ਹਰਿਆਣੇ ਵਿਚ 5 ਕਾਲੇ ਹਿਰਨਾਂ ਦਾ ਮਾਰੇ ਜਾਣਾ ਅਸਹਿ, ਬਿਸਨੋਈ ਨਿਵਾਸੀਆ ਦੇ ਮਨਾਂ ਨੂੰ ਠੇਸ ਪਹੁੰਚਾਉਣ ਵਾਲੇ ਅਮਲ : ਮਾਨ
ਫ਼ਤਹਿਗੜ੍ਹ ਸਾਹਿਬ, 28 ਦਸੰਬਰ ( ) “ਹਰਿਆਣੇ ਵਿਚ 5 ਕਾਲੇ ਹਿਰਨਾਂ ਦੇ ਮਾਰੇ ਜਾਣ ਉਪਰੰਤ ਪਿੰਜਰ ਮਿਲਣ ਉਤੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਡੂੰਘੇ ਦੁੱਖ ਦਾ ਇਜਹਾਰ ਕਰਦੇ ਹੋਏ ਕਿਹਾ ਕਿ ਇਨ੍ਹਾ ਕਾਲੇ ਹਿਰਨਾਂ ਦੇ ਸਿਕਾਰ ਕਰਨ ਤੇ ਕਾਨੂੰਨੀ ਤੌਰ ਤੇ ਸਖਤ ਮਨਾਹੀ ਹੈ । ਫਿਰ ਇਨ੍ਹਾਂ ਕਾਲੇ ਹਿਰਨਾਂ ਦੀ ਬਿਸਨੋਈ ਵਰਗ ਪੂਜਾ ਵੀ ਕਰਦਾ ਹੈ । ਇਸ ਲਈ ਅਜਿਹੇ ਜਾਨਵਰਾਂ ਤੇ ਹੋ ਰਿਹਾ ਅੱਤਿਆਚਾਰ ਜਿਥੇ ਗੈਰ ਕਾਨੂੰਨੀ ਹੈ, ਉਥੇ ਬਿਸਨੋਈ ਵਰਗ ਦੇ ਨਿਵਾਸੀਆ ਦੇ ਮਨ-ਆਤਮਾ ਨੂੰ ਵਲੂੰਧਰਣ ਵਾਲੀਆ ਨਿੰਦਣਯੋਗ ਕਾਰਵਾਈਆ ਹਨ । ਇਸ ਲਈ ਅਸੀ ਅਜਿਹੇ ਦੁੱਖਦਾਇਕ ਮਾਮਲਿਆ ਦੀ ਉੱਚ ਪੱਧਰੀ ਜਾਂਚ ਕਰਕੇ ਜਿਨ੍ਹਾਂ ਵੀ ਅਪਰਾਧੀਆ ਨੇ ਇਹ ਦੁੱਖਦਾਇਕ ਅਮਲ ਕੀਤਾ ਹੈ, ਉਨ੍ਹਾਂ ਨੂੰ ਸਖਤ ਤੋ ਸਖਤ ਸਜ਼ਾ ਦੇਣੀ ਚਾਹੀਦੀ ਹੈ । ਤਾਂ ਕਿ ਕਾਲੇ ਹਿਰਨਾਂ ਦੀ ਜਾਤੀ ਨਾਲ ਉਹ ਲੋਕ ਖਿਲਵਾੜ ਨਾ ਕਰ ਸਕਣ ਜੋ ਆਪਣੀ ਜੀਭ ਦੇ ਸੁਆਦ ਲਈ ਇਨ੍ਹਾਂ ਦਾ ਸਿਕਾਰ ਕਰਦੇ ਹਨ ਅਤੇ ਬਿਸਨੋਈ ਵਰਗ ਨੂੰ ਡੂੰਘਾਂ ਦੁੱਖ ਪਹੁੰਚਾਉਦੇ ਹਨ ।”
ਉਨ੍ਹਾਂ ਕਿਹਾ ਕਿ ਜਿਥੇ ਕਿਤੇ ਵੀ ਕਾਨੂੰਨੀ ਤੌਰ ਤੇ ਸਿਕਾਰ ਦੀ ਮਨਾਹੀ ਕੀਤੇ ਗਏ ਜਾਨਵਰਾਂ ਨੂੰ ਮਾਰਿਆ ਜਾਂਦਾ ਹੈ, ਉਨ੍ਹਾਂ ਦਾ ਸਿ਼ਕਾਰ ਕਰਨ ਵਾਲੇ ਤੇ ਮਾਸ ਖਾਣ ਵਾਲੇ ਕਾਨੂੰਨੀ ਅਪਰਾਧੀਆ ਨਾਲ ਹਕੂਮਤੀ ਪੱਧਰ ਤੇ ਕਿਸੇ ਤਰ੍ਹਾਂ ਦੀ ਵੀ ਢਿੱਲ ਨਹੀ ਹੋਣੀ ਚਾਹੀਦੀ । ਤਾਂ ਕਿ ਅਜਿਹੇ ਜਾਨਵਰਾਂ ਦੀ ਘੱਟ ਦੀ ਜਾ ਰਹੀ ਗਿਣਤੀ ਤੇ ਨਸ਼ਲ ਨੂੰ ਬਚਾਕੇ ਇਨ੍ਹਾਂ ਦੀ ਪ੍ਰਫੁੱਲਤਾ ਹੋ ਸਕੇ ਅਤੇ ਕੋਈ ਵੀ ਇਨਸਾਨ ਬਿਸਨੋਈ ਵਰਗ ਦੀਆਂ ਭਾਵਨਾਵਾ ਨਾਲ ਖਿਲਵਾੜ ਨਾ ਕਰ ਸਕੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ 5 ਕਾਲੇ ਹਿਰਨ ਮਾਰਨ ਵਾਲੇ ਦੋਸ਼ੀਆ ਦੀ ਭਾਲ ਕਰਕੇ ਉਨ੍ਹਾਂ ਵਿਰੁੱਧ ਕਾਨੂੰਨੀ ਅਮਲ ਸਰਕਾਰ ਅਵੱਸ ਕਰੇਗੀ ।