਂ ਉਸਨੂੰ ਆਪਣੀ ਕਾਰਵਾਈ ਤੋ ਰੋਕਣਾ ਜਾਂ ਉਸਨੂੰ ਸਹਿਯੋਗ ਨਾ ਦੇਣ ਦੇ ਅਮਲ ਤਾਂ ਸੱਚ ਨੂੰ ਸਾਹਮਣੇ ਆਉਣ ਤੋ ਰੋਕਣ ਵਾਲੀ ਦੁੱਖਦਾਇਕ ਕਾਰਵਾਈ ਹੋਵੇਗੀ । ਗਿਆਨੀ ਰਘਬੀਰ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਜੇਕਰ ਸਿੱਟ ਨੇ ਪਹੁੰਚ ਕਰਕੇ ਤੱਥਾਂ ਨੂੰ ਇਕੱਤਰ ਕਰਨ ਤੇ ਜਾਂਚ ਨੂੰ ਅੱਗੇ ਵਧਾਉਣ ਵਿਚ ਸਹਿਯੋਗ ਕੀਤਾ ਹੈ ਤਾਂ ਇਸ ਵਿਚ ਕੁਝ ਵੀ ਗਲਤ ਨਹੀ । ਕਿਉਂਕਿ ਸਿੱਟ ਉਨ੍ਹਾਂ ਦੇ ਘਰ ਗਈ ਹੈ ਨਾ ਕਿ ਉਹ ਸਿੱਟ ਕੋਲ ਗਏ ਹਨ । ਫਿਰ ਐਸ.ਜੀ.ਪੀ.ਸੀ ਦੇ ਅਧਿਕਾਰੀ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ, ਬੀਬੀ ਜਗੀਰ ਕੌਰ, ਸਾਬਕਾ ਪ੍ਰਧਾਨ ਐਸ.ਜੀ.ਪੀ.ਸੀ ਨੂੰ ਕਿਸੇ ਕਿਸਮ ਦਾ ਕਿੰਤੂ-ਪ੍ਰੰਤੂ ਕਰਨ ਜਾਂ ਰੁਕਾਵਟ ਪਾਉਣ ਵਾਲੇ ਦੁੱਖਦਾਇਕ ਅਮਲ ਹੋਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਲਾਪਤਾ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੀ ਚੱਲ ਰਹੀ ਜਾਂਚ ਵਿਚ ਗਿਆਨੀ ਰਘਬੀਰ ਸਿੰਘ ਵੱਲੋ ਆਪਣੇ ਬਿਆਨ ਦਰਜ ਕਰਨ ਉਤੇ ਐਸ.ਜੀ.ਪੀ.ਸੀ ਦੇ ਅਧਿਕਾਰੀਆਂ, ਸ. ਧਾਮੀ, ਬੀਬੀ ਜਗੀਰ ਕੌਰ ਵੱਲੋ ਬਿਨ੍ਹਾਂ ਕਿਸੇ ਦਲੀਲ, ਸਿਧਾਂਤ ਦੇ ਕੀਤੀ ਜਾ ਰਹੀ ਵਿਰੋਧਤਾ ਨੂੰ ਨਿਰਾਰਥਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਲੰਮੇ ਸਮੇ ਤੋ ਮੌਜੂਦਾ ਐਸ.ਜੀ.ਪੀ.ਸੀ ਦੇ ਅਧਿਕਾਰੀਆ ਦੀਆਂ ਦਿਸ਼ਾਹੀਣ, ਗੈਰ ਸਿਧਾਤਿਕ ਅਮਲਾਂ ਦੀ ਬਦੌਲਤ ਸਾਡੀਆ ਮਹਾਨ ਸੰਸਥਾਵਾਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਦੇ ਮਾਣ-ਸਨਮਾਨ ਨੂੰ ਨਿਰੰਤਰ ਠੇਸ ਪਹੁੰਚਦੀ ਆ ਰਹੀ ਹੈ ਅਤੇ ਇਨ੍ਹਾਂ ਸੰਸਥਾਵਾਂ ਦੀ ਇਹ ਅਧਿਕਾਰੀ ਆਪਣੀ ਸਿਆਸੀ-ਮਾਲੀ ਸਵਾਰਥਾਂ ਦੀ ਪੂਰਤੀ ਲਈ ਦੁਰਵਰਤੋ ਕਰਦੇ ਆ ਰਹੇ ਹਨ । ਤਾਂ ਜੇਕਰ ਇਸ ਦਿਸ਼ਾ ਵੱਲ ਕੋਈ ਸਾਰਥਿਕ ਅਮਲ ਹੋਣ ਜਾ ਰਿਹਾ ਹੈ ਤਾਂ ਉਸ ਸੱਚ ਨੂੰ ਸਾਹਮਣੇ ਆਉਣ ਤੋ ਰੋਕਣ ਲਈ ਚੀਕ ਚਿਹਾੜਾ ਕਿਉਂ ਪਾਇਆ ਜਾ ਰਿਹਾ ਹੈ । ਇਸ ਵਿਚ ਰੁਕਾਵਟਾ ਕਿਉ ਖੜ੍ਹੀਆ ਕੀਤੀਆ ਜਾ ਰਹੀਆ ਹਨ ? ਉਨ੍ਹਾਂ ਕਿਹਾ ਕਿ ਗਿਆਨੀ ਰਘਬੀਰ ਸਿੰਘ ਜੀ ਵੱਲੋ ਇਸ ਵਿਸੇ ਤੇ ਦ੍ਰਿੜਤਾ ਪੂਰਵਕ ਲਏ ਗਏ ਸਟੈਂਡ ਲਈ ਐਸ.