ਆਈ.ਐਸ.ਆਈ.ਐਸ. ਵੱਲੋਂ ਅਮਰੀਕਾ ਵਿਚ ਹੋ ਰਹੇ ਹਮਲੇ ਇਨਸਾਨੀਅਤ ਵਿਰੋਧੀ, ਸਾਡੇ ਉਤੇ ਹੋਏ ਹਮਲਿਆ ਦੀ ਜਾਂਚ ਕਿਉਂ ਨਹੀਂ ? : ਮਾਨ
ਫ਼ਤਹਿਗੜ੍ਹ ਸਾਹਿਬ, 03 ਜਨਵਰੀ ( ) “ਆਈ.ਐਸ.ਆਈ.ਐਸ. ਦੇ ਇਸਲਾਮਿਕ ਸੰਗਠਨ ਵੱਲੋਂ ਬੀਤੇ ਸਮੇਂ ਵਿਚ ਵੀ ਬਹੁਤ ਇਨਸਾਨੀਅਤ ਵਿਰੋਧੀ ਕਾਰਵਾਈਆ ਤੇ ਅਮਲ ਕੀਤੇ ਜਾਂਦੇ ਰਹੇ ਹਨ । ਜਿਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਨੇ ਦ੍ਰਿੜਤਾ ਨਾਲ ਵਿਰੋਧਤਾ ਤੇ ਨਿਖੇਧੀ ਕਰਦੇ ਰਹੇ ਹਾਂ । ਬੀਤੇ ਦਿਨੀਂ ਅਮਰੀਕਾ ਵਿਚ ਵੀ ਅਜਿਹੇ ਇਨਸਾਨੀਅਤ ਵਿਰੋਧੀ ਅਮਲ ਹੋਏ ਹਨ । ਜੋ ਅਤਿ ਨਿੰਦਣਯੋਗ ਅਤੇ ਮਨੁੱਖੀ ਅਧਿਕਾਰਾਂ ਦੇ ਨਿਯਮਾਂ, ਅਸੂਲਾਂ ਦਾ ਘਾਣ ਕਰਨ ਵਾਲੇ ਹਨ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ 2000 ਵਿਚ ਜੰਮੂ-ਕਸਮੀਰ ਦੇ ਚਿੱਠੀਸਿੰਘਪੁਰਾ ਵਿਖੇ ਇੰਡੀਅਨ ਫ਼ੌਜ ਨੇ 43 ਅੰਮ੍ਰਿਤਧਾਰੀ ਨਿਰਦੋਸ਼ ਅਤੇ ਨਿਹੱਥੇ ਸਿੱਖਾਂ ਨੂੰ ਇਕ ਲਾਇਨ ਵਿਚ ਖੜ੍ਹਾ ਕਰਕੇ ਗੋਲੀਆਂ ਨਾਲ ਮਾਰ ਦਿੱਤਾ ਸੀ । ਬੀਤੇ ਸਮੇ ਵਿਚ ਆਈ.ਐਸ.ਆਈ.ਐਸ. ਨੇ 20 ਮਾਰਚ 2018 ਨੂੰ ਇਰਾਕ ਵਿਚ 38 ਸਿੱਖਾਂ ਨੂੰ ਬੰਦੀ ਬਣਾਕੇ ਕਤਲ ਕਰ ਦਿੱਤਾ ਸੀ । ਉਸ ਸਮੇਂ ਕੇਰਲਾ ਦੀਆਂ ਨਰਸਾਂ ਨੂੰ ਵੀ ਬੰਦੀ ਬਣਾਇਆ ਗਿਆ ਸੀ । ਪਰ ਕਿਉਕਿ ਕੇਰਲਾ ਦੇ ਕੁਝ ਬੰਦਿਆ ਵੱਲੋ ਆਈ.ਐਸ.ਆਈ.ਐਸ. ਸੰਗਠਨ ਨਾਲ ਸਾਂਝ ਹੋਣ ਅਤੇ ਹਿੰਦੂਤਵ ਹੁਕਮਰਾਨਾਂ ਦੀ ਕੈਬਨਿਟ ਵਿਚ ਸਾਮਿਲ ਵਜੀਰ ਬੀਬੀ ਸੁਸਮਾ ਸਿਵਰਾਜ ਨੇ ਅਮਲ ਕਰਕੇ ਇਨ੍ਹਾਂ ਬੀਬੀਆਂ ਨੂੰ ਬਚਾਕੇ ਵਾਪਸ ਇੰਡੀਆ ਮੰਗਵਾ ਲਿਆ ਸੀ । ਪਰ ਸਾਡੇ ਸਿੱਖਾਂ ਨਾਲ ਇਹ ਵੱਡਾ ਪਾਪ ਕੀਤਾ ਗਿਆ ਸੀ । ਜਦੋਕਿ ਜੇਕਰ ਇੰਡੀਅਨ ਹੁਕਮਰਾਨ ਜੋ ਮੁਤੱਸਵੀ ਸੋਚ ਦੇ ਮਾਲਕ ਹਨ, ਜੇਕਰ ਇਮਾਨਦਾਰੀ ਨਾਲ ਚਾਹੁੰਦੇ ਤਾਂ ਇਨ੍ਹਾਂ 38 ਸਿੱਖਾਂ ਦੀਆਂ ਜਿੰਦਗਾਨੀਆ ਵੀ ਬਚਾਈਆ ਜਾ ਸਕਦੀਆ ਸਨ। ਇਸ ਉਪਰੰਤ 01 ਅਕਤੂਬਰ 2021 ਨੂੰ ਪੇਸਾਵਰ ਵਿਚ ਇਕ ਸਿੱਖ ਹਕੀਮ ਸਤਨਾਮ ਸਿੰਘ ਨੂੰ ਮਾਰ ਦਿੱਤਾ ਗਿਆ ਸੀ। 07 ਅਕਤੂਬਰ 2021 ਨੂੰ ਸ੍ਰੀਨਗਰ ਵਿਚ ਇਕ ਪ੍ਰਿੰਸੀਪਲ ਬੀਬੀ ਸੁਪਿੰਦਰ ਕੌਰ ਨੂੰ ਮਾਰ ਦਿੱਤਾ ਗਿਆ ਸੀ । ਕਾਬਲ ਵਿਚ 25 ਮਾਰਚ 2020 ਵਿਚ 25 ਸਿੱਖਾਂ ਨੂੰ ਗੁਰੂਘਰ ਵਿਚ ਮਾਰ ਦਿੱਤਾ ਗਿਆ ਸੀ । 