ਦਲਜੀਤ ਸਿੰਘ ਦੁਸਾਂਝ ਦੀ ਫਿਲਮ ‘ਸਰਦਾਰ ਜੀ 3’ ‘ਤੇ ਰੋਕ – ਸ.ਸਿਮਰਨਜੀਤ ਸਿੰਘ ਮਾਨ ਵੱਲੋਂ ਸਖਤ ਨਿੰਦਾ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਪੰਜਾਬੀ ਅਦਾਕਾਰ ਸ.ਦਲਜੀਤ ਸਿੰਘ ਦੁਸਾਂਝ ਦੀ ਨਵੀਂ ਆ ਰਹੀ ਫਿਲਮ ‘ਸਰਦਾਰ ਜੀ 3’ ਉੱਤੇ ਲਾਈ ਗਈ ਰੋਕ ਦੀ ਸਖਤ ਨਿੰਦਾ ਕੀਤੀ ਹੈ। ਇਹ ਰੋਕ ਸਿਰਫ਼ ਇਸ ਕਰਕੇ ਲਾਈ ਗਈ ਹੈ ਕਿ ਇਸ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨੇ ਕੰਮ ਕੀਤਾ ਹੈ।
ਸ. ਮਾਨ ਨੇ ਕਿਹਾ, “ਫਿਲਮਾਂ ਕਲਾ ਤੇ ਕਾਰੋਬਾਰ ਦਾ ਹਿੱਸਾ ਹੁੰਦੀਆਂ ਹਨ, ਅਦਾਕਾਰਾ ਦਾ ਰੋਲ ਡਰੈਕਟਰ ਵੱਲੋਂ ਤਹਿ ਕੀਤਾ ਜਾਂਦਾ ਹੈ। ਇਹਨਾਂ ਨੂੰ ਧਾਰਮਿਕ ਜਾਂ ਰਾਜਨੀਤਿਕ ਜਾ ਛੋਟੀ ਸੋਚ ਨਾਲ ਨਾ ਜੋੜਿਆ ਜਾਵੇ । ਅਦਾਕਾਰ ਆਪਣੀ ਭੂਮਿਕਾ ਨਿਭਾਉਂਦੇ ਹਨ, ਉਹ ਕੋਈ ਰਾਜਨੀਤਿਕ ਜਾਂ ਧਾਰਮਿਕ ਏਜੰਡਾ ਨਹੀਂ ਲੈ ਕੇ ਆਉਂਦੇ । ਸ. ਦਲਜੀਤ ਸਿੰਘ ਦੁਸਾਂਝ ਇੱਕ ਅਜਿਹਾ ਕਲਾਕਾਰ ਹੈ ਜੋ ਸਿੱਖੀ, ਪੰਜਾਬੀਅਤ ਅਤੇ ਗੁਰਮੁਖੀ ਲਿਪੀ ਦੀ ਸੱਭਿਆਚਾਰਕ ਪਛਾਣ ਨੂੰ ਗੌਰਵ ਨਾਲ ਪੇਸ਼ ਕਰਦਾ ਆ ਰਿਹਾ ਹੈ।”
ਉਹਨਾਂ ਯਾਦ ਕਰਵਾਇਆ ਕਿ ਦਲਜੀਤ ਨੇ 1984 ਦੇ ਸਿੱਖ ਨਸਲਕੁਸ਼ੀ ਦੇ ਦਰਦ ਨੂੰ ਆਪਣੀ ਫਿਲਮਾਂ ਰਾਹੀਂ ਜਗਤ ਅੱਗੇ ਪੇਸ਼ਕਾਰੀ ਕੀਤੀ, ਜਿਵੇਂ ਜਸਵੰਤ ਸਿੰਘ ਖਾਲੜਾ ਤੇ ਬਣੀ ‘ਪੰਜਾਬ 95’ ਵਿੱਚ ਵਧੇਰੇ ਕੱਟ ਲਗਾਏ ਗਏ ਅਤੇ ਹੋਰ ਸਮਾਜਿਕ ਫਿਲਮਾਂ। ਇਨ੍ਹਾਂ ਫਿਲਮਾਂ ਨੇ ਸਿੱਖ ਕੌਮ ਦੀ ਹਕੀਕਤ ਅਤੇ ਇਤਿਹਾਸ ਨੂੰ ਨਵੀਂ ਪੀੜ੍ਹੀ ਦੇ ਸ਼ਾਹਮਣੇ ਲਿਆਂਦਾ ਹੈ ।
ਸ.ਦਲਜੀਤ ਸਿੰਘ ਦੁਸਾਂਝ ਨੇ ਹਾਲ ਹੀ ਵਿੱਚ ਮੈਟ ਗੈਲਾ ਵਰਗੇ ਦੁਨੀਆਂ ਪੱਧਰੀ ਮੰਚ ‘ਤੇ ਸਿੱਖੀ ਦੀ ਰੂਹ ਨੂੰ ਉਭਾਰ ਕੇ ਵਿਖਾਇਆ। ਸ. ਮਾਨ ਨੇ ਕਿਹਾ, “ ਸ. ਦਲਜੀਤ ਨੇ ਮੈਟ ਗੈਲਾ ਵਿੱਚ ਪੱਗ, ਕਿਰਪਾਨ, ਗੁਰਮੁਖੀ ਲਿਪੀ ਅਤੇ ਪੰਜਾਬ ਦੇ ਨਕਸ਼ੇ ਨਾਲ ਜਾ ਕੇ ਸਿੱਖੀ ਅਤੇ ਪੰਜਾਬੀ ਪਹਿਚਾਨ ਨੂੰ ਵਿਸ਼ਵ ਭਰ ਵਿੱਚ ਸਨਮਾਨ ਦਿੱਤਾ। ਉਸ ਦੀ ਅੱਖਾਂ ਵਿੱਚ ਖੁਸ਼ੀ ਦੀ ਥਾਂ ਹੌਸਲਾ ਵੀ ਸੀ ਕਿ ਉਹ ਆਪਣੀ ਸ਼ਖਸੀਅਤ ਨਹੀਂ, ਸਗੋਂ ਪੰਜਾਬ ਨੂੰ ਪੇਸ਼ ਕਰਨ ਜਾ ਰਿਹਾ ਸੀ।”
