ਸ. ਸੁੱਚਾ ਸਿੰਘ ਛੋਟੇਪੁਰ ਨਾਲ ਹਵਾਈ ਅੱਡੇ ਤੇ ਕੀਤਾ ਗਿਆ ਦੁਰਵਿਹਾਰ ਨਿੰਦਣਯੋਗ, ਪਰ ਸਿੱਖ ਆਗੂਆਂ ਨੂੰ ਵੀ ਆਪਣਾ ਘਰ ਕਾਇਮ ਕਰਨ ਲਈ ਉਦਮ ਕਰਨੇ ਬਣਦੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 02 ਮਈ ( ) “ਹਿੰਦੂਤਵ ਹੁਕਮਰਾਨ ਘੱਟ ਗਿਣਤੀ ਸਿੱਖ ਕੌਮ ਨਾਲ ਕਿਥੋ ਤੱਕ ਵੱਡੀ ਨਫਰਤ ਤੇ ਵੈਰ-ਵਿਰੋਧ ਰੱਖਦੇ ਹਨ, ਉਹ ਇਸ ਗੱਲ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਸ. ਸੁੱਚਾ ਸਿੰਘ ਛੋਟੇਪੁਰ ਨੇ ਬੀਤੇ ਦਿਨੀਂ ਆਪਣੇ ਅਤਿ ਨਜਦੀਕੀ ਰਿਸਤੇਦਾਰ ਦੇ ਵਿਆਹ ਤੇ ਅਮਰੀਕਾ ਜਾਣਾ ਸੀ । ਪਰ ਹੁਕਮਰਾਨਾਂ ਨੇ ਸਿੱਖ ਹੋਣ ਦੇ ਨਾਤੇ ਕੇਵਲ ਉਨ੍ਹਾਂ ਨੂੰ ਉਸ ਸਮਾਗਮ ਵਿਚ ਜਾਣ ਤੋ ਹੀ ਨਹੀ ਰੋਕਿਆ, ਬਲਕਿ ਦਿੱਲੀ ਹਵਾਈ ਅੱਡੇ ਵਿਖੇ ਉਨ੍ਹਾਂ ਨਾਲ ਦੁਰਵਿਹਾਰ ਕਰਦੇ ਹੋਏ ਜੋ ਉਨ੍ਹਾਂ ਦਾ ਕਾਨੂੰਨੀ ਪਾਸਪੋਰਟ ਜਬਤ ਕਰ ਲਿਆ ਹੈ, ਉਸ ਤੋ ਸਿੱਖ ਕੌਮ ਪ੍ਰਤੀ ਨਫਰਤ ਅਤੇ ਮੰਦਭਾਵਨਾ ਪ੍ਰਤੱਖ ਜਾਹਰ ਹੋ ਰਹੀ ਹੈ । ਪਰ ਦੂਸਰੇ ਪਾਸੇ ਸਿੱਖ ਸਖਸੀਅਤਾਂ ਅਤੇ ਸਿੱਖ ਆਗੂਆਂ ਨੂੰ ਵੀ ਅਤਿ ਸੰਜ਼ੀਦਗੀ ਅਤੇ ਜਿੰਮੇਵਾਰੀ ਨਾਲ ਇਸ ਗੱਲ ਤੇ ਪਹਿਰਾ ਦੇਣਾ ਚਾਹੀਦਾ ਹੈ ਕਿ ਜੋ ਆਤਮਿਕ ਆਨੰਦ, ਖੁਸ਼ੀ, ਤਾਕਤ, ਆਪਣੇ ਘਰ ਵਿਚ ਪ੍ਰਾਪਤ ਹੋ ਸਕਦੀ ਹੈ, ਉਹ ਅਮਰੀਕਾ, ਕੈਨੇਡਾ ਵਰਗੇ ਚਕਾਚੌਧ ਵਾਲੇ ਮੁਲਕਾਂ ਵਿਚ ਕਤਈ ਪ੍ਰਾਪਤ ਨਹੀ ਹੋ ਸਕਦੀ, ਭਾਵੇਕਿ ਸਾਧਨਾਂ ਅਤੇ ਦੁਨਿਆਵੀ ਦੌਲਤਾਂ ਦੇ ਢੇਰ ਕਿਉਂ ਨਾ ਇਕੱਠੇ ਕਰ ਲਏ ਜਾਣ। ਇਸ ਲਈ ਸਿੱਖ ਲੀਡਰਸਿਪ ਨੂੰ ਚਾਹੀਦਾ ਹੈ ਕਿ ਉਹ ਬਾਹਰਲੇ ਮੁਲਕਾਂ ਵਿਚ ਵੱਸਣ ਜਾਂ ਜਾਣ ਦੀ ਦੌੜ ਨੂੰ ਅਲਵਿਦਾ ਕਹਿਕੇ ਆਪਣਾ ਕੌਮੀ ਆਜਾਦ ਘਰ ਬਣਾਉਣ ਵਿਚ ਯੋਗਦਾਨ ਪਾਉਣ ਅਤੇ ਆਪਣਾ ਆਤਮਿਕ ਆਨੰਦ ਦੀ ਸਥਿਤੀ ਨੂੰ ਪ੍ਰਾਪਤ ਕਰਨ ਦੇ ਉਦਮ ਕਰਨ । ਤਦ ਹੀ ਅਸੀ ਆਪਣੇ ਪੰਜਾਬ, ਪੰਜਾਬੀਆਂ, ਸਿੱਖ ਕੌਮ ਦੇ ਵਿਰਸੇ-ਵਿਰਾਸਤ, ਸੱਭਿਆਚਾਰ, ਬੋਲੀ ਆਦਿ ਦੇ ਸਤਿਕਾਰ ਮਾਣ ਨੂੰ ਕੌਮਾਂਤਰੀ ਪੱਧਰ ਤੇ ਕਾਇਮ ਰੱਖ ਸਕਾਂਗੇ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਆਗੂ ਸ. ਸੁੱਚਾ ਸਿੰਘ ਛੋਟੇਪੁਰ ਨਾਲ ਦਿੱਲੀ ਹਵਾਈ ਅੱਡੇ ਉਤੇ ਹੁਕਮਰਾਨਾਂ ਤੇ ਏਜੰਸੀਆ ਵੱਲੋ ਮੰਦਭਾਵਨਾ ਅਧੀਨ ਬਤੌਰ ਸਿੱਖ ਹੋਣ ਦੇ ਕੀਤੇ ਗਏ ਦੁਰਵਿਹਾਰ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਸਮੁੱਚੀ ਸਿੱਖ ਲੀਡਰਸਿਪ ਤੇ ਸਖਸ਼ੀਅਤਾਂ ਨੂੰ ਬਾਹਰਲੇ ਮੁਲਕਾਂ ਵਿਚ ਪਹੁੰਚਣ ਅਤੇ ਉਨ੍ਹਾਂ ਦੀ ਚਕਾਚੌਧ ਵਿਚ ਮਸਰੂਫ ਹੋਣ ਦੀ ਬਜਾਇ ਆਪਣੇ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖ ਕੌਮ ਦੇ ਵਿਰਸੇ ਵਿਰਾਸਤ ਨੂੰ ਸੰਜੀਦਗੀ ਨਾਲ ਸਾਂਭਣ ਅਤੇ ਆਪਣਾ ਆਜਾਦ ਘਰ ਬਣਾਉਣ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।