ਮੋਦੀ ਸਰਕਾਰ ਨੂੰ ਇਰਾਨ ਵਿਚੋਂ ਪੜ੍ਹਨ ਗਏ ਕਸ਼ਮੀਰੀ ਤੇ ਸਿੱਖ ਵਿਦਿਆਰਥੀਆਂ ਨੂੰ ਆਪਣੇ ਜਹਾਜ਼ਾਂ ਰਾਹੀ ਵਾਪਸ ਲਿਆਉਣਾ ਚਾਹੀਦਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 16 ਜੂਨ ( ) “ਕਿਉਂਕਿ ਇਜਰਾਇਲ ਅਤੇ ਇਰਾਨ ਦੀ ਜ਼ਬਰਦਸਤ ਜੰਗ ਹੋ ਰਹੀ ਹੈ । ਜਿਸ ਨਾਲ ਇਰਾਨ ਵਿਚ ਪੜ੍ਹਨ ਗਏ ਕਸ਼ਮੀਰੀ ਅਤੇ ਸਿੱਖ ਵਿਦਿਆਰਥੀ ਜੋ ਵੱਡੀ ਗਿਣਤੀ ਵਿਚ ਹਨ, ਆਉਣ ਵਾਲੇ ਇਜਰਾਇਲੀ ਹਮਲੇ ਦੇ ਖਤਰੇ ਨੂੰ ਭਾਂਪਦਿਆ ਇਨ੍ਹਾਂ ਦੋਵਾਂ ਕੌਮਾਂ ਦੇ ਵਿਦਿਆਰਥੀਆਂ ਨੂੰ ਆਪਣੇ ਵਿਸ਼ੇਸ਼ ਜਹਾਜਾਂ ਰਾਹੀ ਸੁਰੱਖਿਅਤ ਵਾਪਸ ਲਿਆਉਣਾ ਚਾਹੀਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਜਰਾਇਲ-ਇਰਾਨ ਜੰਗ ਦੀ ਸੁਰੂਆਤ ਹੋਣ ਉਪਰੰਤ ਇੰਡੀਆਂ ਦੀ ਮੋਦੀ ਹਕੂਮਤ ਨੂੰ ਇਰਾਨ ਵਿਚ ਪੜ੍ਹਨ ਵਾਲੇ ਕਸ਼ਮੀਰੀ ਤੇ ਸਿੱਖ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਜੋਰਦਾਰ ਗੁਜਾਰਿਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਿਸੇ ਸਮੇ ਵੀ ਇਜਰਾਇਲ ਦੁਆਰਾ ਇਰਾਨ ਉਤੇ ਹਮਲਾ ਕਰ ਸਕਦਾ ਹੈ ਅਤੇ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ । ਉਨ੍ਹਾਂ ਇਸ ਗੱਲ ਤੇ ਹੈਰਾਨੀ ਜਾਹਰ ਕਰਦੇ ਹੋਏ ਇੰਡੀਆਂ ਦੇ ਵਜੀਰ ਏ ਆਜਮ ਮੋਦੀ ਵੱਲੋ ਸਾਈਪ੍ਰਸ ਜਾਣ ਦੇ ਅਮਲ ਨੂੰ ਹਾਸੋਹੀਣਾ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਪ੍ਰਤੱਖ ਹੈ ਕਿ ਤੁਰਕੀ ਅਤੇ ਸਾਈਪ੍ਰਸ ਦੀ ਆਪਸ ਵਿਚ ਨਹੀ ਬਣਦੀ । ਕਿਉਂਕਿ ਤੁਰਕੀ ਨੇ ਪਾਕਿਸਤਾਨ-ਇੰਡੀਆ ਜੰਗ ਸਮੇਂ ਪਾਕਿਸਤਾਨ ਮੁਲਕ ਨੂੰ ਸਹਿਯੋਗ ਦਿੱਤਾ ਸੀ । ਲੇਕਿਨ ਸ੍ਰੀ ਮੋਦੀ ਨੇ ਸਾਈਪ੍ਰਸ ਜਾ ਕੇ ਤੁਰਕੀ ਉਤੇ ਪ੍ਰਭਾਵ ਪਾਉਣ ਦੀ ਅਸਫਲ ਕੋਸਿਸ ਕੀਤੀ ਹੈ, ਜਦੋਕਿ ਤੁਰਕੀ ਤਾਂ ਨਾਟੋ ਮੁਲਕ ਦਾ ਮੈਬਰ ਹੈ ਜਿਸ ਨੂੰ ਅਜਿਹੀਆਂ ਗੱਲਾਂ ਦੀ ਕੀ ਪ੍ਰਵਾਹ ਹੋ ਸਕਦੀ ਹੈ । ਲੇਕਿਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਇਹ ਨੀਤੀ ਤੇ ਸੋਚ ਹੈ ਕਿ ਕਿਸੇ ਵੀ ਮੁਲਕ ਨਾਲ ਆਪਣੇ ਰਿਸਤੇ-ਸੰਬੰਧਾਂ ਨੂੰ ਬਿਲਕੁਲ ਖਰਾਬ ਨਹੀ ਕਰਨਾ ਚਾਹੀਦਾ ਅਤੇ ਬਿਨ੍ਹਾਂ ਵਜਹ ਕਿਸੇ ਮੁਲਕ ਨੂੰ ਦੁਸਮਣਾਂ ਦੀ ਲਾਇਨ ਵਿਚ ਨਹੀ ਖੜ੍ਹਾ ਕਰਨਾ ਚਾਹੀਦਾ । ਜਿਥੋ ਤੱਕ ਗੁਜਰਾਤ ਵਿਖੇ ਹਵਾਈ ਜਹਾਜ ਹਾਦਸਾ ਹੋਇਆ ਹੈ ਉਸ ਸੰਬੰਧੀ ਐਫ.ਬੀ.ਆਈ, ਸਕਾਟਲੈਡ ਯਾਰਡ ਅਤੇ ਬੋਇੰਗ ਜਹਾਜ ਬਣਾਉਣ ਵਾਲੇ ਮਾਹਿਰ ਇੰਜਨੀਅਰਾਂ ਦੀ ਇਕ ਕੌਮਾਂਤਰੀ ਪੱਧਰ ਦੀ ਸਾਂਝੀ ਕਮੇਟੀ ਬਣੇ ਜੋ ਕਿ ਇਸ ਹੋਏ ਹਾਦਸੇ ਦੀ ਤਹਿ ਤੱਕ ਜਾਂਚ ਕਰੇ । ਕਿਉਂਕਿ ਇਸ ਹਾਦਸੇ ਵਿਚ ਕੋਈ ਵੀ ਸਾਜਿਸ ਹੋਣ ਜਾਂ ਆਈ.ਐਸ.ਐਸ.ਐਸ. ਵਰਗੇ ਸੰਗਠਨ ਵੱਲੋ ਇਹ ਦੁਖਾਂਤ ਨੂੰ ਅਮਲੀ ਰੂਪ ਦੇਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਕਿਉਂਕਿ ਜਦੋ ਸ੍ਰੀ ਮੋਦੀ 2002 ਵਿਚ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਇਸ ਮੋਦੀ-ਸ਼ਾਹ ਦੀ ਜੋੜੀ ਨੇ ਗੁਜਰਾਤ ਵਿਚ ਇਕ ਡੂੰਘੀ ਸਾਜਿਸ ਰਾਹੀ 2 ਹਜਾਰ ਮੁਸਲਮਾਨਾਂ ਦਾ ਕਤਲ ਕਰਵਾ ਦਿੱਤਾ ਸੀ । ਇਸੇ ਤਰ੍ਹਾਂ 2013 ਵਿਚ ਗੁਜਰਾਤ ਵਿਚ 60 ਹਜਾਰ ਪੱਕੇ ਬਸਿੰਦੇ ਸਿੱਖ ਜਿੰਮੀਦਾਰਾਂ ਨੂੰ ਆਪਣੀਆ ਜਮੀਨਾਂ ਤੇ ਬੇਜਮੀਨੇ ਤੇ ਬੇਘਰ ਕਰਨ ਵਾਲੇ ਵੀ ਸ੍ਰੀ ਮੋਦੀ ਹੀ ਸਨ । ਫਿਰ ਆਈ.