ਡਾ. ਮਨਮੋਹਨ ਸਿੰਘ ਸਾਬਕਾ ਵਜੀਰ-ਏ-ਆਜਮ ਇੰਡੀਆ ਦੇ ਹੋਏ ਅਕਾਲ ਚਲਾਣੇ ਤੇ ਸ. ਮਾਨ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
ਫ਼ਤਹਿਗੜ੍ਹ ਸਾਹਿਬ, 27 ਦਸੰਬਰ ( ) “ਡਾ. ਮਨਮੋਹਨ ਸਿੰਘ ਸਾਬਕਾ ਵਜੀਰ ਏ ਆਜਮ ਇੰਡੀਆ ਅਤੇ ਕੌਮਾਂਤਰੀ ਪੱਧਰ ਦੇ ਮਸਹੂਰ ਅਰਥਸਾਸਤਰੀ, ਜਿਨ੍ਹਾਂ ਨੇ ਆਪਣੀ ਤਿੱਖਣ ਬੁੱਧੀ, ਵਿਦਵਤਾ ਅਤੇ ਸਹਿਜ ਭਰੇ ਗੁਣਾਂ ਨਾਲ ਕੇਵਲ ਇੰਡੀਆ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਵਿਚ ਹੀ ਵੱਡਾ ਯੋਗਦਾਨ ਨਹੀ ਪਾਇਆ ਬਲਕਿ ਅਮਰੀਕਾ ਵਰਗੇ ਵੱਡੇ ਮੁਲਕ ਦੀ ਅਰਥਵਿਵਸਥਾਂ ਦੇ ਡਾਵਾਡੋਲ ਹੋਣ ਤੇ ਆਪਣੇ ਤੁਜਰਬਿਆ ਦੀ ਸੇਵਾ ਦੇ ਕੇ ਉਥੋ ਦੀ ਆਰਥਿਕਤਾ ਨੂੰ ਵੀ ਪੈਰਾ ਤੇ ਖੜ੍ਹਾ ਕਰਨ ਦੇ ਮਨੁੱਖਤਾ ਪੱਖੀ ਉਦਮ ਕੀਤੇ ਸਨ । ਦੂਸਰਾ ਇਨ੍ਹਾਂ ਨੇ ਆਪਣੀ ਵਜੀਰ ਏ ਆਜਮ ਦੇ ਸਮੇ ਦੌਰਾਨ ਕਿਸੇ ਵੀ ਕੌਮ, ਧਰਮ ਫਿਰਕੇ ਕਬੀਲੇ ਆਦਿ ਨਾਲ ਸਮਾਜਿਕ ਵਖਰੇਵਿਆ ਤੋ ਉਪਰ ਉੱਠਕੇ ਸਮੁੱਚੀ ਮਨੁੱਖਤਾ ਲਈ ਉਦਮ ਕੀਤੇ ਅਤੇ ਕਦੀ ਵੀ ਕਿਸੇ ਕੌਮ ਜਾਂ ਇਨਸਾਨੀਅਤ ਦਾ ਸ੍ਰੀ ਰਾਜੀਵ ਗਾਂਧੀ ਜਾਂ ਸ੍ਰੀ ਮੋਦੀ ਦੀ ਤਰ੍ਹਾਂ ਕਤਲੇਆਮ ਤੇ ਘਾਣ ਨਹੀ ਕੀਤਾ । ਭਾਵੇਕਿ ਡਾ. ਮਨਮੋਹਨ ਸਿੰਘ ਕਾਂਗਰਸ ਵਰਗੀ ਜਾਬਰ ਤੇ ਜਾਲਮ ਜਮਾਤ ਦਾ ਹਿੱਸਾ ਰਹੇ ਹਨ, ਪਰ ਉਨ੍ਹਾਂ ਨੇ ਆਪਣੇ ਨਿਵੇਕਲੇ ਅਤੇ ਮਨੁੱਖਤਾ ਪੱਖੀ ਕੀਤੇ ਗਏ ਉੱਦਮਾਂ ਦੀ ਬਦੌਲਤ ਆਪਣੀ ਸਖਸ਼ੀਅਤ ਦੀ ਛਾਪ ਇੰਡੀਆ ਅਤੇ ਕੌਮਾਂਤਰੀ ਪੱਧਰ ਤੇ ਕਾਇਮ ਕੀਤੀ । ਜਿਸਦਾ ਸਾਨੂੰ ਇਸ ਲਈ ਫਖ਼ਰ ਤੇ ਮਾਣ ਹੈ ਕਿ ਡਾ. ਮਨਮੋਹਨ ਸਿੰਘ ਦੀ ਸਖਸੀਅਤ ਸਾਡੀ ਸਿੱਖ ਕੌਮ ਵਿਚੋ ਸੀ । ਉਨ੍ਹਾਂ ਦੀਆਂ ਕੀਤੀਆ ਸੇਵਾਵਾਂ ਦੀ ਬਦੌਲਤ ਹਰ ਧਰਮ, ਕੌਮ ਦੇ ਨਿਵਾਸੀ ਹਮੇਸ਼ਾਂ ਯਾਦ ਰੱਖਣਗੇ ।”
