ਖਾਲੀ ਭਾਂਡੇ ਹੀ ਜਿਆਦਾ ਖੜਕਦੇ ਹਨ, ਜਦੋਂ ਸਿੱਖਾਂ ਦੀ ਹੱਤਿਆ ਹੁੰਦੀ ਹੈ ਉਦੋ ਹੁਕਮਰਾਨ ਚੁੱਪ ਕਿਉਂ ਹੋ ਜਾਂਦੇ ਹਨ ? : ਮਾਨ
ਫ਼ਤਹਿਗੜ੍ਹ ਸਾਹਿਬ, 02 ਮਈ ( ) “ਨਿਰਦੋਸ਼ ਹਿੰਦੂ ਹੋਣ, ਸਿੱਖ ਹੋਣ, ਇਸਾਈ ਹੋਣ, ਆਦਿਵਾਸੀ ਹੋਣ ਜਾਂ ਕੋਈ ਕਬੀਲਾ ਫਿਰਕਾ, ਉਨ੍ਹਾਂ ਦੀ ਹੱਤਿਆ ਸਮੇਂ ਮਨੁੱਖਤਾ ਤੇ ਇਨਸਾਨੀਅਤ ਹੁਕਮਰਾਨਾਂ ਵਿਚ ਜਿੰਦਾ ਰਹਿਣੀ ਚਾਹੀਦੀ ਹੈ ਅਤੇ ਬਰਾਬਰਤਾ ਦੇ ਆਧਾਰ ਤੇ ਅਜਿਹੇ ਸਮਿਆ ਤੇ ਦੋਸ਼ੀਆਂ ਨੂੰ ਸਾਹਮਣੇ ਲਿਆਕੇ ਸੀਮਤ ਸਮੇਂ ਵਿਚ ਬਣਦੀ ਸਜ਼ਾ ਦੇਣ ਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਜਦੋ 2000 ਵਿਚ ਅਮਰੀਕਾ ਦੇ ਪ੍ਰੈਜੀਡੈਟ ਮਿਸਟਰ ਬਿਲ ਕਲਿਨਟ ਦੇ ਇੰਡੀਆ ਦੌਰੇ ਸਮੇ ਚਿੱਠੀਸਿੰਘਪੁਰਾ ਕਸਮੀਰ ਵਿਚ ਫ਼ੌਜ ਵੱਲੋ 43 ਨਿਰਦੋਸ਼ ਸਿੱਖਾਂ ਨੂੰ ਇਕ ਲਾਇਨ ਵਿਚ ਖੜ੍ਹਾ ਕਰਕੇ ਮਾਰ ਦਿੱਤਾ ਗਿਆ ਸੀ, ਉਸ ਸੰਬੰਧੀ ਅਮਰੀਕਾ ਦੀ ਸੈਕਟਰੀ ਆਫ ਸਟੇਟ ਬੀਬੀ ਮੈਡੇਲਿਨ ਅਲਬ੍ਰਾਈਟ ਵੱਲੋਂ ਆਪਣੀ ਲਿਖੀ ਕਿਤਾਬ ਵਿਚ ਸਿੱਧੇ ਤੌਰ ਤੇ ਇੰਡੀਅਨ ਫ਼ੌਜ ਨੂੰ ਇਨ੍ਹਾਂ ਕਤਲਾਂ ਸੰਬੰਧੀ ਦੋਸ਼ੀ ਠਹਿਰਾਉਣ ਦੇ ਬਾਵਜੂਦ ਵੀ ਇੰਡੀਆਂ ਹੁਕਮਰਾਨਾਂ ਨੇ ਕੋਈ ਜਾਂਚ ਨਹੀ ਕਰਵਾਈ ਅਤੇ ਨਾ ਹੀ ਅੱਜ ਤੱਕ ਕਾਤਲਾਂ ਨੂੰ ਸਾਹਮਣੇ ਲਿਆਕੇ ਸਜ਼ਾ ਦੇਣ ਦੀ ਕੋਈ ਜਿੰਮੇਵਾਰੀ ਨਿਭਾਈ ਹੈ । ਅਸੀ ਹਰ ਤਰ੍ਹਾਂ ਦੇ ਮਨੁੱਖਤਾ ਦੇ ਕਤਲ ਦੇ ਸਖਤ ਵਿਰੁੱਧ ਹਾਂ । ਪਰ ਅਜਿਹਾ ਜਦੋ ਘੱਟ ਗਿਣਤੀ ਕੌਮਾਂ ਨਾਲ ਦੁਖਾਂਤ ਵਾਪਰਦਾ ਹੈ, ਤਾਂ ਨਾ ਕੋਈ ਜਾਂਚ ਹੁੰਦੀ ਹੈ ਅਤੇ ਨਾ ਹੀ ਇਨਸਾਫ਼ ਦਿੱਤਾ ਜਾਂਦਾ ਹੈ । ਘੱਟ ਗਿਣਤੀਆਂ ਉਤੇ ਹੋ ਰਹੇ ਜ਼ਬਰ ਜੁਲਮ ਸਮੇਂ ਹੁਕਮਰਾਨ ਚੁੱਪ ਕਿਉਂ ਹੋ ਜਾਂਦੇ ਹਨ ? ਦਰਅਸਲ ਖਾਲੀ ਭਾਂਡੇ ਹੀ ਜਿਆਦਾ ਖੜਕਦੇ ਹਨ ਜਿਸਦੀ ਪਹਿਲਗਾਮ ਵਿਖੇ ਹੋਏ ਦੁਖਾਂਤ ਸਮੇਂ ਹੁਕਮਰਾਨਾਂ ਦਾ ਸੱਚ ਸਾਹਮਣੇ ਆ ਚੁੱਕਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਹਿਲਗਾਮ ਵਿਖੇ ਵਾਪਰੇ ਦੁਖਾਂਤ ਉਤੇ ਹਿੰਦੂਤਵ ਹੁਕਮਰਾਨਾਂ ਵੱਲੋ ਸਮੁੱਚੇ ਮੁਲਕ ਵਿਚ ਪਾਏ ਜਾ ਰਹੇ ਚੀਕ ਚਿਹਾੜੇ ਉਤੇ ਅਤੇ ਘੱਟ ਗਿਣਤੀਆਂ ਦੇ ਕਤਲੇਆਮ ਸਮੇ ਚੁੱਪ ਵੱਟ ਜਾਣ ਤੇ ਉਨ੍ਹਾਂ ਨੂੰ ਕੋਈ ਇਨਸਾਫ ਨਾ ਦੇਣ ਉਤੇ ਡੂੰਘੀ ਹੈਰਾਨੀ ਤੇ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਸੀ ਇਹ ਮਹਿਸੂਸ ਕਰਦੇ ਹਾਂ ਕਿ ਇੰਡੀਆ ਇਕ ਨਿਰਪੱਖ ਉਹ ਮੁਲਕ ਹੈ ਜਿਸਦੇ ਵਿਧਾਨ ਵਿਚ ਸਭਨਾਂ ਨਿਵਾਸੀਆ ਨੂੰ ਬਰਾਬਰਤਾ ਦੇ ਅਧਿਕਾਰ ਤੇ ਹੱਕ ਹਾਸਿਲ ਹਨ । ਪਰ ਜਦੋ ਵੀ ਸਿੱਖ ਜਾਂ ਹੋਰ ਕਿਸੇ ਘੱਟ ਗਿਣਤੀ ਕੌਮ ਦੇ ਸਾਜਸੀ ਕਤਲ ਹੁੰਦੇ ਹਨ, ਤਾਂ ਹਿੰਦੂਤਵ ਹੁਕਮਰਾਨ ਆਪਣੇ ਇਨ੍ਹਾਂ ਨਾਗਰਿਕਾਂ ਦੇ ਕਾਤਲਾਂ ਨੂੰ ਸਾਹਮਣੇ ਲਿਆਉਣ ਅਤੇ ਉਨ੍ਹਾਂ ਨੂੰ ਬਣਦੀਆਂ ਸਜ਼ਾਵਾਂ ਦਿਵਾਉਣ ਤੋ ਭੱਜ ਜਾਂਦੇ ਹਨ । ਜਿਸ ਤੋ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਹੁਕਮਰਾਨ ਹਿੰਦੂ ਕੌਮ ਲਈ ਤਾਂ ਸਭ ਜਿੰਮੇਵਾਰੀਆ ਪੂਰਨ ਕਰਨ ਲਈ ਤੱਤਪਰ ਰਹਿੰਦੇ ਹਨ । ਪਰ ਘੱਟ ਗਿਣਤੀਆਂ ਨੂੰ ਇਨਸਾਫ ਦੇਣ ਸਮੇ ਪਿੱਠ ਮੋੜਕੇ ਕਾਮਯਾਬ ਹੁਕਮਰਾਨ ਨਾ ਹੋਣ ਦਾ ਪ੍ਰਤੱਖ ਸਬੂਤ ਖੁਦ ਹੀ ਦੇ ਦਿੰਦੇ ਹਨ । ਉਨ੍ਹਾਂ ਕਿਹਾ ਕਿ 2020 ਵਿਚ ਜਦੋਂ ਕਾਬਲ ਦੇ ਗੁਰੂਘਰ ਸ੍ਰੀ ਹਰਿ ਰਾਏ ਵਿਖੇ 25 ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀ ਤਾਂ ਐਨ.