ਐਸ.ਆਈ.ਐਸ ਵੱਲੋ 2018 ਵਿਚ ਇਰਾਕ ਵਿਚ ਫਸੇ 38 ਸਿੱਖਾਂ ਦੇ ਬਚਾਅ ਲਈ ਕੋਈ ਅਮਲ ਨਹੀ ਕੀਤਾ ਜਦੋਕਿ ਇੰਡੀਅਨ ਨਰਸਾਂ ਜੋ ਕੇਰਲਾ ਤੋ ਗਈਆ ਹੋਈਆ ਸਨ ਉਨ੍ਹਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਜਿੰਮੇਵਾਰੀ ਪੂਰਨ ਕੀਤੀ ਸੀ । ਕਿਉਂਕਿ ਕੇਰਲ ਵਿਚ ਆਈ.ਐਸ.ਆਈ.ਐਸ ਦੀਆਂ ਜੜ੍ਹਾ ਹਨ ਅਤੇ ਵੱਡੀ ਭਰਤੀ ਵੀ ਉਥੋ ਹੋਈ ਹੈ । ਇਸੇ ਲਈ ਹੀ ਉਪਰੋਕਤ ਕੇਰਲਾਂ ਦੀਆਂ ਨਰਸਾਂ ਨੂੰ ਬਚਾਇਆ ਗਿਆ ਸੀ ।
ਸ. ਮਾਨ ਨੇ ਕੈਨੇਡਾ ਦੀ ਮੌਜੂਦਾ ਮਾਰਕ ਕਾਰਨੀ ਸਰਕਾਰ ਨੂੰ ਇਹ ਜੋਰਦਾਰ ਗੰਭੀਰਤਾ ਭਰੀ ਅਪੀਲ ਕਰਦੇ ਹੋਏ ਕਿਹਾ ਕਿ ਸ੍ਰੀ ਮੋਦੀ ਦੀ ਕਾਤਲ ਜੂੰਡਲੀ ਜਿਨ੍ਹਾਂ ਵਿਚ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਗ ਗੋਇਲ ਵੱਲੋ ਇਕ ਡੂੰਘੀ ਤੇ ਨਫਰਤ ਭਰੀ ਸਾਜਿਸ ਅਧੀਨ ਕੈਨੇਡਾ ਵਿਚ ਵੱਸਦੇ ਤਿੰਨ ਸਿੱਖਾਂ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਨੂੰ ਸਾਜਿਸ ਰਾਹੀ ਮਾਰ ਦਿੱਤਾ ਗਿਆ ਸੀ, ਜੋ ਕੈਨੇਡੀਅਨ ਨਾਗਰਿਕ ਸਨ । ਇਸ ਤਰ੍ਹਾਂ ਬਾਹਰਲੇ ਮੁਲਕਾਂ ਵਿਚ ਵੱਸਦੇ ਸਿੱਖਾਂ ਨੂੰ ਇਨ੍ਹਾਂ ਜਾਲਮਾਂ ਵੱਲੋ ਮਾਰਨ ਦੇ ਅਮਲ ਨੂੰ ਕਤਈ ਬਰਦਾਸਤ ਨਹੀ ਕੀਤਾ ਜਾ ਸਕਦਾ । ਨਾ ਹੀ ਕੋਮਾਂਤਰੀ ਕਾਨੂੰਨ ਕਿਸੇ ਮੁਲਕ ਨੂੰ ਅਜਿਹਾ ਗੈਰ ਕਾਨੂੰਨੀ ਅਮਲ ਕਰਨ ਦੀ ਇਜਾਜਤ ਦਿੰਦਾ ਹੈ । ਇਸ ਲਈ ਉਪਰੋਕਤ ਹੋਏ ਕਤਲਾਂ ਦੇ ਸੰਬੰਧ ਵਿਚ ਕੈਨੇਡਾ ਸਰਕਾਰ ਨੂੰ ਫੋਰੀ ਕਾਨੂੰਨਾਂ, ਨਿਯਮਾਂ ਅਧੀਨ ਉਪਰੋਕਤ ਸਿੱਖਾਂ ਦੀ ਕਾਤਲ ਜੂੰਡਲੀ ਵਿਰੁੱਧ ਅਮਲ ਕਰਨੇ ਬਣਦੇ ਹਨ ਅਤੇ ਸਿੱਖ ਕੌਮ ਨੂੰ ਇਨਸਾਫ਼ ਦੇਣਾ ਬਣਦਾ ਹੈ । ਇਥੇ ਇਹ ਵੀ ਵਰਨਣ ਕਰਨਾ ਜਰੂਰੀ ਹੈ ਕਿ ਇੰਡੀਆ ਦੀ ਉਪਰੋਕਤ ਜੂੰਡਲੀ ਨੇ ਕੈਨੇਡਾ ਦੀ ਪ੍ਰਭੂਸਤਾ ਨੂੰ ਵੀ ਚੁਣੋਤੀ ਦਿੱਤੀ ਹੈ । ਜਿਸ ਵਿਰੁੱਧ ਕਾਨੂੰਨੀ ਅਮਲ ਕਰਕੇ ਹੀ ਸਹੀ ਸੰਦੇਸ ਦਿੱਤਾ ਜਾ ਸਕਦਾ ਹੈ ।
ਸ. ਮਾਨ ਨੇ ਆਪਣੇ ਵਿਚਾਰਾਂ ਨੂੰ ਸੰਕੋਚਦੇ ਹੋਏ ਕਿਹਾ ਕਿ ਦਮਦਮੀ ਟਕਸਾਲ ਦੇ ਮੁੱਖੀ ਹਰਨਾਮ ਸਿੰਘ ਧੂੰਮਾ ਅਤੇ ਮੌਜੂਦਾ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕੁਲਦੀਪ ਸਿੰਘ ਗੜਗੱਜ ਦਾ ਜੋ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਤੌਰ ਤੇ ਵਿਖੇੜਾ ਪੈਦਾ ਹੋ ਚੁੱਕਿਆ ਹੈ ਉਸ ਨੂੰ ਮੁੱਖ ਰੱਖਦੇ ਹੋਏ ਸਰਕਾਰ ਨੂੰ ਚਾਹੀਦਾ ਹੈ ਕਿ ਜਥੇਦਾਰ ਗੜਗੱਜ ਦੀ ਸੁਰੱਖਿਆ ਨੂੰ ਮੁੜ ਤੋ ਨਿਗਰਾਨੀ ਕਰਦੇ ਹੋਏ ਉਸਦਾ ਪ੍ਰਬੰਧ ਹੋਵੇ ਅਤੇ ਸਿੱਖ ਕੌਮ ਦੀ ਸਰਬਉੱਚ ਮਹਾਨ ਸੰਸਥਾਂ ਤੇ ਬਿਰਾਜਮਾਨ ਅਜਿਹੀ ਸਖਸ਼ੀਅਤ ਵਿਰੁੱਧ ਕਿਸੇ ਵੀ ਸਾਜਿਸ ਨੂੰ ਕਾਮਯਾਬ ਨਾ ਹੋਣ ਦੀ ਵੀ ਜਿੰਮੇਵਾਰੀ ਪੂਰਨ ਕੀਤੀ ਜਾਵੇ । ਵਰਨਾ ਕਿਸੇ ਅਣਹੋਣੀ ਘਟਨਾ ਹੋਣ ਤੇ ਮੌਜੂਦਾ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਸਿੱਖ ਕੌਮ ਦੀ ਕਚਹਿਰੀ ਵਿਚ ਦੋਸ਼ੀ ਬਣਕੇ ਖੜ੍ਹ ਜਾਣਗੀਆਂ ।