ਇਸ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਡਾ. ਮਨਮੋਹਨ ਸਿੰਘ ਦੇ ਹੋਏ ਅਕਾਲ ਚਲਾਣੇ ਉਪਰੰਤ ਡਾ. ਮਨਮੋਹਨ ਸਿੰਘ ਦੇ ਪਰਿਵਾਰ, ਸੰਬੰਧੀਆਂ, ਦੋਸਤਾਂ, ਮਿੱਤਰਾਂ ਅਤੇ ਮੁਲਕ ਨਿਵਾਸੀਆ ਨਾਲ ਉਨ੍ਹਾਂ ਦੇ ਚਲੇ ਜਾਣ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਾਂਗਰਸ ਦੇ ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਬੀਜੇਪੀ-ਆਰ.ਐਸ.ਐਸ ਦੇ ਸ੍ਰੀ ਮੋਦੀ ਨੇ ਆਪਣੇ ਕਾਰਜਕਾਲ ਦੌਰਾਨ ਮਨੁੱਖਤਾ ਵਿਸੇਸ ਤੌਰ ਤੇ ਘੱਟ ਗਿਣਤੀ ਕੌਮਾਂ ਦਾ ਕਤਲੇਆਮ ਕੀਤਾ । ਮਰਹੂਮ ਇੰਦਰਾ ਗਾਂਧੀ ਨੇ ਬਲਿਊ ਸਟਾਰ ਦਾ ਫੌਜੀ ਹਮਲਾ ਕਰਕੇ ਨਿਹੱਥੇ ਸਿੱਖਾਂ ਦਾ ਕਤਲੇਆਮ ਕੀਤਾ । ਰਾਜੀਵ ਗਾਂਧੀ ਨੇ 1984 ਵਿਚ ਸਾਜਸੀ ਢੰਗ ਨਾਲ ਸਿੱਖਾਂ ਦਾ ਕਤਲੇਆਮ ਕੀਤਾ, ਮੋਦੀ ਨੇ 2002 ਵਿਚ ਗੁਜਰਾਤ ਵਿਚ ਮੁਸਲਿਮ ਘੱਟ ਗਿਣਤੀ ਕੌਮ ਦਾ ਕਤਲੇਆਮ ਕਰਨ ਦੇ ਨਾਲ-ਨਾਲ 2013 ਵਿਚ ਗੁਜਰਾਤ ਦੇ ਪੱਕੇ ਬਸਿੰਦੇ ਬਣੇ 60 ਹਜਾਰ ਸਿੱਖ ਜਿੰਮੀਦਾਰਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਉਨ੍ਹਾਂ ਦੀ ਮਲਕੀਅਤ ਜਮੀਨ ਅਤੇ ਘਰਾਂ ਤੋ ਬੇਘਰ ਕਰਕੇ ਇਨਸਾਨੀਅਤ ਤੇ ਕਾਨੂੰਨ ਵਿਰੋਧੀ ਅਮਲ ਕਰਕੇ ਇਹ ਪ੍ਰਤੱਖ ਕਰ ਦਿੱਤਾ ਕਿ ਇਹ ਜਾਬਰ ਹੁਕਮਰਾਨ ਸਨ । ਕਿਉਂਕਿ ਉਨ੍ਹਾਂ ਵਿਚ ਇਨਸਾਨੀਅਤ ਪੱਖੀ ਗੁਣਾਂ ਦੇ ਨਾਲ-ਨਾਲ ਗੁਰਸਿੱਖੀ ਜੀਵਨ ਜਾਂਚ ਜਿਊਂਣ ਦੇ ਵੀ ਗੁਣ ਸਨ । ਇਹੀ ਵਜਹ ਹੈ ਕਿ ਉਨ੍ਹਾਂ ਨੇ ਆਪਣੀ ਹਕੂਮਤ ਦੇ ਕਾਰਜਕਾਲ ਦੌਰਾਨ ਅੱਛੇ ਕੰਮ ਕੀਤੇ ਅਤੇ ਆਪਣੀ ਸਖਸੀਅਤ ਤੇ ਕੋਈ ਵੀ ਨਾਂਹਵਾਚਕ ਧੱਬਾ ਨਹੀ ਲੱਗਣ ਦਿੱਤਾ । ਅਜਿਹੀਆ ਸਖਸੀਅਤਾਂ ਦੀ ਹਰ ਸਮਾਜ, ਕੌਮ, ਧਰਮ ਨੂੰ ਹਮੇਸ਼ਾਂ ਲੋੜ ਹੁੰਦੀ ਹੈ । ਉਨ੍ਹਾਂ ਦੇ ਚਲੇ ਜਾਣ ਨਾਲ ਕਦੀ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਨ ਵਾਲਿਆ ਵਿਚ ਸ. ਮਾਨ ਤੋ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਇਮਾਨ ਸਿੰਘ ਮਾਨ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਬਲੇਰ, ਉਪਕਾਰ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ ਛੰਦੜਾ, ਗੁਰਜੰਟ ਸਿੰਘ ਕੱਟੂ (ਸਾਰੇ ਜਰਨਲ ਸਕੱਤਰ) ਸਨ ।