ਨੇਵੀ ਅਤੇ ਆਰਮੀ ਦੇ ਮੁੱਖੀਆਂ ਵੱਲੋਂ ਸ੍ਰੀ ਮੋਦੀ ਨਾਲ ਕੋਈ ਮੁਲਾਕਾਤ ਜੰਗ ਦੇ ਖਤਰੇ ਦੀ ਘੰਟੀ, ਸਿੱਖ ਕੌਮ ਜੰਗਾਂ-ਯੁੱਧਾਂ ਦੇ ਵਿਰੁੱਧ : ਮਾਨ
ਫ਼ਤਹਿਗੜ੍ਹ ਸਾਹਿਬ, 05 ਮਈ ( ) “ਕਿਉਂਕਿ ਜੰਗਾਂ ਜਾਂ ਯੁੱਧਾਂ ਨਾਲ ਕਦੀ ਕੋਈ ਮਸਲਾਂ ਹੱਲ ਨਹੀ ਹੋਇਆ, ਬਲਕਿ ਇਸ ਮਨੁੱਖਤਾ ਵਿਰੋਧੀ ਅਮਲ ਨਾਲ ਹਮੇਸ਼ਾਂ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦਾ ਜਾਨੀ, ਮਾਲੀ ਨੁਕਸਾਨ ਹੁੰਦਾ ਰਿਹਾ ਹੈ । ਕਿਉਂਕਿ ਹਰ ਵਾਰੀ ਮੈਦਾਨ-ਏ-ਜੰਗ ਚੜ੍ਹਦਾ ਤੇ ਲਹਿੰਦਾ ਪੰਜਾਬ ਹੀ ਬਣਦਾ ਹੈ । ਜੋ ਬੀਤੇ ਕੱਲ੍ਹ ਇੰਡੀਅਨ ਨੇਵੀ ਤੇ ਏਅਰਫੋਰਸ ਦੇ ਮੁੱਖੀਆਂ ਵੱਲੋ ਮੋਦੀ ਨਾਲ ਮੁਲਾਕਾਤ ਕੀਤੀ ਗਈ ਹੈ, ਇਹ ਪੰਜਾਬੀਆਂ ਤੇ ਸਿੱਖਾਂ ਉਤੇ ਜ਼ਬਰੀ ਜੰਗ ਥੋਪਣ ਦੇ ਖਤਰੇ ਦੀ ਘੰਟੀ ਨੂੰ ਪ੍ਰਤੱਖ ਕਰ ਰਿਹਾ ਹੈ । ਜਦੋਕਿ ਜੰਗਾਂ ਤੇ ਯੁੱਧ ਨਾਲ ਕਦੀ ਕੋਈ ਮਸਲਾਂ ਹੱਲ ਨਹੀ ਹੋ ਸਕਦਾ । ਬਲਕਿ ਇਹ ਤਾਂ ਮਸਲਿਆ ਨੂੰ ਹੋਰ ਪੇਚੀਦਾ ਕਰਨ ਦੇ ਨਾਲ-ਨਾਲ ਮਨੁੱਖਤਾ ਦਾ ਅਜਾਈ ਨੁਕਸਾਨ ਕਰਨ ਦਾ ਵੱਡਾ ਕਾਰਨ ਬਣ ਜਾਂਦੀਆ ਹਨ । ਰੂਸ-ਯੂਕਰੇਨ, ਇਜਰਾਈਲ, ਫਲਸਤੀਨੀਆਂ ਦੀ ਹੋਈ ਲੜਾਈ ਵਿਚ ਜਿਵੇ ਮਾਸੂਮ ਬੱਚਿਆਂ, ਔਰਤਾਂ ਤੇ ਨਾਗਰਿਕਾਂ ਦਾ ਵੱਡਾ ਨੁਕਸਾਨ ਹੋਇਆ ਹੈ, ਉਹ ਸੰਸਾਰ ਦੇ ਸਾਹਮਣੇ ਹੈ । ਜੇਕਰ ਸ੍ਰੀ ਮੋਦੀ ਤੇ ਉਸਦੀ ਪੰਜਾਬ ਤੇ ਸਿੱਖ ਕੌਮ ਵਿਰੋਧੀ ਜੁੰਡਲੀ ਵੱਲੋਂ ਜੰਗ ਲਗਾਕੇ ਸਾਡੇ ਉਤੇ ਜ਼ਬਰੀ ਥੋਪੀ ਗਈ ਤਾਂ ਸਿੱਖ ਕੌਮ ਇਸ ਜੰਗ ਵਿਚ ਹੁਕਮਰਾਨਾਂ ਤੇ ਸਾਜਿਸਕਾਰਾਂ ਦਾ ਬਿਲਕੁਲ ਸਾਥ ਨਹੀ ਦੇਵੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੋਦੀ, ਅਮਿਤ ਸ਼ਾਹ, ਜੈਸੰਕਰ, ਅਜੀਤ ਡੋਵਾਲ, ਰਾਜਨਾਥ ਸਿੰਘ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਦੀ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਜੁੰਡਲੀ ਵੱਲੋ ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ, ਹਰਿਆਣੇ ਵਿਚ ਦੀਪ ਸਿੰਘ ਸਿੱਧੂ ਅਤੇ ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਕਤਲ ਕੀਤੇ ਗਏ । ਜਿਸਦੇ ਸੱਚ ਨੂੰ ਅਮਰੀਕਾ ਤੇ ਕੈਨੇਡਾ ਨੇ ਆਪਣੀ ਪਾਰਲੀਮੈਟ ਵਿਚ ਰੱਖ ਕੇ ਪ੍ਰਤੱਖ ਕਰ ਦਿੱਤਾ ਕਿ ਉਪਰੋਕਤ ਸਿੱਖ ਨੌਜਵਾਨਾਂ ਦੇ ਕਤਲ ਕੀਤੇ ਹਨ । ਅਮਰੀਕਾ ਵਿਚ ਸ. ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਰਚੀ ਗਈ ਜਿਸ ਨੂੰ ਅਮਰੀਕਾ ਦੀ ਐਫ.ਬੀ.ਆਈ ਨੇ ਅਸਫਲ ਬਣਾਇਆ ਅਤੇ ਇਸ ਕੇਸ ਵਿਚ ਵਿਕਾਸ ਯਾਦਵ ਅਤੇ ਨਿਖਿਲ ਗੁਪਤਾ ਅਮਰੀਕਾ ਦੀਆਂ ਜੇਲ੍ਹਾਂ ਵਿਚ ਸਜਾਯਾਫਤਾ ਹਨ । ਇਨ੍ਹਾਂ ਹੋਏ ਕਤਲਾਂ ਦਾ ਇੰਡੀਅਨ ਹੁਕਮਰਾਨਾਂ ਤੇ ਉਪਰੋਕਤ ਜੁੰਡਲੀ ਕੋਲ ਕੀ ਜੁਆਬ ਹੈ ?