ਜੀ.ਪੀ.ਸੀ ਅਧਿਕਾਰੀਆ ਨੂੰ ਤਾਂ ਧੰਨਵਾਦ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਬਿਨ੍ਹਾਂ ਕਿਸੇ ਡਰ ਭੈ ਤੋ ਇਸ ਕੇਸ ਨੂੰ ਫੈਸਲੇ ਦੀ ਘੜੀ ਵੱਲ ਲਿਜਾਣ ਲਈ ਆਪਣੇ ਫਰਜ ਅਦਾ ਕੀਤੇ ਹਨ ।
ਸ. ਮਾਨ ਨੇ ਇਸ ਗੱਲ ਉਤੇ ਗਹਿਰਾ ਦੁੱਖ ਤੇ ਹੈਰਾਨੀ ਜਾਹਰ ਕੀਤੀ ਕਿ ਜਦੋ 06 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਮਹਾਨ ਸਥਾਂਨ ਤੇ ਬਲਿਊ ਸਟਾਰ ਦੇ ਫੌਜੀ ਹਮਲੇ ਦੌਰਾਨ ਸਹੀਦ ਹੋਏ ਸਮੁੱਚੇ ਸਿੰਘਾਂ ਨੂੰ ਸਮਰਪਿਤ ਅਰਦਾਸ ਹੁੰਦੀ ਹੈ, ਤਾਂ ਹਰਜਿੰਦਰ ਸਿੰਘ ਧਾਮੀ ਉਸ ਮਹਾਨ ਸਥਾਂਨ ਨੂੰ ਛੱਡਕੇ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ ਚੌਕ ਮਹਿਤੇ ਕਿਉ ਗਏ ? ਜਦੋਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਸ ਮਹਾਨ ਦਿਹਾੜੇ ਤੇ ਪੰਜਾਬ ਤੇ ਮੁਲਕ ਦੇ ਹਰ ਕੋਨੇ, ਸਹਿਰ, ਪਿੰਡ ਤੋ ਇਸ ਅਰਦਾਸ ਵਿਚ ਸੰਗਤਾਂ ਸਾਮਿਲ ਹੋਣ ਲਈ ਪਹੁੰਚੀਆ ਹੋਈਆ ਸਨ । ਸੰਗਤ ਜਿਸਨੂੰ ਗੁਰੂ ਸਾਹਿਬ ਨੇ 21 ਵਿਸਬੇ ਦਾ ਵੱਡਾ ਸਤਿਕਾਰ ਮਾਣ ਬਖਸਿਸ ਕੀਤਾ ਹੈ, ਉਸ ਨੂੰ ਨਜਰਅੰਦਾਜ ਕਰਕੇ ਆਰ.ਐਸ.ਐਸ, ਬੀਜੇਪੀ ਆਗੂਆ ਦਾ ਸਵਾਗਤ ਕਰਨ ਲਈ ਜਾਣਾ ਕੀ ਉਨ੍ਹਾਂ ਵੱਲੋ ਵਾਜਿਬ ਸੀ, ਸਿੱਖੀ ਸਿਧਾਤਾਂ ਤੇ ਸੋਚ ਨੂੰ ਪਿੱਠ ਦੇਣ ਵਾਲਾ ਨਹੀ ਸੀ ? ਸ. ਮਾਨ ਨੇ 328 ਲਾਪਤਾ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਸੱਚ ਨੂੰ ਸਾਹਮਣੇ ਲਿਆਉਣ ਲਈ ਬਣੀ ਸਿੱਟ ਨੂੰ ਆਪਣਾ ਕਾਨੂੰਨੀ ਅਮਲ ਜਾਰੀ ਰੱਖਣ ਅਤੇ ਹਰ ਕੀਮਤ ਤੇ ਇਸ ਨੂੰ ਸਾਹਮਣੇ ਲਿਆਉਣ ਦੀ ਜਿਥੇ ਉਮੀਦ ਕੀਤੀ ਉਥੇ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੇ ਇਸ ਹੋਏ ਦੁੱਖਦਾਇਕ ਅਮਲ ਦੇ ਸਮੁੱਚੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਸਜਾਵਾ ਦੇਣ ਦੀ ਵੀ ਮੰਗ ਕੀਤੀ ।