18 ਜੂਨ 2022 ਨੂੰ ਅਫਗਾਨੀਸਤਾਨ ਦੇ ਗੁਰੂਘਰ ਕਰਤਾ ਏ ਪ੍ਰਵਾਨ ਵਿਖੇ ਹਮਲਾ ਕੀਤਾ ਗਿਆ ਸੀ । ਜਦੋਕਿ ਵਜੀਰ ਏ ਆਜਮ ਇੰਡੀਆ ਸ੍ਰੀ ਮੋਦੀ ਨੇ ਕਿਹਾ ਸੀ ਕਿ ਇਨ੍ਹਾਂ ਦੀ ਜਾਂਚ ਕਰਵਾਉਦੇ ਹੋਏ ਦੋਸ਼ੀਆਂ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜ਼ਾਵਾਂ ਦਿੱਤੀਆ ਜਾਣਗੀਆ । ਪਰ ਉਸ ਉਪਰੰਤ ਕੋਈ ਵੀ ਅਮਲ ਨਾ ਹੋਣਾ ਇੰਡੀਅਨ ਹੁਕਮਰਾਨਾਂ ਦੀ ਸਿੱਖ ਕੌਮ ਪ੍ਰਤੀ ਈਰਖਾਵਾਦੀ ਸੋਚ ਨੂੰ ਹੀ ਪ੍ਰਤੱਖ ਕਰਦਾ ਹੈ । ਜਿਸਦੀ ਅਸੀਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਸਿੱਖਾਂ ਉਤੇ ਹੋਏ ਹਮਲਿਆ ਦੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਨ ਦੀ ਮੰਗ ਕਰਦੇ ਹਾਂ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਈ.ਐਸ.ਆਈ.ਐਸ ਜਥੇਬੰਦੀ ਵੱਲੋਂ ਵੱਖ-ਵੱਖ ਸਮਿਆ ਤੇ ਕਾਬਲ, ਸ੍ਰੀਨਗਰ, ਪੇਸਾਵਰ, ਇਰਾਕ ਵਿਚ ਹੋਏ ਹਮਲਿਆ ਦੇ ਕਾਤਲ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਲਈ ਇੰਡੀਅਨ ਹੁਕਮਰਾਨਾਂ ਵੱਲੋ ਕੋਈ ਵੀ ਕਾਨੂੰਨੀ ਅਮਲ ਨਾ ਕਰਨ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਸਿੱਖ ਕੌਮ ਨਾਲ ਵਿਤਕਰੇ ਤੇ ਬੇਇਨਸਾਫ਼ੀਆਂ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦੀ ਜਾਣਕਾਰੀ ਕਿਉਂ ਨਹੀਂ ਦਿੱਤੀ ਜਾ ਰਹੀ ਕਿ ਇੰਡੀਅਨ ਏਜੰਸੀਆ ਜਾਂ ਆਈ.ਐਸ.ਆਈ.ਐਸ ਇਸਲਾਮਿਕ ਸੰਗਠਨ ਜਾਂ ਹੋਰ ਸਾਜਿਸਕਾਰਾਂ ਵੱਲੋ ਸਰਬੱਤ ਦਾ ਭਲਾ ਲੋੜਨ ਵਾਲੇ ਸਿੱਖਾਂ ਉਤੇ ਅਜਿਹੇ ਅਣਮਨੁੱਖੀ ਹਮਲੇ ਕਿਉਂ ਕੀਤੇ ਜਾ ਰਹੇ ਹਨ ? ਇਨ੍ਹਾਂ ਹਮਲਿਆ ਦਾ ਮਕਸਦ ਕੀ ਹੈ, ਇਹ ਹਮਲੇ ਕੌਣ ਕਰਵਾ ਰਿਹਾ ਹੈ ? ਇੰਡੀਅਨ ਏਜੰਸੀ ਰਾਅ ਇਸ ਗੰਭੀਰ ਮੁੱਦੇ ਉਤੇ ਸਿੱਖ ਕੌਮ ਨੂੰ ਜਾਣਕਾਰੀ ਦੇਣ ਤੋ ਕਿਉਂ ਭੱਜ ਰਹੀ ਹੈ ਅਤੇ ਸਿੱਖ ਜੋ ਕਾਨੂੰਨੀ ਤੌਰ ਤੇ ਇੰਡੀਅਨ ਨਾਗਰਿਕ ਹਨ ਅਤੇ ਕਾਨੂੰਨ ਤੇ ਇਨਸਾਨੀਅਤ ਕਦਰਾਂ ਕੀਮਤਾਂ ਦੀ ਪਾਲਣਾ ਕਰਨ ਵਾਲੀ ਕੌਮ ਹੈ, ਉਸ ਨੂੰ ਇਨਸਾਫ ਕਿਉਂ ਨਹੀ ਦਿੱਤਾ ਜਾ ਰਿਹਾ ?