ਆਈ.ਏ ਵੱਲੋ ਜਾਂਚ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਅੱਜ ਤੱਕ ਸਾਨੂੰ ਕੋਈ ਇਨਸਾਫ਼ ਨਹੀ ਮਿਲਿਆ । ਇਸੇ ਤਰ੍ਹਾਂ 2018 ਵਿਚ ਆਈ.ਐਸ.ਆਈ.ਐਸ ਨੇ ਇਰਾਕ ਵਿਚ 38 ਸਿੱਖ ਮਾਰ ਦਿੱਤੇ ਸਨ । ਉਸਦਾ ਵੀ ਸਾਨੂੰ ਕੋਈ ਇਨਸਾਫ ਨਹੀ ਮਿਲਿਆ । ਇਸੇ ਤਰ੍ਹਾਂ 2021 ਵਿਚ ਸ੍ਰੀਨਗਰ ਵਿਖੇ ਪ੍ਰਿੰਸੀਪਲ ਬੀਬੀ ਸੁਪਿੰਦਰ ਕੌਰ ਨੂੰ ਆਈ.ਐਸ.ਆਈ.ਐਸ ਨੇ ਮਾਰ ਦਿੱਤਾ ਸੀ ਉਸਦਾ ਵੀ ਕੋਈ ਇਨਸਾਫ ਨਹੀ ਮਿਲਿਆ । ਫਿਰ ਜਦੋ ਗ੍ਰਹਿ ਵਜੀਰ ਅਮਿਤ ਸ਼ਾਹ ਪਹਿਲਗਾਮ ਦੁਖਾਂਤ ਤੇ ਬਹੁਤ ਮਜ਼ਬੂਤੀ ਨਾਲ ਬਿਆਨ ਦੇ ਰਹੇ ਹਨ ਤਾਂ ਇਹ ਜਿੰਮੇਵਾਰੀ ਚਿੱਠੀਸਿੰਘਪੁਰਾ ਕਸਮੀਰ ਅਤੇ ਕਾਬਲ ਦੇ ਦੁਖਾਤਾਂ ਸਮੇਂ ਕਿਉਂ ਨਾ ਕੀਤੀ ਗਈ ?
ਸ. ਮਾਨ ਨੇ ਸ੍ਰੀ ਅਮਿਤ ਸ਼ਾਹ ਅਤੇ ਇੰਡੀਆ ਦੀਆਂ ਖੂਫੀਆ ਏਜੰਸੀਆਂ ਵੱਲੋ ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ ਨੂੰ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ, ਇੰਡੀਆ ਦੇ ਹਰਿਆਣੇ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲ ਅਤੇ ਗੁਰਪ੍ਰੀਤ ਸਿੰਘ ਹਰੀਨੌ ਨੂੰ ਕਤਲ ਕੀਤਾ ਗਿਆ । ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਰਚੀ ਗਈ ਜਿਸ ਨੂੰ ਅਮਰੀਕਾ ਨੇ ਅਸਫਲ ਬਣਾ ਦਿੱਤਾ । ਇਸ ਸੰਬੰਧੀ ਕੈਨੇਡਾ ਤੇ ਅਮਰੀਕਾ ਦੀਆਂ ਹਕੂਮਤਾਂ ਨੇ ਆਪੋ ਆਪਣੀਆ ਪਾਰਲੀਮੈਟ ਅਤੇ ਪ੍ਰੈਸ ਵਿਚ ਸੱਚਾਈ ਤੋ ਜਾਣੂ ਕਰਵਾਇਆ, ਇਸਦੇ ਬਾਵਜੂਦ ਵੀ ਸਿੱਖਾਂ ਦੇ ਹੋਏ ਕਤਲਾਂ ਦਾ ਸਿੱਖ ਕੌਮ ਨੂੰ ਇਨਸਾਫ ਨਾ ਦੇਣ ਦੇ ਅਮਲ ਤਾਂ ਜੰਗਲ ਦੇ ਰਾਜ ਵਾਲੀ ਗੱਲ ਨੂੰ ਪ੍ਰਤੱਖ ਕਰਦੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਜਿਹੇ ਦੁਖਾਤਾਂ ਸਮੇਂ ਹੁਕਮਰਾਨਾਂ ਤੋਂ ਇਹ ਸੰਸਾਰ ਪੱਧਰ ਤੇ ਮੰਗ ਕਰਦਾ ਹੈ ਕਿ ਜਦੋ ਇੰਡੀਅਨ ਵਿਧਾਨ ਦੀ ਧਾਰਾ 14 ਰਾਹੀ ਇਥੋ ਦੇ ਨਿਵਾਸੀਆ ਨੂੰ ਬਰਾਬਰਤਾ ਦੇ ਹੱਕ ਤੇ ਅਧਿਕਾਰ ਪ੍ਰਦਾਨ ਕਰਦਾ ਹੈ ਤਾਂ ਵੱਖ-ਵੱਖ ਕੌਮਾਂ ਅਤੇ ਬਹੁਗਿਣਤੀ ਨਾਲ ਸੰਬੰਧਤ ਵਾਪਰਨ ਵਾਲੇ ਅਜਿਹੇ ਦੁਖਾਤਾਂ ਸਮੇਂ ਵਿਤਕਰੇ ਭਰੇ ਅਮਲ ਕਿਉਂ ਕੀਤੇ ਜਾਂਦੇ ਹਨ ਅਤੇ ਘੱਟ ਗਿਣਤੀ ਕੌਮਾਂ ਦੇ ਹੋਏ ਕਤਲਾਂ ਲਈ ਉਨ੍ਹਾਂ ਨੂੰ ਲੰਮਾਂ-ਲੰਮਾਂ ਸਮਾਂ ਇਨਸਾਫ ਦੇਣ ਤੋ ਆਨਾਕਾਨੀ ਕਿਉਂ ਕੀਤੀ ਜਾ ਰਹੀ ਹੈ ? ਇਨ੍ਹਾਂ ਸਭ ਕਤਲਾਂ ਤੇ ਦੁਖਾਤਾਂ ਸਮੇ ਜਿੰਮੇਵਾਰ ਤਾਕਤਾਂ ਅਤੇ ਕਾਤਲਾਂ ਨੂੰ ਸਾਹਮਣੇ ਲਿਆਕੇ ਕਾਨੂੰਨ ਅਨੁਸਾਰ ਅਵੱਸ ਸਜ਼ਾ ਮਿਲਣੀ ਚਾਹੀਦੀ ਹੈ । ਹੁਕਮਰਾਨ ਅਜਿਹਾ ਅਮਲ ਕਰਕੇ ਹੀ ਇੰਡੀਅਨ ਵਿਧਾਨ ਦੀ ਨਿਰਪੱਖਤਾ ਨੂੰ ਅਮਲੀ ਰੂਪ ਵਿਚ ਲਾਗੂ ਕਰ ਸਕਦੇ ਹਨ ਵਰਨਾ ਇੰਡੀਅਨ ਵਿਧਾਨ ਨੂੰ ਕੁੱਚਲਣ ਵਾਲੇ ਅਮਲ ਹੀ ਸਾਬਤ ਹੋਣਗੇ । ਜਿਸ ਨਾਲ ਇੰਡੀਆ ਵਿਚ ਕਦੀ ਵੀ ਸਥਾਈ ਤੌਰ ਤੇ ਅਮਨ ਚੈਨ ਕਾਇਮ ਨਹੀ ਰਹਿ ਸਕੇਗਾ । ਜੇਕਰ ਘੱਟ ਗਿਣਤੀ ਕੌਮਾਂ ਨੂੰ ਹੁਕਮਰਾਨਾਂ ਨੇ ਬਣਦਾ ਇਨਸਾਫ ਨਾ ਦਿੱਤਾ, ਤਾਂ ਹਾਲਾਤਾਂ ਨੂੰ ਵਿਸਫੋਟਕ ਬਣਾਉਣ ਲਈ ਇਹ ਫਿਰਕੂ ਹੁਕਮਰਾਨ ਹੀ ਸਿੱਧੇ ਤੌਰ ਤੇ ਜਿੰਮੇਵਾਰ ਹੋਣਗੇ ਨਾ ਕਿ ਘੱਟ ਗਿਣਤੀ ਕੌਮਾਂ । ਇਸ ਲਈ ਉਪਰੋਕਤ ਵਰਣਨ ਕੀਤੇ ਗਏ ਸਿੱਖ ਕੌਮ ਨਾਲ ਸੰਬੰਧਤ ਦੁਖਾਤਾਂ ਦੇ ਦੋਸ਼ੀਆਂ ਨੂੰ ਸਾਹਮਣੇ ਲਿਆਕੇ ਫੌਰੀ ਸਜ਼ਾ ਦੇਣ ਦਾ ਪ੍ਰਬੰਧ ਹੋਵੇ ਤਾਂ ਬਿਹਤਰ ਹੋਵੇਗਾ ।