ਸ. ਧਾਮੀ ਵੱਲੋ ਤਖਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਦੀ ਨਿਯੁਕਤੀਆਂ ਤੇ ਸੇਵਾਮੁਕਤੀਆਂ ਦੀ ਨਿਯਮਾਂਵਾਲੀ ਬਣਾਉਣ ਲਈ ਬਣਾਈ ਕਮੇਟੀ ਵਿਚ ਬਹੁਤੇ ਚੇਹਰੇ ਹੁਕਮਰਾਨ ਪੱਖੀ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 28 ਜੂਨ ( ) “ਸ. ਹਰਜਿੰਦਰ ਸਿੰਘ ਧਾਮੀ ਜੋ ਲੇਮ ਡੱਕ ਗੈਰ ਕਾਨੂੰਨੀ ਤੌਰ ਤੇ ਚੱਲ ਰਹੀ ਐਸ.ਜੀ.ਪੀ.ਸੀ ਦੇ ਪ੍ਰਧਾਨ ਹਨ, ਉਨ੍ਹਾਂ ਵੱਲੋ ਬੀਤੇ ਸਮੇ ਵਿਚ ਵੀ ਆਪਣੇ ਸਿਆਸੀ ਅਕਾਵਾਂ ਨੂੰ ਖੁਸ਼ ਕਰਨ ਲਈ ਕੀਤੇ ਗਏ ਦਿਸ਼ਾਹੀਣ ਫੈਸਲੇ ਲਏ ਗਏ ਜਿਨ੍ਹਾਂ ਨੂੰ ਕੌਮ ਨੇ ਪ੍ਰਵਾਨ ਨਹੀ ਕੀਤਾ । ਹੁਣ ਉਨ੍ਹਾਂ ਵੱਲੋ ਸਿੱਖ ਕੌਮ ਦੇ ਮਹਾਨ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾਮੁਕਤੀ ਦੀ ਨਿਯਮਾਵਾਲੀ ਬਣਾਉਣ ਲਈ ਐਲਾਨੀ ਗਈ 34 ਮੈਬਰੀ ਕਮੇਟੀ ਵਿਚ ਬਹੁਗਿਣਤੀ ਉਨ੍ਹਾਂ ਚੇਹਰਿਆ ਦੀ ਹੈ ਜੋ ਅਕਸਰ ਹੀ ਹੁਕਮਰਾਨਾਂ ਦੀ ਸੋਚ ਉਤੇ ਅਮਲ ਕਰਨ ਵਾਲੇ ਹਨ। ਜਦੋ ਸਿੱਖੀ ਸੰਸਥਾਵਾਂ ਅਤੇ ਸਿੱਖੀ ਕੋਡ ਨਿਯਮ ਬਣਾਉਣ ਲਈ ਕਿਸੇ ਕਮੇਟੀ ਵਿਚ ਅਜਿਹੇ ਆਗੂਆਂ ਨੂੰ ਥਾਂ ਦਿੱਤੀ ਜਾਵੇ ਤਾਂ ਅਜਿਹੀਆ ਕਮੇਟੀਆ ਤੋ ਸਿੱਖ ਕੌਮ ਕੀ ਉਮੀਦ ਕਰ ਸਕੇਗੀ ਕਿ ਉਹ ਤਖਤਾਂ ਦੇ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਅਤੇ ਸੇਵਾਮੁਕਤੀਆਂ ਦੇ ਨਿਯਮਾਂ ਨੂੰ ਬਣਾਉਣ ਨੂੰ ਕਿਸੇ ਪ੍ਰਭਾਵ ਤੋ ਰਹਿਤ ਰਹਿਕੇ ਕਰਨਗੇ ਅਤੇ ਇਸ ਨਿਯਮਾਵਾਲੀ ਨੂੰ ਸਿੱਖ ਕੌਮ ਦੀਆਂ ਭਾਵਨਾਵਾ ਅਨੁਸਾਰ ਕਾਇਮ ਕਰਨ ਦੀ ਜਿੰਮੇਵਾਰੀ ਨਿਭਾਉਣਗੇ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਸਿੱਖ ਕੌਮ ਵਿਚੋ ਆਪਣਾ ਵਿਸਵਾਸ ਗੁਆ ਚੁੱਕੀ ਅਤੇ ਲੇਮ ਡੱਕ ਵਿਚ ਚੱਲ ਰਹੀ ਐਸ.ਜੀ.ਪੀ.ਸੀ ਦੇ ਮੌਜੂਦਾ ਪ੍ਰਧਾਨ ਵੱਲੋ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਅਤੇ ਸੇਵਾਮੁਕਤੀ ਦੇ ਨਿਯਮਾਂ ਨੂੰ ਤਹਿ ਕਰਨ ਲਈ ਬਣਾਈ ਗਈ ਕਮੇਟੀ ਵਿਚ ਨਿਰਪੱਖਤਾ ਅਤੇ ਦੂਰ ਅੰਦੇਸੀ ਨਾਲ ਅਜਿਹੇ ਕੌਮਾਂਤਰੀ ਪੱਧਰ ਦੇ ਮੈਬਰਾਂ ਨੂੰ ਅਤੇ ਬੁੱਧੀਜੀਵੀਆਂ ਨੂੰ ਨਜਰ ਅੰਦਾਜ ਕਰਨ ਅਤੇ ਬਾਦਲ ਪਰਿਵਾਰ ਦੀਆਂ ਇਛਾਵਾ ਦੀ ਪੂਰਤੀ ਲਈ ਅਮਲ ਕਰਨ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਅਤੇ ਇਸ ਕਮੇਟੀ ਵਿਚ ਕੌਮਾਂਤਰੀ ਪੱਧਰ ਦੇ ਸਭ ਸੂਝਵਾਨਾਂ ਤੇ ਲਿਆਕਤਮੰਦਾ ਨੂੰ ਸਾਮਿਲ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਨਿਯੁਕਤੀਆਂ ਅਤੇ ਸੇਵਾਮੁਕਤੀਆਂ ਕਰਦੇ ਸਮੇ ਕਿਸੇ ਇਕ ਸਿਆਸੀ ਧੜੇ ਦਾ ਪ੍ਰਭਾਵ ਕਾਇਮ ਰਹੇ ਅਤੇ ਸਿੱਖ ਵਿਰੋਧੀ ਹੁਕਮਰਾਨਾਂ ਦੀ ਗੁਪਤ ਆਦੇਸ਼ਾਂ ਰਾਹੀ ਇਹ ਨਿਯਮ ਤਹਿ ਹੋਣ ਅਜਿਹਾ ਸਿੱਖ ਕੌਮ ਕਤਈ ਪ੍ਰਵਾਨ ਨਹੀ ਕਰ ਸਕਦੀ । ਅਜਿਹੀ ਬਣਨ ਵਾਲੀ ਕਮੇਟੀ ਵਿਚ ਨਿਰਪੱਖਤਾ ਨਾਲ ਅਤੇ ਆਉਣ ਵਾਲੇ ਸਮੇ ਦੇ ਕੌਮ ਪੱਖੀ ਨਤੀਜੇ ਦੇਣ ਹਿੱਤ ਹੋਰ ਵਿਸਾਲਤਾ ਅਤੇ ਕੌਮਾਂਤਰੀ ਪੱਧਰ ਦੀਆਂ ਸਖਸ਼ੀਅਤਾਂ ਨੂੰ ਖੁਲਦਿਲੀ ਨਾਲ ਸਾਮਿਲ ਕਰਕੇ ਅਜਿਹੀ ਨਿਯਮਾਵਾਲੀ ਬਣਨ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ ਜਿਸ ਨਾਲ ਕੋਈ ਵੀ ਇਕ ਸਿਆਸੀ ਧੜਾ, ਗਰੁੱਪ ਸਾਡੇ ਮਹਾਨ ਤਖਤਾਂ ਦੇ ਜਥੇਦਾਰ ਸਾਹਿਬਾਨ ਦੇ ਉੱਚ ਸਤਿਕਾਰਿਤ ਰੁਤਬਿਆ ਅਤੇ ਉਸਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ ਦੇ ਅਮਲ ਨਾ ਹੋ ਸਕਣ । ਇਸ ਕਰਕੇ ਹੀ ਇਹ ਨਿਯਮਾਵਾਲੀ ਬਣਾਉਣ ਦਾ ਮੁੱਦਾ ਜੋਰ ਸੋਰ ਨਾਲ ਉੱਠਿਆ ਹੈ । ਕੇਵਲ ਬੀਜੇਪੀ-ਆਰ.ਐਸ.ਐਸ ਜਾਂ ਕਾਂਗਰਸ ਵਰਗੀਆ ਸਿੱਖ ਵਿਰੌਧੀ ਜਮਾਤਾਂ ਦੀ ਸਰਪ੍ਰਸਤੀ ਹੇਠ ਚੱਲਣ ਵਾਲੇ ਸਿੱਖਾਂ ਜਾਂ ਬੁੱਧੀਜੀਵੀਆਂ ਦੀ ਖਾਨਾਪੂਰਤੀ ਕਰਕੇ ਸਥਾਈ ਤੌਰ ਤੇ ਕੌਮ ਪੱਖੀ ਨਿਯਮਾਂਵਾਲੀ ਨਹੀ ਬਣਾਈ ਜਾ ਸਕਦੀ ।
ਸ. ਟਿਵਾਣਾ ਨੇ 5 ਮੈਬਰੀ ਸੁਧਾਰ ਕਮੇਟੀ ਵੱਲੋ ਵਾਰਿਸ ਪੰਜਾਬ ਦੇ ਜਥੇਬੰਦੀ ਨਾਲ ਮੌਕਾਪ੍ਰਸਤੀ ਦੀ ਸੋਚ ਅਧੀਨ ਸਾਂਝ ਪਾਉਣ ਉਤੇ ਗੰਭੀਰਤਾ ਨਾਲ ਗੱਲ ਕਰਦੇ ਹੋਏ ਕਿਹਾ ਕਿ ਜਿਸ 5 ਮੈਬਰੀ ਕਮੇਟੀ ਦੇ ਆਗੂਆ ਤੇ ਬਾਦਲ ਦਲੀਆ ਨੂੰ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋ ਇਹ ਫੈਸਲਾ ਦੇ ਕੇ ਕਿ ਇਹ ਲੋਕ ਹੁਣ ਖਾਲਸਾ ਪੰਥ ਦੀ ਅਗਵਾਈ ਕਰਨ ਦਾ ਹੱਕ ਗੁਆ ਚੁੱਕੇ ਹਨ । ਉਨ੍ਹਾਂ ਵੱਲੋ ਆਪਣੀ ਖਤਮ ਹੋ ਚੁੱਕੀ ਸਾਖ ਨੂੰ ਫਿਰ ਤੋ ਬਹਾਲ ਕਰਨ ਲਈ ਗੁੰਮਰਾਹ ਕਰਨ ਹਿੱਤ ਪਹਿਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਦੀ ਦੁਰਵਰਤੋ ਕਰਕੇ ਭਰਤੀ ਸੁਰੂ ਕੀਤੀ ਗਈ ਜਦੋ ਸਿੱਖ ਕੌਮ ਤੇ ਪੰਜਾਬੀਆ ਨੇ ਇਨ੍ਹਾਂ ਨੂੰ ਘਾਹ ਨਾ ਪਾਇਆ ਤਾਂ ਹੁਣ ਇਹ ਦਿਸ਼ਾਹੀਣ ਦਾਗੋਦਾਗ ਹੋਈ ਲੀਡਰਸਿਪ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਸਹਾਰਾ ਲੈਕੇ ਸਿੱਖ ਕੌਮ ਵਿਚ ਆਪਣੀ ਪ੍ਰਵਾਨਗੀ ਤੇ ਸਮੂਲੀਅਤ ਦਾ ਰਾਹ ਲੱਭ ਰਹੀ ਹੈ । ਇਸ ਲਈ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂਆ ਜਾਂ ਹੋਰ ਪੰਥਕ ਸੋਚ ਰੱਖਣ ਵਾਲੇ ਲੀਡਰਸਿਪ ਨੂੰ ਕਤਈ ਵੀ ਅਜਿਹੀ ਦਾਗੋ ਦਾਗ ਹੋਈ ਅਤੇ ਜਿਸਦਾ ਪੰਜਾਬੀਆਂ ਤੇ ਸਿੱਖਾਂ ਲਈ ਕੋਈ ਦੇਣ ਨਹੀ ਅਜਿਹੀ ਇਖਲਾਕੀ ਤੌਰ ਤੇ ਮਰ ਚੁੱਕੀ ਅਤੇ ਵਾਰ-ਵਾਰ ਕੌਮ ਨੂੰ ਧੋਖਾ ਦੇਣ ਵਾਲੀ ਲੀਡਰਸਿਪ ਦੇ ਮੂੰਹ ਵਿਚ ਪਾਣੀ ਪਾ ਕੇ ਜਿਊਦਾ ਕਰਨ ਦੀ ਗੁਸਤਾਖੀ ਬਿਲਕੁਲ ਨਹੀ ਕਰਨੀ ਚਾਹੀਦੀ । ਬਲਕਿ ਕੌਮ ਦੀ ਆਜਾਦੀ ਦੇ ਮਿਸਨ ਅਤੇ ਕੌਮੀ ਮਸਲਿਆ ਨੂੰ ਸੁਹਿਰਦਤਾ ਨਾਲ ਹੱਲ ਕਰਨ ਵਾਲੀਆ ਸਖਸ਼ੀਅਤਾਂ ਅਤੇ ਧੜਿਆ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਇਕੱਤਰ ਕਰਕੇ ਪੰਜਾਬ ਅਤੇ ਸਿੱਖ ਵਿਰੌਧੀ ਹੁਕਮਰਾਨਾਂ ਵਿਰੁੱਧ ਗੁਰੂ ਸਿਧਾਤਾਂ ਅਤੇ ਸੋਚ ਅਨੁਸਾਰ ਦ੍ਰਿੜਤਾ ਨਾਲ ਲੜਾਈ ਨੂੰ ਹੋਰ ਤੇਜ ਕਰਨ ਲਈ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਤਾਂ ਕਿ ਅਸੀ ਆਪਣੀਆ ਮਰਿਯਾਦਾਵਾ ਤੇ ਸੋਚ ਨੂੰ ਵੀ ਕਾਇਮ ਰੱਖ ਸਕੀਏ ਅਤੇ ਗੁਰੂ ਸਾਹਿਬਾਨ ਦੇ ਮਨੁੱਖਤਾ ਪੱਖੀ ਸੰਦੇਸ ਨੂੰ ਸਭ ਮੁਲਕਾਂ ਦੇ ਕੋਨੇ ਕੋਨੇ ਵਿਚ ਪਹੁੰਚਾਉਣ ਦੀ ਜਿੰਮੇਵਾਰੀ ਨਿਭਾਅ ਸਕੀਏ ।