ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਵਿਚ ਵੱਸਣ ਵਾਲੇ ਪੰਜਾਬੀਆਂ ਵਿਚ ਹਿਲਜੁਲ ਦੀ ਸੁਰੂਆਤ ਅਤਿ ਦੁੱਖਦਾਇਕ, ਸਰਕਾਰ ਵੱਲੋਂ ਇਨ੍ਹਾਂ ਦੇ ਰਹਿਣ ਆਦਿ ਲਈ ਕੋਈ ਪ੍ਰਬੰਧ ਨਾ ਕਰਨਾ ਅਫਸੋਸਨਾਕ : ਮਾਨ
ਫ਼ਤਹਿਗੜ੍ਹ ਸਾਹਿਬ, 02 ਮਈ ( ) “ਪਹਿਲਗਾਮ ਦੁਖਾਂਤ ਵਾਪਰਣ ਉਪਰੰਤ ਜੋ ਹਿੰਦੂਤਵ ਹੁਕਮਰਾਨਾਂ ਅਤੇ ਇਥੋ ਦੇ ਮੀਡੀਏ ਨੇ ਸਰਹੱਦਾਂ ਉਤੇ ਜੰਗ ਦਾ ਮਾਹੌਲ ਉਸਾਰ ਦਿੱਤਾ ਹੈ, ਉਸ ਨਾਲ ਸਰਹੱਦੀ ਇਲਾਕਿਆ ਵਿਚ ਵੱਸਣ ਵਾਲੇ ਪੰਜਾਬੀਆਂ ਅਤੇ ਸਿੱਖਾਂ ਜੋ ਬਹੁਤ ਹੀ ਮਿਹਨਤ, ਮੁਸੱਕਤ ਨਾਲ ਸਰਹੱਦ ਦੇ ਨਾਲ ਲੱਗਦੀਆਂ ਜਮੀਨਾਂ ਤੇ ਸਰਹੱਦ ਤੋ ਪਾਰ ਵਾਲੀਆ ਜਮੀਨਾਂ ਵਿਚ ਆਪਣੀ ਫਸਲ ਉਤਪਾਦ ਕਰਕੇ ਗੁਜਾਰਾਂ ਕਰਦੇ ਆ ਰਹੇ ਹਨ ਅਤੇ ਆਪਣੇ ਉਥੇ ਬਣਾਏ ਘਰਾਂ ਵਿਚ ਜੀਵਨ ਬਤੀਤ ਕਰਦੇ ਹਨ, ਉਨ੍ਹਾਂ ਵਿਚ ਵੱਡੇ ਪੱਧਰ ਤੇ ਹਿਜਰਤ ਸੁਰੂ ਹੋ ਚੁੱਕੀ ਹੈ । ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਸਰਹੱਦੀ ਪਿੰਡਾਂ ਵਿਚ ਵੱਸਣ ਵਾਲੇ ਨਿਵਾਸੀ ਆਪਣੇ ਘਰਾਂ, ਕਾਰੋਬਾਰਾਂ ਦਾ ਸਮਾਨ ਡੰਗਰ-ਵੱਛੇ ਕਿਥੇ ਲੈਕੇ ਜਾਣਗੇ, ਇਨ੍ਹਾਂ ਦੇ ਰਹਿਣ, ਖਾਣ-ਪੀਣ ਦਾ ਪ੍ਰਬੰਧ ਕੌਣ ਕਰੇਗਾ ? ਇਸ ਤਰ੍ਹਾਂ ਦਾ ਉਜਾੜਾ ਹੋਣ ਲਈ ਹਕੂਮਤੀ ਦਿਸ਼ਾਹੀਣ ਨੀਤੀਆ ਕੀ ਜਿੰਮੇਵਾਰ ਨਹੀ ਹਨ ? ਜੇਕਰ ਕਿਸੇ ਸਮੇ ਜੰਗ ਲਗਾਉਣ ਦੀ ਲੋੜ ਪਵੇ ਤਾਂ ਸਰਕਾਰਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਸਰਹੱਦੀ ਇਲਾਕਿਆ ਵਿਚ ਵੱਸਣ ਵਾਲੇ ਨਿਵਾਸੀਆ ਦੀ ਹਰ ਤਰ੍ਹਾਂ ਦੀ ਸੁਰੱਖਿਆ, ਖਾਣ-ਪੀਣ, ਰਹਿਣ-ਸਹਿਣ ਦਾ ਹਕੂਮਤੀ ਪੱਧਰ ਤੇ ਪ੍ਰਬੰਧ ਹੋਣਾ ਚਾਹੀਦਾ ਹੈ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਜਦੋ ਵੀ ਜੰਗੀ ਮਾਹੌਲ ਬਣਦਾ ਹੈ, ਤਾਂ ਇਨ੍ਹਾਂ ਨਿਵਾਸੀਆ ਦੇ ਜੀਵਨ ਸੁਰੱਖਿਆ ਲਈ ਕੋਈ ਵੀ ਹਕੂਮਤੀ ਪ੍ਰਬੰਧ ਨਹੀ ਹੁੰਦਾ ਅਤੇ ਆਪਣੇ ਸਿਆਸੀ ਮਕਸਦਾਂ ਦੀ ਪੂਰਤੀ ਲਈ ਜੰਗ ਯੁੱਧ ਲਗਾਕੇ ਹਰ ਵਾਰ ਵੱਡੇ ਪੱਧਰ ਤੇ ਉਜਾੜਾ ਕਰ ਦਿੱਤਾ ਜਾਂਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬੀਤੇ ਕੱਲ੍ਹ ਫਿਰੋਜ਼ਪੁਰ ਸਰਹੱਦ ਤੇ ਪਹੁੰਚਣ ਉਪਰੰਤ ਉਥੋ ਦੇ ਨਿਵਾਸੀਆ ਦੀ ਵੱਡੇ ਪੱਧਰ ਤੇ ਹੋ ਰਹੀ ਹਿਲਜੁਲ ਦੇਖਕੇ ਹਕੂਮਤੀ ਜੰਗੀ ਨੀਤੀਆ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਇਨ੍ਹਾਂ ਸਰਹੱਦੀ ਇਲਾਕੇ ਦੇ ਨਿਵਾਸੀਆ ਦਾ ਉਜਾੜਾ ਹੋਣ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਹਮੇਸ਼ਾਂ ਜੰਗਾਂ ਯੁੱਧਾਂ ਦੇ ਵਿਰੁੱਧ ਰਹੀ ਹੈ ਅਤੇ ਹਰ ਤਰ੍ਹਾਂ ਦੇ ਕੌਮਾਂਤਰੀ ਮਸਲਿਆ ਤੇ ਮੁਸਕਿਲਾਂ ਨੂੰ ਹੱਲ ਕਰਨ ਲਈ ਹੁਕਮਰਾਨਾਂ ਨੂੰ ਦੁਵੱਲੀ ਟੇਬਲਟਾਕ ਰਾਹੀ ਮਸਲੇ ਹੱਲ ਕਰਨ ਦੀ ਗੱਲ ਕਰਦੇ ਹੋਏ ਕਿਹਾ ਕਿ ਜੇਕਰ ਵਾਹਗਾ, ਅਟਾਰੀ, ਹੁਸੈਨੀਵਾਲ, ਸੁਲੇਮਾਨਕੀ ਕਿਸੇ ਵੀ ਸਰਹੱਦ ਰਾਹੀ ਪੰਜਾਬੀਆਂ ਤੇ ਸਿੱਖ ਕੌਮ ਉਤੇ ਜ਼ਬਰੀ ਇਹ ਜੰਗ ਥੋਪੀ ਗਈ ਤਾਂ ਸਿੱਖ ਕੌਮ ਇਸ ਜੰਗ ਵਿਚ ਸਮੂਲੀਅਤ ਬਿਲਕੁਲ ਨਹੀ ਕਰੇਗੀ ਅਤੇ ਨਾ ਹੀ ਹੁਕਮਰਾਨਾਂ ਨੂੰ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਸਾਡੇ ਸਰਹੱਦੀ ਸੂਬੇ ਦੇ ਮਾਹੌਲ ਨੂੰ ਜੰਗੀ ਬਣਾਕੇ ਆਪਣੇ ਸਵਾਰਥਾਂ ਦੀ ਪੂਰਤੀ ਕਰਨ ਵਿਚ ਕਾਮਯਾਬ ਹੋਣ ਦੇਵੇਗੀ । ਸ. ਮਾਨ ਨੇ ਕਿਹਾ ਕਿ ਅਸੀ ਸਮੁੱਚੀ ਮਨੁੱਖਤਾ, ਇਨਸਾਨੀਅਤ ਦੀ ਬਿਹਤਰੀ ਲਈ ਆਪਣੇ ਜਨਮ ਤੋ ਹੀ ਉਦਮ ਕਰਦੇ ਆ ਰਹੇ ਹਾਂ ਅਤੇ ਹਰ ਤਰ੍ਹਾਂ ਦੀ ਨਫਰਤ, ਵਿਤਕਰਾ, ਜ਼ਬਰ ਜੁਲਮ ਦੀਆਂ ਕਾਰਵਾਈਆ ਦੇ ਵਿਰੁੱਧ ਰਹੇ ਹਾਂ । ਜਿਥੇ ਕਿਤੇ ਵੀ ਅਜਿਹਾ ਇਨਸਾਨੀਅਤ ਵਿਰੋਧੀ ਅਮਲ ਹੁੰਦਾ ਹੈ ਉਥੇ ਸਿੱਖ ਕੌਮ ਕੇਵਲ ਆਵਾਜ ਹੀ ਨਹੀ ਉਠਾਉਦੀ ਬਲਕਿ ਅਜਿਹੀਆ ਸਾਜਸੀ ਜੰਗਾਂ ਯੁੱਧਾਂ ਅਤੇ ਹੋਣ ਵਾਲੇ ਸਾਜਸੀ ਕਤਲੇਆਮ ਸਮੇ ਸਮੁੱਚੀ ਮਨੁੱਖਤਾ ਦੀ ਬਿਨ੍ਹਾਂ ਕਿਸੇ ਸਵਾਰਥ ਤੋ ਉਨ੍ਹਾਂ ਨੂੰ ਦਰਪੇਸ ਆ ਰਹੀਆ ਮੁਸਕਿਲਾਂ ਉਤੇ ਆਪਣੇ ਇਨਸਾਨੀ ਫਰਜ ਪੂਰੇ ਕਰਦੇ ਹੋਏ ਉਨ੍ਹਾਂ ਨੂੰ ਸਾਂਭਣ, ਲੰਗਰ, ਕੱਪੜਾ, ਦਵਾਈਆ ਆਦਿ ਦਾ ਪ੍ਰਬੰਧ ਕਰਨ ਦੀ ਮੁੱਖ ਜਿੰਮੇਵਾਰੀ ਨਿਭਾਕੇ ਫਖਰ ਮਹਿਸੂਸ ਕਰਦੀ ਹੈ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਹਿੰਦੂਤਵ ਹੁਕਮਰਾਨ ਫਿਰਕੂ ਸੋਚ ਅਧੀਨ ਅਤੇ ਆਪਣੇ ਸਿਆਸੀ ਨਿਸਾਨਿਆ ਨੂੰ ਪੂਰਨ ਕਰਨ ਹਿੱਤ ਕੇਵਲ ਸਾਜਸੀ ਦੰਗੇ ਫਸਾਦ ਹੀ ਨਹੀ ਕਰਵਾਉਦੇ, ਬਲਕਿ ਸਾਜਸੀ ਢੰਗ ਨਾਲ ਮਨੁੱਖਤਾ ਦਾ ਕਤਲੇਆਮ ਕਰਕੇ ਅਤੇ ਜੰਗਾਂ ਯੁੱਧਾ ਰਾਹੀ ਇਨਸਾਨੀਅਤ ਦਾ ਨਾਸ ਕਰਕੇ ਅਜਿਹੀਆ ਗੈਰ ਇਨਸਾਨੀ ਕਾਰਵਾਈਆ ਵਿਚ ਮਸਰੂਫ ਚੱਲਦੇ ਆ ਰਹੇ ਹਨ । ਜੋ ਕਿ ਨਾ ਕਿਸੇ ਮੁਲਕ ਦਾ ਵਿਧਾਨ, ਨਾ ਇਨਸਾਨੀ ਕਦਰਾਂ ਕੀਮਤਾਂ ਅਤੇ ਨਾ ਹੀ ਸਾਡਾ ਸਿੱਖ ਧਰਮ ਅਜਿਹਾ ਜ਼ਬਰ ਤੇ ਵਿਤਕਰੇ ਕਰਨ ਦੀ ਇਜਾਜਤ ਦਿੰਦਾ ਹੈ । ਇਸ ਲਈ ਹਿੰਦੂਤਵ ਕੱਟੜਵਾਦੀ ਹੁਕਮਰਾਨਾਂ ਨੂੰ ਸਾਡੀ ਇਨਸਾਨੀਅਤ ਨਾਤੇ ਇਹ ਗੁਜਾਰਿਸ ਹੈ ਕਿ ਉਹ ਜੰਗਾਂ ਯੁੱਧਾਂ ਦਾ ਰੌਲਾ ਪਾ ਕੇ ਅਤੇ ਜੰਗ ਲਗਾਕੇ ਮਨੁੱਖਤਾ ਦਾ ਨਾਸ ਕਰਨ ਦੇ ਅਮਲਾਂ ਤੋ ਤੋਬਾ ਕਰੇ ਅਤੇ ਗੁਆਂਢੀ ਮੁਲਕਾਂ ਨਾਲ ਹਰ ਮਸਲੇ ਤੇ ਟੇਬਲਟਾਕ ਰਾਹੀ ਅਜਿਹੇ ਮਸਲੇ ਹੱਲ ਕਰਕੇ ਮਨੁੱਖੀ ਕੀਮਤੀ ਜਾਨਾਂ ਦਾ ਨਾਸ ਹੋਣ ਤੋ ਰੋਕੇ ਅਤੇ ਜੋ ਸਰਹੱਦਾਂ ਉਤੇ ਜੰਗ ਦੇ ਭੈ ਕਾਰਨ ਹਿਜਰਤ ਹੋਣੀ ਸੁਰੂ ਹੋ ਗਈ ਹੈ ਜਿਸ ਲਈ ਹਕੂਮਤੀ ਦਿਸ਼ਾਹੀਣ ਨੀਤੀਆ ਜਿੰਮੇਵਾਰ ਹਨ । ਉਨ੍ਹਾਂ ਲੋਕਾਂ ਦਾ ਉਜਾੜਾ ਤੇ ਹਿਜਰਤ ਕਰਨ ਤੋ ਰੋਕਿਆ ਜਾਵੇ ਅਤੇ ਮਾਹੌਲ ਸਹੀ ਕੀਤਾ ਜਾਵੇ ।