ਸ. ਮਾਨ ਨੇ ਦੋਸ਼ ਲਾਇਆ ਕਿ ਹਿੰਦੂਵਾਦੀ ਸੋਚ ਅਤੇ ਕੇਂਦਰੀ ਸਾਂਝੀ ਘੁੱਟਣ ਵਾਲੀ ਮਨੋਬਿਰਤੀ ਹਮੇਸ਼ਾ ਸਿੱਖੀ, ਗੁਰਮੁਖੀ ਅਤੇ ਪੰਜਾਬੀਅਤ ਦੇ ਪ੍ਰਤੀ ਘਾਤਕ ਸਾਬਤ ਹੋਈ ਹੈ। ਉਹ ਕਹਿੰਦੇ ਹਨ, “ਇਹ ਰੋਕ ਸਿਰਫ਼ ਸ. ਦਲਜੀਤ ਦੀ ਫਿਲਮ ਨਹੀਂ, ਸਿੱਖੀ ਦੇ ਪ੍ਰਤੀ – ਪੱਗ, ਗੁਰਮੁਖੀ ਲਿਪੀ ਅਤੇ ਪੰਜਾਬੀ ਕਲਾ – ਉੱਤੇ ਹੈ । ਅਸੀਂ ਇਸ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ।”
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮੰਗ ਕੀਤੀ ਗਈ ਹੈ ਕਿ ਐਸੀਆਂ ਉੱਚੀਆਂ ਸੋਚਾਂ ਦੇ ਵਿਰੁੱਧ ਪੰਜਾਬੀ ਜਨਤਾ ਅਵਾਜ਼ ਬੁਲੰਦ ਕਰੇ ਅਤੇ ਪੰਜਾਬੀ ਕਲਾ, ਸੱਭਿਆਚਾਰ ਅਤੇ ਅਦਾਕਾਰਾਂ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਢਿੱਲ ਨਾ ਦਿੱਤੀ ਜਾਵੇ।
ਸਰਦਾਰ ਮਾਨ ਨੇ ਇਹ ਵੀ ਕਿਹਾ ਕਿ ਜੇ ਅਦਾਕਾਰ ਬੀਬੀ ਹਾਨੀਆਂ ਅਮਿਰ ਪਾਕਿਸਤਾਨੀ ਹੈ ਤਾਂ ਸਾਡਾ ਪਿਛੋਕੜ ਵੀ ਪਾਕਿਸਤਾਨ ਤੋਂ ਹੀ ਹੈ ਇਹ ਹਿੰਦੂਤਵਾ ਸਰਕਾਰ ਜੋ ਇੰਡਸ ਦਾ ਪਾਣੀ ਪਾਕਿਸਤਾਨ ਨੂੰ ਨਹੀਂ ਦੇਣਾ ਚਾਹੁੰਦੀਆਂ ਉਹ ਇੱਕ ਸਖਤ ਜੁਰਮ ਹੈ । ਕਿਉਂਕਿ ਰਾਵੀ ਅਤੇ ਚਨਾਬ ਦਾ ਪਾਣੀ ਅੱਜ ਵੀ ਮੇਰੇ ਪਾਕਿਸਤਾਨ ਦੇ ਖੇਤਾਂ ਨੂੰ ਲੱਗਦਾ ਹੈ ਜੋ ਕਿ ਅਸੀਂ ਸਮਝਦੇ ਹਾਂ ਇਹ ਪਾਣੀ ਬੰਦ ਕਰਕੇ ਹਿੰਦੁਤਵਾ ਸਰਕਾਰ ਬਹੁਤ ਜਬਰ ਕਰ ਰਹੀ ਹੈ ਜਿਸ ਨਾਲ ਲੜਾਈ ਵਿੱਚ ਵੀ ਵਾਧਾ ਹੋਵੇਗਾ ਜਿਸ ਕਾਰਨ ਪੰਜਾਬੀ ਅਤੇ ਸਿੱਖਾਂ ਦਾ ਭਾਰੀ ਨੁਕਸਾਨ ਹੋਵੇਗਾ ਇੰਡਸ ਦੇ ਪਾਣੀਆਂ ਨੂੰ ਪਾਕਿਸਤਾਨ ਜਾਣ ਤੋਂ ਰੋਕ ਨਹੀਂ ਲਗਾਉਣੀ ਚਾਹੀਦੀ ਇਹ ਇੱਕ ਬਹੁਤ ਵੱਡੀ ਸਾਜਿਸ਼ ਹੈ।