ਵਕਫ ਸੋਧ ਬਿੱਲ ਉਤੇ ਪ੍ਰਿੰਯਕਾ ਗਾਂਧੀ ਅਤੇ ਰਾਹੁਲ ਗਾਂਧੀ ਨੇ ਲੋਕ ਸਭਾ ਵਿਚ ਅਤੇ ਸ੍ਰੀ ਖੜਗੇ ਨੇ ਰਾਜ ਸਭਾ ਵਿਚ ਕਿਸੇ ਤਰ੍ਹਾਂ ਦਾ ਵਿਰੋਧ ਨਹੀ ਕੀਤਾ : ਮਾਨ
ਫ਼ਤਹਿਗੜ੍ਹ ਸਾਹਿਬ, 10 ਅਪ੍ਰੈਲ ( ) “ਜੋ ਬੀਜੇਪੀ-ਆਰ.ਐਸ.ਐਸ ਹਕੂਮਤ ਨੇ ਮੁਸਲਿਮ ਕੌਮ ਦੀਆਂ ਦਾਨ ਵਿਚ ਦਿੱਤੀਆ ਜਾਇਦਾਦਾਂ ਅਤੇ ਉਨ੍ਹਾਂ ਤੋ ਹੋਣ ਵਾਲੀ ਵੱਡੀ ਆਮਦਨ ਨੂੰ ਮੰਦਭਾਵਨਾ ਅਧੀਨ ਹੜੱਪਣ ਹਿੱਤ ਅਤੇ ਘੱਟ ਗਿਣਤੀ ਮੁਸਲਿਮ ਕੌਮ ਉਤੇ ਦਹਿਸਤ ਪਾ ਕੇ ਗੁਲਾਮ ਬਣਾਉਣ ਹਿੱਤ ਵਕਫ ਸੋਧ ਕਾਨੂੰਨ ਬਣਾਇਆ ਹੈ, ਜਿਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖਤ ਸ਼ਬਦਾਂ ਵਿਚ ਵਿਰੋਧ ਕਰਦਾ ਹੈ । ਸਾਨੂੰ ਇਸ ਗੱਲ ਦਾ ਵੱਡਾ ਦੁੱਖ ਹੈ ਕਿ ਜਿਸ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਰਾਮ ਮੰਦਰ-ਬਾਬਰੀ ਮਸਜਿਦ ਦੇ ਸੰਜ਼ੀਦਾ ਵਿਵਾਦ ਸਮੇ ਅਯੁੱਧਿਆ ਵਿਚ ਜਾ ਕੇ ਸੈਟਰ ਸਰਕਾਰ ਦੀ ਇਸ ਫਿਰਕੂ ਕਾਰਵਾਈ ਦਾ ਦ੍ਰਿੜਤਾ ਨਾਲ ਵਿਰੋਧ ਕਰਦੇ ਹੋਏ ਧਰਨਾ ਦਿੱਤਾ ਸੀ । ਜੰਮੂ-ਕਸਮੀਰ ਵਿਚ ਮੁਸਲਿਮ ਕੌਮ ਨੂੰ ਉਥੇ ਖੁਦਮੁਖਤਿਆਰੀ ਪ੍ਰਦਾਨ ਕਰਨ ਵਾਲੀ ਧਾਰਾ 370 ਅਤੇ 35ਏ ਨੂੰ ਇਸੇ ਮੰਦਭਾਵਨਾ ਭਰੀ ਸੋਚ ਅਧੀਨ ਹੁਕਮਰਾਨਾਂ ਨੇ ਖਤਮ ਕਰਕੇ ਯੂ.ਟੀ ਬਣਾ ਦਿੱਤਾ ਅਤੇ ਜਿਥੇ ਅਸੀਂ ਆਪਣੀ ਪਾਰਟੀ ਦਾ ਵਫਦ ਲੈਕੇ ਹੁਕਮਰਾਨਾਂ ਦੇ ਇਸ ਅਮਲ ਦਾ ਵਿਰੋਧ ਕਰਦੇ ਹੋਏ ਗ੍ਰਿਫਤਾਰੀਆ ਤੇ ਨਜਰਬੰਦ ਵੀ ਹੁੰਦੇ ਰਹੇ ਹਾਂ । ਇਸ ਤੋ ਇਲਾਵਾ ਜਦੋ ਕਸਮੀਰ ਵਿਚ ਕਸਮੀਰੀ ਨੌਜਵਾਨਾਂ ਨੂੰ ਫੌ਼ਜ, ਅਰਧ ਸੈਨਿਕ ਬਲ, ਪੁਲਿਸ ਬੇਰਹਿੰਮੀ ਨਾਲ ਕਤਲ ਕਰ ਰਹੇ ਸਨ ਤਦ ਵੀ ਅਸੀ ਆਪਣੀ ਇਖਲਾਕੀ ਤੇ ਸਮਾਜਿਕ ਜਿੰਮੇਵਾਰੀ ਸਮਝਕੇ ਹੁਕਮਰਾਨਾਂ ਦੀ ਇਸ ਕਾਰਵਾਈ ਦਾ ਉਥੇ ਜਾ ਕੇ ਵਿਰੋਧ ਕਰਦੇ ਰਹੇ ਹਾਂ । ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਜਦੋ ਵੀ ਮੈਂ ਜਾਂ ਮੇਰੀ ਪਾਰਟੀ ਚੋਣਾਂ ਵਿਚ ਉੱਤਰਦੀ ਹੈ, ਤਾਂ ਪੰਜਾਬ ਵਿਚ ਵੱਸਣ ਵਾਲੀ ਮੁਸਲਿਮ ਕੌਮ ਸਾਨੂੰ ਵੋਟਾਂ ਦੇ ਕੇ ਉਤਸਾਹਿਤ ਕਰਨ ਦੀ ਬਜਾਇ ਇਹ ਵੋਟਾਂ ਬੀਜੇਪੀ-ਆਰ.ਐਸ.ਐਸ ਜਾਂ ਕਾਂਗਰਸ ਨੂੰ ਹੀ ਪਾਉਦੇ ਆ ਰਹੇ ਹਨ । ਜਦੋ ਮੈਂ ਸੰਗਰੂਰ ਤੋ ਲੋਕ ਸਭਾ ਚੋਣ ਲੜਿਆ ਤਾਂ ਉਥੇ ਮਲੇਰਕੋਟਲਾ ਤੇ ਹੋਰ ਥਾਵਾਂ ਦੇ ਮੁਸਲਮਾਨਾਂ ਨੇ ਆਪਣੀਆ ਵੋਟਾਂ ਕਾਂਗਰਸ ਨੂੰ ਦਿੱਤੀਆ । ਜਦੋਕਿ ਵਕਫ ਸੋਧ ਬਿੱਲ ਪਾਰਲੀਮੈਟ ਵਿਚ ਆਉਣ ਤੇ ਕਾਂਗਰਸ ਵੱਲੋ ਪ੍ਰਿੰਯਕਾ ਗਾਂਧੀ ਅਤੇ ਰਾਹੁਲ ਨੇ ਰਤੀਭਰ ਵੀ ਇਸ ਬਿੱਲ ਵਿਰੁੱਧ ਕੋਈ ਅਮਲ ਨਾ ਕੀਤਾ । ਇਸੇ ਤਰ੍ਹਾਂ ਰਾਜ ਸਭਾ ਵਿਚ ਵਿਰੋਧੀ ਪਾਰਟੀ ਦੇ ਆਗੂ ਅਤੇ ਕਾਂਗਰਸ ਦੇ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਵੀ ਇਸ ਬਿੱਲ ਦਾ ਕੋਈ ਵਿਰੋਧ ਨਹੀ ਕੀਤਾ । ਫਿਰ ਮੁਸਲਿਮ ਕੌਮ ਕਦੀ ਬੀਜੇਪੀ-ਆਰ.ਐਸ.