ਉਨ੍ਹਾਂ ਕਿਹਾ ਕਿ ਜੋ ਪਹਿਲਗਾਮ ਵਿਖੇ 26 ਨਿਰਦੋਸ਼ ਇੰਡੀਅਨ ਨਿਵਾਸੀ ਮਾਰੇ ਗਏ ਹਨ ਉਸਦਾ ਸਾਨੂੰ ਗਹਿਰਾ ਦੁੱਖ ਤੇ ਅਫਸੋਸ ਹੈ । ਲੇਕਿਨ ਇਸਦੀ ਨਿਰਪੱਖਤਾ ਨਾਲ ਕੌਮਾਂਤਰੀ ਪੱਧਰ ਤੇ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਇਨ੍ਹਾਂ ਕਤਲਾਂ ਦਾ ਅਸਲ ਸੱਚ ਸਾਹਮਣੇ ਆ ਸਕੇ । ਹੁਕਮਰਾਨ ਵਾਰ-ਵਾਰ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਆਪਣੇ ਹੀ ਨਾਗਰਿਕਾਂ ਨੂੰ ਨਿਸ਼ਾਨਾਂ ਬਣਾਕੇ ਘਿਣੋਨੇ ਹੱਥਕੰਡਿਆ ਰਾਹੀ ਕਤਲੇਆਮ ਨਾ ਕਰਵਾ ਸਕਣ ਅਤੇ ਨਾ ਹੀ ਵੱਖ-ਵੱਖ ਧਰਮਾਂ, ਕੌਮਾਂ ਵਿਚ ਨਫਰਤ ਪੈਦਾ ਕਰਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰ ਸਕਣ । ਉਨ੍ਹਾਂ ਕਿਹਾ ਕਿ ਅਸੀ ਵਰਲਡ ਟਰੇਡ ਆਰਗੇਨਾਈਜੇਸਨ ਅਤੇ ਯੂ.ਐਨ.ਓ ਦੇ ਕੌਮਾਂਤਰੀ ਨਿਯਮਾਂ ਅਧੀਨ ਪੰਜਾਬ ਦੀ ਸਰਹੱਦ ਨਾਲ ਲੱਗਦੀਆਂ ਅਟਾਰੀ, ਵਾਹਗਾ, ਹੁਸੈਨੀਵਾਲਾ, ਸੁਲੇਮਾਨਕੀ ਸਰਹੱਦਾਂ ਨੂੰ ਖੋਲਣ ਦੇ ਹੱਕ ਵਿਚ ਹਾਂ ਤਾਂ ਕਿ ਪੰਜਾਬ ਦੇ ਕਿਸਾਨ ਦੀਆਂ ਫਸਲਾਂ ਅਤੇ ਵਪਾਰੀਆ ਤੇ ਉਦਯੋਗਪਤੀਆਂ ਵੱਲੋ ਤਿਆਰ ਕੀਤੇ ਗਏ ਆਪਣੇ ਉਤਪਾਦ ਇਨ੍ਹਾਂ ਸਰਹੱਦਾਂ ਰਾਹੀ ਕੌਮਾਂਤਰੀ ਮੰਡੀ ਵਿਚ ਖੁੱਲ੍ਹਾ ਵਪਾਰ ਹੋ ਸਕੇ । ਜਿਸ ਨਾਲ ਕੇਵਲ ਪੰਜਾਬ ਅਤੇ ਦੈਤ ਬਣਕੇ ਖੜ੍ਹੀ ਵੱਡੀ ਬੇਰੁਜਗਾਰੀ ਦੀ ਸਮੱਸਿਆ ਦਾ ਹੀ ਹੱਲ ਨਹੀ ਹੋਵੇਗਾ, ਇਸਦੇ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੀ ਵੱਡਾ ਹੁਲਾਰਾ ਮਿਲੇਗਾ । ਲੇਕਿਨ ਹੁਕਮਰਾਨ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਨੂੰ ਘਸਿਆਰੇ ਬਣਾਉਣ ਦੀਆਂ ਮੰਦਭਾਵਨਾ ਭਰੀਆ ਯੋਜਨਾਵਾ ਤੇ ਅਮਲ ਕਰਕੇ ਪੰਜਾਬ ਦਾ ਜਾਨੀ ਮਾਲੀ, ਇਖਲਾਕੀ ਅਤੇ ਸੱਭਿਆਚਾਰਕ ਨੁਕਸਾਨ ਕਰਨ ਵਿਚ ਮਸਰੂਫ ਹਨ ਜਿਸ ਨੂੰ ਕਦਾਚਿੱਤ ਸਹਿਣ ਨਹੀ ਕੀਤਾ ਜਾਵੇਗਾ । ਜੋ ਜੰਗ ਦੇ ਮੁੱਦੇ ਉਤੇ ਸ. ਸੁਖਬੀਰ ਸਿੰਘ ਬਾਦਲ, ਪ੍ਰਤਾਪ ਸਿੰਘ ਬਾਜਵਾ, ਸ੍ਰੀ ਸੁਨੀਲ ਜਾਖੜ ਵਰਗੇ ਆਗੂ ਜੋ ਆਪਣੇ ਆਪ ਨੂੰ ਪੰਜਾਬ, ਪੰਜਾਬੀਅਤ ਤੇ ਸਿੱਖ ਕੌਮ ਪ੍ਰਤੀ ਸੁਹਿਰਦ ਹੋਣ ਦਾ ਦਾਅਵਾ ਕਰਦੇ ਹਨ, ਉਹ ਹੁਣ ਪੰਜਾਬ ਸੂਬੇ ਤੇ ਪੰਜਾਬੀਆਂ ਦੇ ਜਾਨੀ-ਮਾਲੀ ਨੁਕਸਾਨ ਲਈ ਹੋਣ ਵਾਲੀ ਜੰਗ ਦਾ ਵਿਰੋਧ ਕਿਉਂ ਨਹੀਂ ਕਰ ਰਹੇ, ਚੁੱਪ ਕਿਉਂ ਹਨ ?
ਉਨ੍ਹਾਂ ਕਿਹਾ ਕਿ ਜਦੋਂ ਇੰਡੀਅਨ ਵਿਧਾਨ ਦੀ ਧਾਰਾ 14 ਅਧੀਨ ਇਥੋ ਦੇ ਸਭ ਕੌਮਾਂ, ਧਰਮਾਂ, ਨਾਗਰਿਕ ਬਰਾਬਰ ਹਨ, ਫਿਰ 2000 ਵਿਚ ਅਮਰੀਕਾ ਦੇ ਪ੍ਰੈਜੀਡੈਟ ਮਿਸਟਰ ਬਿਲ ਕਲਿਨਟ ਦੇ ਇੰਡੀਆ ਦੌਰੇ ਸਮੇ ਚਿੱਠੀਸਿੰਘਪੁਰਾ ਕਸਮੀਰ ਵਿਚ ਫ਼ੌਜ ਵੱਲੋ 43 ਨਿਰਦੋਸ਼ ਸਿੱਖਾਂ ਨੂੰ ਇਕ ਲਾਇਨ ਵਿਚ ਖੜ੍ਹਾ ਕਰਕੇ ਮਾਰ ਦਿੱਤਾ ਗਿਆ ਸੀ, 2020 ਵਿਚ ਜਦੋਂ ਕਾਬਲ ਦੇ ਗੁਰੂਘਰ ਸ੍ਰੀ ਹਰਿ ਰਾਏ ਵਿਖੇ 25 ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀ । ਇਸੇ ਤਰ੍ਹਾਂ 2018 ਵਿਚ ਆਈ.ਐਸ.ਆਈ.ਐਸ ਨੇ ਇਰਾਕ ਵਿਚ 38 ਸਿੱਖ ਮਾਰ ਦਿੱਤੇ ਸਨ । ਇਸੇ ਤਰ੍ਹਾਂ 2021 ਵਿਚ ਸ੍ਰੀਨਗਰ ਵਿਖੇ ਪ੍ਰਿੰਸੀਪਲ ਬੀਬੀ ਸੁਪਿੰਦਰ ਕੌਰ ਨੂੰ ਆਈ.ਐਸ.ਆਈ.ਐਸ ਨੇ ਮਾਰ ਦਿੱਤਾ ਸੀ। ਉਸ ਸਮੇ ਤਾਂ ਹਿੰਦੂਤਵ ਹੁਕਮਰਾਨਾਂ ਨੇ ਕਦੀ ਜੰਗ ਕਰਨ ਦਾ ਐਲਾਨ ਨਹੀ ਕੀਤਾ । ਜਦੋ ਅੱਜ ਕਿਸੇ ਸਾਜਿਸ ਅਧੀਨ ਪਹਿਲਗਾਮ ਵਿਚ ਇਹ ਦੁਖਾਂਤ ਵਾਪਰਿਆ ਹੈ, ਜਿਸਦਾ ਅਜੇ ਤੱਕ ਕੋਈ ਸੱਚ ਸਾਹਮਣੇ ਨਹੀ ਆਇਆ ਕਿ ਕਿਸ ਨੇ ਇਹ ਸਾਜਿਸ ਘੜੀ ਹੈ, ਤਾਂ ਜੰਗ ਲਗਾ ਦਿਓ ਇਹ ਕਿਥੋ ਦਾ ਨਿਜਾਮ ਤੇ ਅਮਲ ਹੈ ਕਿ ਬੇਕਸੂਰ ਤੇ ਨਿਰਦੋਸ਼ਾਂ ਨੂੰ ਜੰਗ ਦੇ ਮੂੰਹ ਵਿਚ ਧਕੇਲ ਦਿਓ ? ਉਨ੍ਹਾਂ ਕਿਹਾ ਕਿ ਇੰਡੀਆਂ ਇੰਡਸ ਅਤੇ ਸਤਲੁਜ ਦੇ ਪਾਕਿਸਤਾਨ ਜਾ ਰਹੇ ਪਾਣੀ ਨੂੰ ਬੰਦ ਕਰਨ ਦੀ ਗੱਲ ਕਰ ਰਿਹਾ ਹੈ । ਜੋ ਕਿ ਕੌਮਾਂਤਰੀ ਜੰਗੀ ਅਪਰਾਧ ਹੈ । ਦੂਸਰੇ ਪਾਸੇ ਇੰਡਸ ਤੇ ਸਤਲੁਜ ਦੇ ਪਾਣੀ ਚੀਨ ਤੋ ਆ ਰਹੇ ਹਨ, ਬ੍ਰਹਮਪੁੱਤਰਾਂ ਦਾ ਅਸਾਮ ਵਿਚ ਵੀ ਪਾਣੀ ਚੀਨ ਤੋ ਆ ਰਿਹਾ ਹੈ । ਜੇਕਰ ਚੀਨ ਇਹ ਪਾਣੀ ਇੱਧਰ ਆਉਣੇ ਬੰਦ ਕਰ ਦੇਵੇ ਫਿਰ ਇੰਡੀਆਂ ਦੇ ਹਿੰਦੂਤਵ ਰਾਸਟਰ ਦਾ ਕੀ ਸਟੈਂਡ ਹੋਵੇਗਾ ?
ਉਨ੍ਹਾਂ ਕਿਹਾ ਕਿ ਜੋ ਹਿੰਦੂਤਵ ਹੁਕਮਰਾਨਾਂ ਨੇ ਪਾਕਿਸਤਾਨ ਨਾਲ ਸਭ ਵਪਾਰ ਬੰਦ ਕਰ ਦਿੱਤਾ ਹੈ । ਹਵਾਈ ਯਾਤਰਾਵਾ ਬੰਦ ਕਰ ਦਿੱਤੀਆ ਹਨ, ਹਰ ਤਰ੍ਹਾਂ ਦੇ ਡਿਪਲੋਮੈਟਿਕ ਸੰਬੰਧ ਖਤਮ ਕਰ ਦਿੱਤੇ ਹਨ, ਇਸ ਪੇਚੀਦਾ ਮਸਲੇ ਦੇ ਜਿੰਮੇਵਾਰ ਤਾਂ ਗਾਂਧੀ, ਨਹਿਰੂ ਤੇ ਜਿਨਾਹ ਸਨ । ਜਿਨ੍ਹਾਂ ਨੇ ਇਹ ਯੱਭ ਪਾਇਆ ਹੈ । ਇਸ ਵਿਚ ਚੜ੍ਹਦੇ ਤੇ ਲਹਿੰਦੇ ਵਾਲੇ ਪੰਜਾਬੀਆਂ ਦਾ ਕੀ ਕਸੂਰ ਹੈ ? ਅਜਿਹਾ ਅਮਲ ਤਾਂ ਕਦਾਚਿੱਤ ਸਹੀ ਨਹੀ ਕਿਹਾ ਜਾ ਸਕਦਾ । ਜਦੋ ਹੁਣ ਪਾਕਿਸਤਾਨ ਨੇ ਅਬਦਾਲੀ ਮਿਜਾਇਲ ਬਣਾ ਲਈ ਹੈ ਜਿਸਦੀ ਮਾਰ 450 ਕਿਲੋਮੀਟਰ ਦੀ ਹੈ । ਅਸੀ ਤਾਂ ਕੁੱਪ, ਕੁੱਤਬ, ਗਹਿਲਾ ਦੇ ਪਹਿਲੇ ਘੱਲੂਘਾਰੇ ਵਿਚ ਅਬਦਾਲੀ ਦੀਆਂ ਫ਼ੌਜਾਂ ਦਾ ਬਾਖੂਬੀ ਮੁਕਾਬਲਾ ਕੀਤਾ ਸੀ । ਉਪਰੰਤ ਇਨ੍ਹਾਂ ਜਾਲਮ ਹਮਲਾਵਰਾਂ ਨੂੰ ਖੈਬਰ ਦਾ ਦਰ੍ਹਾ ਨਹੀ ਸੀ ਟੱਪਣ ਦਿੱਤਾ । ਹੁਣ ਜੇਕਰ ਮਿਜਾਇਲਾਂ ਤੇ ਐਟਮ ਬੰਬਾਂ ਦੀ ਜੰਗ ਸੁਰੂ ਹੋ ਗਈ ਤਾਂ ਦਿੱਲੀ ਤੱਕ ਮਾਰ ਕਰਨ ਵਾਲੀ ਇਸ ਮਿਜਾਇਲ ਲਈ ਜੰਗ ਦਾ ਰੌਲਾ ਪਾਉਣ ਵਾਲੇ ਹਿੰਦੂਤਵ ਹੁਕਮਰਾਨ ਕੀ ਕਰੇਗਾ ? ਉਨ੍ਹਾਂ ਕਿਹਾ ਕਿ ਇਰਾਨ, ਇਰਾਕ ਅਤੇ ਸਾਊਦੀ ਅਰਬ ਵਿਚ ਜੋ ਕੁਰਦਾ ਦਾ ਇਲਾਕਾ ਹੈ, ਜਦੋ ਉਨ੍ਹਾਂ ਤੇ ਜ਼ਬਰ ਢਾਹਿਆ ਗਿਆ ਤਾਂ ਅਮਰੀਕਾ ਨੇ ਉਨ੍ਹਾਂ ਦੇ ਇਲਾਕੇ ਨੂੰ ਨੋ ਫਲਾਈ ਜੋਨ ਕੌਮਾਂਤਰੀ ਪੱਧਰ ਤੇ ਐਲਾਨ ਕਰ ਦਿੱਤਾ ਸੀ । ਉਸੇ ਤਰ੍ਹਾਂ ਲਹਿੰਦਾ ਅਤੇ ਚੜ੍ਹਦਾ ਪੰਜਾਬ ਜਿਥੇ ਬਹੁ ਸਿੱਖ ਵਸੋ ਵੱਸਦੀ ਹੈ, ਜਿਸ ਉਤੇ ਮੰਦਭਾਵਨਾ ਅਧੀਨ ਹਿੰਦੂਤਵ ਰਾਸਟਰ ਜ਼ਬਰ ਜੁਲਮ ਤੇ ਵਿਤਕਰੇ ਕਰ ਰਿਹਾ ਹੈ, ਇਹ ਵੀ ਉਸੇ ਤਰ੍ਹਾਂ ਕੌਮਾਂਤਰੀ ਪੱਧਰ ਤੇ ਨੋ ਫਲਾਈ ਜੋਨ ਐਲਾਨਿਆ ਜਾਣਾ ਚਾਹੀਦਾ ਹੈ ਜਿਸ ਉਤੇ ਕਿਸੇ ਵੀ ਮੁਲਕ ਦੀਆਂ ਮਿਜਾਇਲਾਂ, ਲੜਾਕੂ ਹਵਾਈ ਜਹਾਜ ਆਦਿ ਨਾ ਉੱਡ ਸਕਣ ਅਤੇ ਮਨੁੱਖਤਾ ਦਾ ਘਾਣ ਨਾ ਹੋ ਸਕੇ ।