ਪਾਕਿਸਤਾਨੀ ਪੰਜਾਬ ਤੇ ਇਥੋ ਦੇ ਪੰਜਾਬ ਦੇ ਜੀਨ ਇਕੋ ਹੀ ਹਨ, ਬਾਲਾਕੋਟ ਸਟਰਾਈਕ ਸਮੇ ਜੇਕਰ ਡਾ. ਮਨਮੋਹਨ ਸਿੰਘ ਵਜੀਰ ਏ ਆਜਮ ਹੁੰਦੇ ਤਾਂ ਉਨ੍ਹਾਂ ਨੇ ਇਹ ਨਹੀ ਸੀ ਹੋਣ ਦੇਣਾ : ਮਾਨ
ਫ਼ਤਹਿਗੜ੍ਹ ਸਾਹਿਬ, 28 ਦਸੰਬਰ ( ) “ਕਿਉਂਕਿ ਪਾਕਿਸਤਾਨ ਪੰਜਾਬ ਅਤੇ ਇਥੋ ਦੇ ਪੰਜਾਬ ਦੇ ਨਿਵਾਸੀਆ ਦੇ ਜੀਨ ਇਕੋ ਹੀ ਹਨ । ਇਨ੍ਹਾਂ ਦੇ ਮਨ-ਆਤਮਾ ਵਿਚ ਮਨੁੱਖਤਾ ਦਾ ਕਿਸੇ ਤਰ੍ਹਾਂ ਦਾ ਨੁਕਸਾਨ ਕਰਨ ਜਾਂ ਬਿਨ੍ਹਾਂ ਵਜਹ ਲਹੂ ਵਹਾਉਣ ਦੀ ਗੱਲ ਨਹੀ ਹੈ । ਇਸ ਲਈ ਜੇਕਰ ਬਾਲਾਕੋਟ ਸਟਰਾਈਕ ਸਮੇ ਡਾ. ਮਨਮੋਹਨ ਸਿੰਘ ਵਜੀਰ ਏ ਆਜਮ ਹੁੰਦੇ ਤਾਂ ਉਨ੍ਹਾਂ ਨੇ ਇਸ ਉਤੇ ਅਮਲ ਹੀ ਨਹੀ ਕਰਨਾ ਸੀ । ਜੋ ਗਵਾਲੀਅਰ ਤੋ ਮਿਰਾਜ ਜਹਾਜ ਸਟਰਾਈਕ ਲਈ ਉੱਡੇ ਸਨ, ਅਜਿਹਾ ਐਕਸਨ ਕਰਨ ਤੋ ਪਹਿਲੇ ਹੀ ਉਨ੍ਹਾਂ ਨੇ ਆਪਣੀ ਦੂਰ ਦ੍ਰਿਸ਼ਟੀ ਤੇ ਸੂਝਵਾਨਤਾ ਨਾਲ ਇਸ ਮਸਲੇ ਨੂੰ ਹੱਲ ਕਰ ਲੈਣਾ ਸੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਲਾਕੋਟ ਸਟਰਾਈਕ ਸਮੇ ਮੁਤੱਸਵੀ ਹੁਕਮਰਾਨਾਂ ਵੱਲੋ ਕੀਤੇ ਗਏ ਮਨੁੱਖਤਾ ਦੇ ਨੁਕਸਾਨ ਅਤੇ ਦੋਵਾਂ ਪੰਜਾਬ ਦੇ ਨਿਵਾਸੀਆ ਵਿਚ ਭਰਾਮਾਰੂ ਜੰਗ ਕਰਵਾਉਣ ਦੇ ਅਮਲਾਂ ਨੂੰ ਮਨੁੱਖਤਾ ਵਿਰੋਧੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਕਿਉਂਕਿ ਡਾ. ਮਨਮੋਹਨ ਸਿੰਘ ਕਿਸੇ ਤਰ੍ਹਾਂ ਦੀ ਵੀ ਜੰਗ ਦੇ ਵਿਰੁੱਧ ਸਨ ਬਲਕਿ ਉਹ ਹਰ ਮਸਲੇ ਨੂੰ ਸਹਿਜਤਾ ਨਾਲ ਗੱਲਬਾਤ ਕਰਦੇ ਹੋਏ ਹੱਲ ਕਰਨ ਦੇ ਹੱਕ ਵਿਚ ਰਹੇ ਹਨ । ਇਸਦੀ ਵਜਹ ਇਹ ਹੈ ਕਿ ਸਾਡੇ ਦੋਵਾਂ ਮੁਲਕਾਂ ਦੇ ਨਿਵਾਸੀਆ ਦੇ ਜੀਨ ਇਕ ਹਨ ਜੋ ਆਤਮਿਕ ਤੌਰ ਤੇ ਇਕ-ਦੂਸਰੇ ਦਾ ਨੁਕਸਾਨ ਕਰਨ ਦੇ ਕਦੇ ਵੀ ਹੱਕ ਵਿਚ ਨਹੀ ਰਹੇ । ਬਲਕਿ ਆਪਸੀ ਵਿਚਾਰ ਵਟਾਂਦਰੇ ਰਾਹੀ ਆਪਣੇ ਸੰਬੰਧਾਂ ਨੂੰ ਸਹੀ ਕਰਨ ਵਿਚ ਯਕੀਨ ਰੱਖਦੇ ਹਨ ।