ਕੇਰਲਾ ਦੇ ਇਕ ਵਿਦਿਆਲੇ ਵੱਲੋ ਸਾਹਿਬਜਾਦਿਆ ਦੀ ਨਕਲ ਕਰਨ ਦੇ ਫਿਲਮਾਏ ਦ੍ਰਿਸ ਸਿੱਖੀ ਸਿਧਾਤਾਂ ਦੀ ਤੋਹੀਨ, ਸਹਿਣਯੋਗ ਨਹੀ : ਮਾਨ
ਫ਼ਤਹਿਗੜ੍ਹ ਸਾਹਿਬ, 27 ਦਸੰਬਰ ( ) “ਕੇਰਲਾ ਦੇ ਇਕ ਕੇਦਰੀ ਵਿਦਿਆਲੇ ਦੇ ਪ੍ਰਬੰਧਕਾਂ ਵੱਲੋ ਬੀਤੇ ਕੱਲ੍ਹ ਸੈਟਰ ਸਰਕਾਰ ਵੱਲੋ ਮਨਾਏ ਤੇ ਐਲਾਨੇ ਗਏ ਵੀਰ ਬਾਲ ਦਿਵਸ ਸਮੇ ਆਪਣੇ ਸਕੂਲੀ ਵਿਦਿਆਰਥੀਆ ਦੀ ਸਾਹਿਬਜਾਦਿਆ ਦੇ ਰੂਪ ਵਿਚ ਫਿਲਮਾਕੇ ਸੋਸਲ ਮੀਡੀਆ ਤੇ ਪਾਉਣ ਦੇ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਦੀ ਕਰੜੇ ਸਬਦਾਂ ਵਿਚ ਨਿੰਦਾ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਕਿ ਮੁਲਕ ਵਿਚ ਵਿਚਰ ਰਹੇ ਕੁਝ ਮੁਤੱਸਵੀ ਪਾਰਟੀਆ ਦੇ ਆਗੂ ਅਕਸਰ ਹੀ ਫਿਰਕੂ ਸੋਚ ਦੇ ਗੁਲਾਮ ਹੋ ਕੇ ਅਜਿਹੇ ਅਮਲਾਂ ਵਿਚ ਮਸਰੂਫ ਰਹਿੰਦੇ ਹਨ ਜਿਸ ਨਾਲ ਸਭ ਮੁਲਕਾਂ ਤੇ ਧਰਮਾਂ ਦੇ ਨਿਵਾਸੀਆ ਵਿਚ ਸਤਿਕਾਰੇ ਜਾਂਦੇ ਸਿੱਖ ਧਰਮ ਅਤੇ ਸਿੱਖ ਕੌਮ ਸੰਬੰਧੀ ਗੈਰ ਸਿਧਾਤਿਕ ਅਤੇ ਉਨ੍ਹਾਂ ਦੀਆ ਮਰਿਯਾਦਾਵਾ ਉਲਟ ਅਮਲ ਕਰਕੇ ਸਮੁੱਚੀ ਸਿੱਖ ਕੌਮ ਦੇ ਮਨ ਨੂੰ ਠੇਸ ਪਹੁੰਚੇ ।”
ਉਨ੍ਹਾਂ ਕਿਹਾ ਕਿ ਬੇਸੱਕ ਹੁਕਮਰਾਨਾਂ ਨੇ ਮਾਸੂਮ 7 ਅਤੇ 9 ਸਾਲ ਦੇ ਸਾਹਿਬਜਾਦਿਆ ਦੀ ਲਾਸਾਨੀ ਕੁਰਬਾਨੀ ਨੂੰ ਪ੍ਰਵਾਨ ਕਰਦੇ ਹੋਏ ਅਤੇ ਉਨ੍ਹਾਂ ਦੀਆਂ ਸ਼ਹਾਦਤਾਂ ਨੂੰ ਮੁੱਖ ਰੱਖਦੇ ਹੋਏ ਇਸ ਦਿਨ ਨੂੰ ‘ਵੀਰ ਬਾਲ ਦਿਵਸ’ ਵੱਜੋ ਪ੍ਰਵਾਨ ਕਰਕੇ ਮਨਾਉਣ ਦਾ ਪ੍ਰਬੰਧ ਕੀਤਾ ਹੈ । ਲੇਕਿਨ ਇਸ ਵਿਚ ਵੀ ਮੁਤੱਸਵੀ ਹੁਕਮਰਾਨਾਂ ਵੱਲੋ ਸਾਡੇ ਮਹਾਨ ਸ਼ਹੀਦਾਂ ਅਤੇ ਉਨ੍ਹਾਂ ਦੀ ਸ਼ਹਾਦਤ ਦੇ ਮਹੱਤਵ ਨੂੰ ਸੌੜੀ ਸੋਚ ਅਧੀਨ ਨਜਰਅੰਦਾਜ ਕਰਕੇ ‘ਸਾਹਿਬਜਾਦਿਆ’ ਦੇ ਸ਼ਹੀਦੀ ਦਿਹਾੜਿਆ ਦਾ ਨਾਮ ਦੇਣ ਦੀ ਬਜਾਇ ਹਿੰਦੂਤਵ ਪੁੱਠ ਚਾੜਕੇ ਵੀਰ ਬਾਲ ਦਿਵਸ ਦਾ ਨਾਮ ਦੇ ਕੇ ਅਸਲੀਅਤ ਵਿਚ ਸਾਡੇ ਮਹਾਨ ਵਿਰਸੇ-ਵਿਰਾਸਤ ਅਤੇ ਸਾਡੀ ਸਿੱਖ ਕੌਮ ਤੇ ਧਰਮ ਵੱਲੋ ਮਨੁੱਖਤਾ ਲਈ ਕੀਤੀਆ ਸੇਵਾਵਾਂ ਤੇ ਕੁਰਬਾਨੀਆ ਨੂੰ ਆਉਣ ਵਾਲੇ ਸਮੇ ਵਿਚ ਹਿੰਦੂਤਵ ਰੂਪ ਦੇਣ ਅਧੀਨ ਹੀ ਵੀਰ ਬਾਲ ਦਿਵਸ ਦਾ ਨਾਮ ਦਿੱਤਾ ਹੈ । ਜੇਕਰ ਹੁਕਮਰਾਨਾਂ ਨੇ ਸਹੀ ਮਾਇਨਿਆ ਵਿਚ ਸਾਡੇ ਸਾਹਿਬਜਾਦਿਆ ਦੀ ਸ਼ਹਾਦਤ ਨੂੰ ਪੂਰਨ ਰੂਪ ਵਿਚ ਨਤਮਸਤਕ ਹੁੰਦੇ ਹੋਏ ਅਤੇ ਮਨੁੱਖਤਾ ਲਈ ਉਨ੍ਹਾਂ ਦੀਆਂ ਦਿੱਤੀਆ ਕੁਰਬਾਨੀਆ ਨੂੰ ਮੁੱਖ ਰੱਖਕੇ ਇਸ ਦਿਨ ਨੂੰ ਉਸੇ ਭਾਵ ਅਰਥਾਂ ਵਿਚ ਮਨਾਉਣ ਤੇ ਐਲਾਨ ਕਰਨ ਦੀ ਗੱਲ ਕਰਨੀ ਹੁੰਦੀ ਤਾਂ ਉਹ ਸਾਡੀ ਸਿੱਖ ਕੌਮ ਦੀ ਪਾਰਲੀਮੈਟ ਐਸ.ਜੀ.ਪੀ.ਸੀ ਰਾਹੀ ਸੁਝਾਅ ਕੀਤੇ ਹੋਏ ਨਾਮ ‘ਸਾਹਿਬਜਾਦੇ ਸ਼ਹੀਦੀ ਦਿਹਾੜਾ’ ਜਾਂ ਐਸ.ਜੀ.ਪੀ.ਸੀ ਤੇ ਸਿੱਖ ਕੌਮ ਦੀ ਰਾਏ ਨਾਲ ਇਸ ਦਿਨ ਦਾ ਨਾਮ ਦਿੱਤਾ ਜਾਂਦਾ, ਫਿਰ ਹੀ ਸਹੀ ਭਾਵਨਾ ਵਿਚ ਉਨ੍ਹਾਂ ਦੀ ਸ਼ਹਾਦਤ ਦੇ ਮਕਸਦ ਨੂੰ ਸਹੀ ਰੂਪ ਵਿਚ ਹੋਰ ਮਜਬੂਤੀ ਨਾਲ ਕੌਮਾਂਤਰੀ ਪੱਧਰ ਤੇ ਉਜਾਗਰ ਕੀਤਾ ਜਾ ਸਕਦਾ ਅਤੇ ਉਨ੍ਹਾਂ ਉਤੇ ਪੰਜਾਬੀਆਂ ਤੇ ਸਿੱਖ ਕੌਮ ਵੱਲੋ ਜੋ ਲੰਮੇ ਸਮੇ ਦੇ ਜ਼ਬਰ ਜੁਲਮਾਂ ਦੀ ਬਦੌਲਤ ਬੇਵਿਸਵਾਸੀ ਬਣੀ ਹੋਈ ਹੈ, ਉਸ ਨੂੰ ਕੁਝ ਘਟਾਇਆ ਜਾ ਸਕਦਾ ਸੀ। ਉਨ੍ਹਾਂ ਮੰਗ ਕੀਤੀ ਕਿ ਫਿਲਮਾਈ ਗਈ ਸਾਹਿਬਜਾਦਿਆ ਦੀ ਬਣਾਉਟੀ ਫਿਲਮ ਤੁਰੰਤ ਸੋਸਲ ਮੀਡੀਆ ਤੋ ਖਤਮ ਕੀਤੀ ਜਾਵੇ । ਅੱਗੋ ਲਈ ਅਜਿਹਾ ਪ੍ਰਬੰਧ ਕੀਤਾ ਜਾਵੇ ਕਿ ਕੋਈ ਵੀ ਵਿਦਿਆਲਾ ਜਾਂ ਸੰਸਥਾ ਸਾਡੇ ਗੁਰੂ ਸਾਹਿਬਾਨ ਜਾਂ ਸਾਹਿਬਜਾਦਿਆ ਦੇ ਨਕਲੀ ਭੂਮਿਕਾ ਨਿਭਾਕੇ ਅਜਿਹੇ ਦ੍ਰਿਸ ਫਿਲਮਾਉਣ ਤੇ ਖਾਲਸਾ ਪੰਥ ਦੀਆਂ ਉੱਚ ਰਵਾਇਤਾ ਅਤੇ ਇਤਿਹਾਸ ਨੂੰ ਗੰਧਲਾ ਕਰਨ ਦੀ ਜੁਰਅਤ ਨਾ ਕਰ ਸਕੇ।