ਗਿਆਨੀ ਰਘਵੀਰ ਸਿੰਘ ਵੱਲੋ ਚੁੱਕਿਆ ਕਦਮ ਸਿੱਖੀ ਸਿਧਾਤ ਵਿਰੋਧੀ, ਫੌਰੀ ਕੇਸ ਵਾਪਸ ਲੈਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਕਾਇਮ ਰੱਖਣ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 30 ਜੂਨ ( ) “ਇਹ ਬਹੁਤ ਦੁੱਖ ਤੇ ਅਫਸੋਸ ਵਾਲੀ ਕਾਰਵਾਈ ਹੈ ਕਿ ਜੋ ਸਖਸ ਖੁਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਮਹਾਨ ਰੁਤਬੇ ਦੀ ਸੇਵਾ ਨਿਭਾਅ ਚੁੱਕੇ ਹੋਣ ਅਤੇ ਸ੍ਰੀ ਦਰਬਾਰ ਸਾਹਿਬ ਦੇ ਅਤਿ ਸਤਿਕਾਰਿਤ ਹੈੱਡ ਗ੍ਰੰਥੀ ਦੀ ਸੇਵਾ ਕਰਦੇ ਹੋਣ, ਉਨ੍ਹਾਂ ਵੱਲੋ ਆਪਣੇ ਕੁਝ ਤੁੱਛ ਸਵਾਰਥਾਂ ਅਧੀਨ ਹੋ ਕੇ ਦੁਨਿਆਵੀ ਅਦਾਲਤਾਂ ਅੱਗੇ ਸਮਰਪਣ ਕੀਤਾ ਜਾ ਰਿਹਾ ਹੋਵੇ, ਜੋ ਅਦਾਲਤਾਂ ਸਾਡੀ ਰੁਹਾਨੀਅਤ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਤੁੱਛ ਹਨ । ਇਹ ਤਾਂ ਉਨ੍ਹਾਂ ਦੀ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਅਧੀਨ ਸਿੱਖ ਕੌਮ ਦੀ ਮਹਾਨ ਅਤੇ ਸਰਬਉੱਚ ਸੰਸਥਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਰੁਤਬੇ ਦੇ ਮਾਣ ਸਨਮਾਨ ਨੂੰ ਖੁਦ ਹੀ ਠੇਸ ਪਹੁੰਚਾਉਣ ਵਾਲੀ ਦੁੱਖਦਾਇਕ ਕਾਰਵਾਈ ਹੈ । ਉਨ੍ਹਾਂ ਨੇ ਇਹ ਅਮਲ ਕਰਕੇ ਜਾਂ ਤਾਂ ਆਪਣੀ ਵੱਡੀ ਸਖਸ਼ੀਅਤ ਨੂੰ ਸਿੱਖ ਵਿਰੋਧੀ ਤਾਕਤਾਂ ਅੱਗੇ ਸਮਰਪਣ ਕਰ ਦਿੱਤਾ ਹੈ ਜਾਂ ਫਿਰ ਆਪਣੇ ਹੈੱਡ ਗ੍ਰੰਥੀ ਦੇ ਅਹੁਦੇ ਨੂੰ ਬਰਕਰਾਰ ਰੱਖਣ ਹਿੱਤ ਸਿੱਖੀ ਸਿਧਾਤਾਂ ਦੇ ਉਲਟ ਜਾ ਕੇ ਇਹ ਕਦਮ ਚੁੱਕਿਆ ਹੈ । ਜਿਸ ਨੂੰ ਕਤਈ ਵੀ ਸਹੀ ਕਰਾਰ ਨਹੀ ਦਿੱਤਾ ਜਾ ਸਕਦਾ ਅਤੇ ਨਾ ਹੀ ਸਿੱਖ ਕੌਮ ਦੇ ਮਾਣ-ਸਨਮਾਨ ਲਈ ਅੱਛਾ ਹੈ । ਇਸ ਲਈ ਜਿੰਨੀ ਜਲਦੀ ਹੋ ਸਕਣ ਬਿਨ੍ਹਾਂ ਕਿਸੇ ਦੇਰੀ ਕੀਤੇ ਜੇਕਰ ਗਿਆਨੀ ਰਘਬੀਰ ਸਿੰਘ ਜੀ ਇਹ ਕੇਸ ਵਾਪਸ ਲੈਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਰੁਹਾਨੀਅਤ ਰੁਤਬੇ ਨੂੰ ਕਾਇਮ ਰੱਖਣ ਦੇ ਉਦਮ ਕਰਨ ਤਾਂ ਇਹ ਉਨ੍ਹਾਂ ਦੀ ਆਪਣੀ ਸਖਸੀਅਤ ਲਈ ਅਤੇ ਆਉਣ ਵਾਲੇ ਸਮੇ ਵਿਚ ਉਨ੍ਹਾਂ ਦੇ ਜਮੀਰ ਤੇ ਪੈਣ ਵਾਲੇ ਵੱਡੇ ਬੋਝ ਨੂੰ ਖਤਮ ਕਰਨ ਲਈ ਬਿਤਹਰ ਹੋਵੇਗਾ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗਿਆਨੀ ਰਘਬੀਰ ਸਿੰਘ ਜੀ ਵੱਲੋ ਸਿੱਖੀ ਸਿਧਾਤਾਂ ਦੇ ਉਲਟ ਜਾ ਕੇ ਸਿੱਖ ਕੌਮ ਦੇ ਇਸ ਮੁੱਦੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਜਾਂ ਪੰਥ ਦੀ ਕਚਹਿਰੀ ਵਿਚ ਰੱਖਣ ਦੀ ਬਜਾਇ ਦੁਨਿਆਵੀ ਅਦਾਲਤਾਂ ਵਿਚ ਕੇਸ ਪਾ ਕੇ ਸਾਡੇ ਮਹਾਨ ਤਖਤ ਦੇ ਮਾਣ ਸਨਮਾਨ ਨੂੰ ਬੋਨਾ ਕਰਨ ਦੇ ਦੁੱਖਦਾਇਕ ਅਮਲਾਂ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਅਤੇ ਉਨ੍ਹਾਂ ਨੂੰ ਤੁਰੰਤ ਇਹ ਕੇਸ ਵਾਪਸ ਲੈਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਕਾਇਮ ਰੱਖਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ ਸਿੱਖ ਇਤਿਹਾਸ ਵਿਚ ਸਿੱਖ ਸਿਧਾਤਾਂ ਨੂੰ ਤੇ ਸੋਚ ਨੂੰ ਕਾਇਮ ਰੱਖਣ ਲਈ ‘ਹਮਕੋ ਲੋੜ ਨਬਾਬੀ ਨਾਹਿ’ ਤੋ ਅੱਗੇ ਜਾ ਕੇ ਅਜਿਹੇ ਸਮਿਆ ਵਿਚ ਧਨ ਦੌਲਤਾਂ ਤੇ ਜਾਇਦਾਦਾਂ ਕੀ ਆਪੋ ਆਪਣੀ ਖਾਲਸਾ ਪੰਥ ਲਈ ਅਹੁਤੀ ਦੇਣ ਨੂੰ ਵੀ ਆਪਣਾ ਵੱਡਭਾਗ ਮਹਿਸੂਸ ਕੀਤਾ ਜਾਂਦਾ ਰਿਹਾ ਹੈ ਅਤੇ ਅੱਜ ਵੀ ਇਹ ਪ੍ਰਚੱਲਿਤ ਹੈ । ਲੇਕਿਨ ਗਿਆਨੀ ਜੀ ਨੇ ਇਹ ਦੁਖਦਾਇਕ ਕਾਰਵਾਈ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਰੁਤਬੇ ਦੇ ਮਾਣ ਸਨਮਾਨ ਤੇ ਵੱਡਾ ਪ੍ਰਸਨਚਿੰਨ ਲਗਾਉਣ ਦੀ ਗੁਸਤਾਖੀ ਕੀਤੀ ਹੈ । ਸ. ਟਿਵਾਣਾ ਨੇ ਸਮੁੱਚੀ ਸਿੱਖ ਕੋਮ ਅਤੇ ਲੀਡਰਸਿਪ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਉਹ ਗਿਆਨੀ ਰਘਬੀਰ ਸਿੰਘ ਜੀ ਨੂੰ ਤੁਰੰਤ ਦੁਨਿਆਵੀ ਅਦਾਲਤ ਵਿਚ ਕੀਤੇ ਗਏ ਆਪਣੇ ਕੇਸ ਨੂੰ ਵਾਪਸ ਲੈਣ ਲਈ ਮਜਬੂਰ ਕਰ ਦੇਣ ਤਾਂ ਕਿ ਕੋਈ ਵੀ ਤਾਕਤ ਜਾਂ ਦੁਸਮਣ ਤਾਕਤਾਂ ਸਾਡੇ ਇਨ੍ਹਾਂ ਮਹਾਨ ਸਿਧਾਤਾਂ, ਸੋਚ ਅਤੇ ਸੰਸਥਾਵਾਂ ਦਾ ਨੁਕਸਾਨ ਕਰਨ ਜਾਂ ਉਨ੍ਹਾਂ ਨੂੰ ਬੋਨਾ ਦਿਖਾਉਣ ਵਿਚ ਕਾਮਯਾਬ ਨਾ ਹੋ ਸਕਣ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਖਾਲਸਾ ਪੰਥ ਦੇ ਸਿਧਾਤਾਂ ਨੂੰ ਮਜਬੂਤ ਕਰਨ ਅਤੇ ਵੱਡੇਰੇ ਹਿੱਤਾ ਲਈ ਗਿਆਨੀ ਜੀ ਖੁਦ ਹੀ ਇਹ ਕੀਤਾ ਕੇਸ ਵਾਪਸ ਲੈਕੇ ਖਾਲਸਾ ਪੰਥ ਦੇ ਵੱਡੇ ਇਮਤਿਹਾਨ ਵਿਚੋ ਕੱਢਣ ਦੀ ਜਿੰਮੇਵਾਰੀ ਨਿਭਾਉਣਗੇ ।