ਪਾਕਿਸਤਾਨ ਨੂੰ ਯੂ.ਐਨ. ਦੀ ਸੁਰੱਖਿਆ ਕੌਂਸਲ ਦਾ ਮੈਬਰ ਬਣਾਉਣਾ ਦਰੁਸਤ, ਇਸ ਨਾਲ ਕਿਸਾਨ ਖੇਤ-ਮਜਦੂਰ ਅਤੇ ਸਿੱਖਾਂ ਉਤੇ ਹੋ ਰਹੇ ਜ਼ਬਰ ਨੂੰ ਠੱਲ੍ਹ ਪੈਣ ਵਿਚ ਮਦਦ ਮਿਲੇਗੀ : ਮਾਨ
ਫ਼ਤਹਿਗੜ੍ਹ ਸਾਹਿਬ, 03 ਜਨਵਰੀ ( ) “ਜੋ ਬੀਤੇ ਦਿਨੀ ਇੰਡੀਆ ਦੇ ਗੁਆਢੀ ਮੁਲਕ ਪਾਕਿਸਤਾਨ ਜੋ ਸਾਡਾ ਪੁਰਾਤਨ ਪੰਜਾਬ ਹੈ, ਨੂੰ ਯੂ.ਐਨ ਦੀ ਸੁਰੱਖਿਆ ਕੌਸਲ ਦਾ ਮੈਬਰ ਬਣਾਇਆ ਗਿਆ ਹੈ । ਇਹ ਦੁਸ਼ਮਣ ਤਾਕਤਾਂ ਦੇ ਆਪਸੀ ਸੰਤੁਲਨ ਨੂੰ ਕਾਇਮ ਰੱਖਣ ਵਿਚ ਜਿਥੇ ਸਹਾਈ ਹੋਵੇਗਾ, ਉਥੇ ਇੰਡੀਆਂ, ਪੰਜਾਬ ਦੇ ਜਿੰਮੀਦਾਰਾਂ, ਖੇਤ-ਮਜਦੂਰਾਂ ਅਤੇ ਸਿੱਖ ਕੌਮ ਨਾਲ ਜੋ ਹਿੰਦੂਤਵ ਤਾਕਤਾਂ ਵੱਲੋ ਨਿਰੰਤਰ ਜ਼ਬਰ ਜੁਲਮ, ਬੇਇਨਸਾਫ਼ੀਆਂ ਹੋ ਰਹੀਆ ਹਨ, ਜਿਸ ਅਧੀਨ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਇੰਡੀਅਨ ਏਜੰਸੀਆ ਮਾਰ ਰਹੀਆ ਹਨ ਜਿਵੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਉਤੇ ਜਾਨਲੇਵਾ ਹਮਲਾ ਕਰਨਾ, ਉਸ ਜ਼ਬਰ ਨੂੰ ਬੰਦ ਕਰਵਾਉਣ ਵਿਚ ਵੱਡੀ ਮਦਦ ਮਿਲੇਗੀ । ਕਿਉਂਕਿ ਪਾਕਿਸਤਾਨ ਵੱਲੋ ਸੁਰੱਖਿਆ ਕੌਸਲ ਦਾ ਮੈਬਰ ਬਣਨ ਉਤੇ ਹਿੰਦੂਤਵ ਹੁਕਮਰਾਨ ਇਸ ਤਰ੍ਹਾਂ ਆਪਣੇ ਬਸਿੰਦਿਆ ਵਿਸੇਸ ਤੌਰ ਤੇ ਸਿੱਖਾਂ ਤੇ ਪੰਜਾਬੀਆਂ ਉਤੇ ਜ਼ਬਰ ਨਹੀ ਢਾਹ ਸਕਣਗੇ । ਸੁਰੱਖਿਆ ਕੌਸਲ ਦਾ ਮੈਬਰ ਹੋਣ ਦੇ ਨਾਤੇ ਇੰਡੀਆ ਵਿਚ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਵਿਰੁੱਧ ਮਜਬੂਤੀ ਨਾਲ ਪਾਕਿਸਤਾਨ ਆਵਾਜ਼ ਉਠਾਏਗਾ ਅਤੇ ਇੰਡੀਅਨ ਹੁਕਮਰਾਨਾਂ ਵੱਲੋ ਸਾਡੇ ਨਾਲ ਜ਼ਬਰ-ਜੁਲਮ ਕਦਾਚਿੱਤ ਨਹੀ ਕਰ ਸਕੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਕਿਸਤਾਨ ਨੂੰ ਯੂ.ਐਨ ਦੀ ਸੁਰੱਖਿਆ ਕੌਸਲ ਦਾ ਮੈਬਰ ਬਣਾਉਣ ਉਤੇ ਵੱਡੀ ਖੁਸ਼ੀ ਦਾ ਇਜਹਾਰ ਕਰਦੇ ਹੋਏ ਅਤੇ ਇਸ ਅਮਲ ਨਾਲ ਪੰਜਾਬੀਆਂ ਤੇ ਸਿੱਖਾਂ ਉਤੇ ਹਿੰਦੂਤਵ ਹੁਕਮਰਾਨਾਂ ਵੱਲੋ ਕੀਤੇ ਜਾ ਰਹੇ ਜ਼ਬਰ ਜੁਲਮ ਨੂੰ ਠੱਲ੍ਹ ਪੈਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹਿੰਦੂਤਵ ਹੁਕਮਰਾਨਾਂ ਦੇ ਜ਼ਬਰ ਦੀ ਗੱਲ ਉਦੋ ਹੋਰ ਪ੍ਰਤੱਖ ਹੋ ਜਾਂਦੀ ਹੈ ਕਿ ਬੀਤੇ ਕੁਝ ਦਿਨ ਪਹਿਲੇ ਸਿੱਖ ਚਿੰਤਕ ਅਤੇ ਸੰਘਰਸ਼ੀਲ ਨੌਜਵਾਨ ਭਾਈ ਬਖਸੀਸ ਸਿੰਘ ਉਤੇ ਵੀ ਅਜਿਹਾ ਹਮਲਾ ਕੀਤਾ ਗਿਆ । ਇਸੇ ਤਰ੍ਹਾਂ ਸ. ਪਲਵਿੰਦਰ ਸਿੰਘ ਤਲਵਾੜਾ ਨੂੰ ਵੀ ਇਨ੍ਹਾਂ ਏਜੰਸੀਆਂ ਵੱਲੋ ਨਿਸ਼ਾਨਾਂ ਬਣਾਉਣ ਦੇ ਅਸਫਲ ਅਮਲ ਕੀਤੇ ਗਏ ਹਨ । ਕਿਉਂਕਿ ਹੁਕਮਰਾਨ ਆਪਣੇ ਅਪਰਾਧਿਕ ਸਰਪ੍ਰਸਤੀ ਕਰਨ ਵਾਲੇ ਅਪਰਾਧੀਆ ਦੀ ਦੁਰਵਰਤੋ ਕਰਕੇ ਪੰਜਾਬੀਆਂ ਤੇ ਸਿੱਖਾਂ ਦੇ ਜਾਨ-ਮਾਲ ਨਾਲ ਖਿਲਵਾੜ ਕਰਨ ਦੀਆਂ ਦਹਿਸਤਗਰਦੀ ਕਰਦੇ ਆ ਰਹੇ ਹਨ । ਜਿਸਦੇ ਤਾਨਾਸ਼ਾਹ ਅਮਲ ਤੇ ਅੰਕੜੇ ਯੂ.ਐਨ. ਦੀ ਸੰਸਥਾਂ ਅਤੇ ਵੱਡੇ ਮੁਲਕਾਂ ਕੋਲ ਰਿਕਾਰਡ ਹਨ । ਪਾਕਿਸਤਾਨ ਵੱਲੋ ਸੁਰੱਖਿਆ ਕੌਸਲ ਦਾ ਮੈਬਰ ਬਣਨ ਨਾਲ ਅਜਿਹੇ ਹਮਲਿਆ ਦੀਆਂ ਸਾਜਿਸਾਂ ਨੂੰ ਅਮਲ ਕਰਨ ਵਿਚ ਵੱਡੀ ਰੁਕਾਵਟ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਇਸ ਲਈ ਅਸੀਂ ਪਾਕਿਸਤਾਨ ਵੱਲੋ ਇਸ ਮਹੱਤਵਪੂਰਨ ਸੰਸਥਾਂ ਦੇ ਮੈਬਰ ਬਣਨ ਦਾ ਜਿੱਥੇ ਸਵਾਗਤ ਕਰਦੇ ਹਾਂ, ਉਥੇ ਇਹ ਉਮੀਦ ਕਰਦੇ ਹਾਂ ਕਿ ਪਾਕਿਸਤਾਨ ਕੌਮਾਂਤਰੀ ਪੱਧਰ ਤੇ ਇੰਡੀਆ ਦੇ ਬਰਾਬਰ ਦਾ ਰੁਤਬਾ ਤੇ ਤਾਕਤ ਰੱਖਣ ਦੀ ਹੈਸੀਅਤ ਵਿਚ ਹਿੰਦੂਤਵ ਹੁਕਮਰਾਨਾਂ ਵੱਲੋ ਘੱਟ ਗਿਣਤੀ ਸਿੱਖ ਕੌਮ ਨਾਲ ਕੀਤੇ ਜਾ ਰਹੇ ਸਾਜਸੀ ਜ਼ਬਰ ਨੂੰ ਖਤਮ ਕਰਵਾਉਣ ਵਿਚ ਆਪਣੀ ਇਨਸਾਨੀਅਤ ਪੱਖੀ ਤੇ ਕੌਮਾਂਤਰੀ ਪੱਖੀ ਭੂਮਿਕਾ ਜਰੂਰ ਨਿਭਾਏਗਾ ।