ਐਸ, ਕਦੀ ਕਾਂਗਰਸ ਨੂੰ ਮੁਲਕ ਵਿਚ ਵੋਟਾਂ ਦੇ ਕੇ ਕੀ ਆਪਣੇ ਤੇ ਹੋਰ ਘੱਟ ਗਿਣਤੀ ਕੌਮਾਂ ਦੇ ਹੱਕ ਹਕੂਕਾ ਨੂੰ ਕੁੱਚਲਣ ਅਤੇ ਹੁਕਮਰਾਨਾਂ ਵੱਲੋ ਇਨ੍ਹਾਂ ਉਤੇ ਜ਼ਬਰ ਕਰਨ ਦਾ ਸੱਦਾ ਖੁਦ ਹੀ ਨਹੀ ਦੇ ਰਹੇ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਵਿਚ ਵੱਸਣ ਵਾਲੀ ਮੁਸਲਿਮ ਕੌਮ ਵੱਲੋ ਆਪਣੇ ਕੌਮੀ ਹੱਕਾਂ ਅਤੇ ਹੋਰ ਘੱਟ ਗਿਣਤੀ ਕੌਮਾਂ ਦੇ ਹੱਕ ਹਕੂਕਾ ਦੀ ਰੱਖਿਆ ਲਈ ਜਾਂ ਇਨ੍ਹਾਂ ਘੱਟ ਗਿਣਤੀ ਕੌਮਾਂ ਉਤੇ ਹੋ ਰਹੇ ਹਕੂਮਤੀ ਜ਼ਬਰ ਵਿਰੁੱਧ ਕੋਈ ਵੀ ਅਸਰਦਾਇਕ ਅਮਲ ਨਾ ਕਰਨ ਉਤੇ ਗਹਿਰੇ ਦੁੱਖ ਦਾ ਇਜਹਾਰ ਕਰਦੇ ਹੋਏ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਕਿਸੇ ਤਰ੍ਹਾਂ ਦਾ ਸਹਿਯੋਗ ਨਾ ਦੇਣ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਤੱਕ ਘੱਟ ਗਿਣਤੀ ਕੌਮਾਂ ਵਿਸੇਸ ਤੌਰ ਤੇ ਹੁਕਮਰਾਨਾਂ ਦਾ ਨਿਸਾਨਾਂ ਬਣ ਰਹੀ ਮੁਸਲਿਮ ਅਤੇ ਸਿੱਖ ਕੌਮ ਆਪਣੇ ਹੱਕਾਂ ਦੀ ਰਾਖੀ ਲਈ ਅਤੇ ਹੋ ਰਹੇ ਹਕੂਮਤੀ ਜ਼ਬਰ ਜੁਲਮ ਵਿਰੁੱਧ ਇਕੱਠੇ ਹੋ ਕੇ ਇਕ ਆਵਾਜ ਵਿਚ ਤਾਨਾਸਾਹੀ ਹੁਕਮਰਾਨਾਂ ਵਿਰੁੱਧ ਡੱਟਕੇ ਨਹੀ ਖਲੋਦੇ ਤਾਂ ਵਕਫ ਸੋਧ ਬਿੱਲ ਅਤੇ ਹੋਰ ਵਿਧਾਨਿਕ ਸੋਧਾਂ ਅਤੇ ਬੁਲਡੋਜਰ ਨੀਤੀ ਰਾਹੀ ਇਸੇ ਤਰ੍ਹਾਂ ਘੱਟ ਗਿਣਤੀ ਕੌਮਾਂ ਉਤੇ ਫਿਰਕੂ ਹੁਕਮਰਾਨਾਂ ਦੇ ਜ਼ਬਰ ਜੁਲਮ ਨੂੰ ਖਤਮ ਕਰਨ ਵਿਚ ਕੋਈ ਮਦਦ ਨਹੀ ਮਿਲੇਗੀ । ਇਹ ਹੁਕਮਰਾਨ ਵਾਰੋ ਵਾਰੀ ਘੱਟ ਗਿਣਤੀ ਕੌਮਾਂ ਨੂੰ ਗੁਲਾਮ ਬਣਾਉਣ ਦੀ ਨੀਤੀ ਅਧੀਨ ਇਸੇ ਤਰ੍ਹਾਂ ‘ਪਾੜੋ ਅਤੇ ਰਾਜ ਕਰੋ’ ਤੇ ਅਮਲ ਕਰਦੇ ਹੋਏ ਸਾਨੂੰ ਆਪਸ ਵਿਚ ਦੂਰ ਵੀ ਕਰਦੇ ਰਹਿਣਗੇ ਅਤੇ ਆਪਣੀਆ ਮੰਦਭਾਵਨਾ ਭਰੀਆ ਸਾਜਿਸਾਂ ਨੂੰ ਕਾਮਯਾਬ ਵੀ ਕਰਦੇ ਰਹਿਣਗੇ । ਇਸ ਲਈ ਇਹ ਜਰੂਰੀ ਹੈ ਕਿ ਜਦੋ ਵੀ ਮੁਲਕ ਦੇ ਕਿਸੇ ਹਿੱਸੇ ਵਿਚ ਸਾਡੇ ਵਰਗੇ ਜ਼ਬਰ ਜੁਲਮ ਵਿਰੁੱਧ ਆਵਾਜ ਬੁਲੰਦ ਕਰਨ ਵਾਲੀਆ ਜਮਾਤਾਂ ਵੱਲੋ ਜਮਹੂਰੀ ਪ੍ਰਕਿਰਿਆ ਰਾਹੀ ਕਿਸੇ ਤਰ੍ਹਾਂ ਦੀ ਚੋਣ ਵਿਚ ਹਿੱਸਾ ਲਿਆ ਜਾਂਦਾ ਹੈ ਤਾਂ ਸਮੁੱਚੀਆ ਘੱਟ ਗਿਣਤੀ ਕੌਮਾਂ ਅਤੇ ਦਲਿਤਾਂ ਦਾ ਇਹ ਇਖਲਾਕੀ ਫਰਜ ਬਣ ਜਾਂਦਾ ਹੈ ਕਿ ਬੀਤੇ 78 ਸਾਲਾਂ ਤੋ ਬਹੁਗਿਣਤੀ ਹਿੰਦੂਤਵ ਹੁਕਮਰਾਨ ਜੋ ਘੱਟ ਗਿਣਤੀ ਕੌਮਾਂ ਨਾਲ ਹਰ ਖੇਤਰ ਵਿਚ ਬੇਇਨਸਾਫ਼ੀਆ ਕਰਦੇ ਆ ਰਹੇ ਹਨ, ਉਨ੍ਹਾਂ ਦੀਆਂ ਸਾਜਿਸਾਂ ਨੂੰ ਅਸਫਲ ਬਣਾਉਣ ਲਈ ਅਜਿਹੀਆ ਜਮਹੂਰੀ ਚੋਣਾਂ ਸਮੇ ਬੀਜੇਪੀ-ਆਰ.ਐਸ.ਐਸ, ਕਾਂਗਰਸ, ਆਮ ਆਦਮੀ ਪਾਰਟੀ ਆਦਿ ਦਾ ਪੂਰਨ ਬਾਈਕਾਟ ਕਰਕੇ ਮੁਸਲਿਮ, ਸਿੱਖ, ਇਸਾਈ, ਦਲਿਤ ਅਤੇ ਕਬੀਲੇ ਆਦਿ ਇਕੱਠੇ ਹੋ ਕੇ ਆਪਣੇ ਸਾਂਝੇ ਉਮੀਦਵਾਰਾਂ ਨੂੰ ਸਾਨ ਨਾਲ ਜਿਤਾਕੇ ਲੋਕ ਸਭਾ, ਵਿਧਾਨ ਸਭਾ ਅਤੇ ਹੋਰ ਸੰਸਥਾਵਾਂ ਵਿਚ ਭੇਜਣ ਦੀ ਜਿੰਮੇਵਾਰੀ ਨਿਭਾਉਣ ਤਾਂ ਕਿ ਅਸੀ ਘੱਟ ਗਿਣਤੀ ਕੌਮਾਂ ਇਕ ਦੂਜੇ ਦੇ ਸਹਿਯੋਗ ਨਾਲ ਬਹੁਗਿਣਤੀ ਹੁਕਮਰਾਨਾਂ ਦੀਆਂ ਸਾਜਿਸਾਂ ਨੂੰ ਅਸਫਲ ਬਣਾਕੇ ਸੈਟਰ, ਸੂਬਿਆਂ ਦੀਆਂ ਹਰ ਤਰ੍ਹਾਂ ਦੀਆਂ ਸੰਸਥਾਵਾਂ ਦੀਆਂ ਚੋਣਾਂ ਵਿਚ ਘੱਟ ਗਿਣਤੀ ਕੌਮਾਂ ਦੇ ਹੱਕਾਂ ਦੀ ਰਖਵਾਲੀ ਕਰਨ ਵਾਲੀਆ ਸਖਸ਼ੀਅਤਾਂ ਦੇ ਪ੍ਰਬੰਧ ਨੂੰ ਮਜਬੂਤ ਕਰ ਸਕੀਏ ਅਤੇ ਅਮਲੀ ਰੂਪ ਵਿਚ ਜਮਹੂਰੀਅਤ ਅਤੇ ਅਮਨ ਚੈਨ ਦਾ ਬੋਲਬਾਲਾ ਕਰਨ ਵਿਚ ਯੋਗਦਾਨ ਪਾ ਸਕੀਏ ।