ਭਾਈ ਬਖਸੀਸ ਸਿੰਘ ਉਤੇ ਹੋਇਆ ਹਮਲਾ ਹੁਕਮਰਾਨਾਂ ਦੀ ਡੂੰਘੀ ਸਾਜਿਸ, ਅਜਿਹੀਆ ਹਕੂਮਤੀ ਸਾਜਿਸਾਂ ਮੁਲਕ ਦੀ ਸਥਿਤੀ ਵਿਸਫੋਟਕ ਬਣਾ ਦੇਣਗੀਆਂ : ਮਾਨ
ਫ਼ਤਹਿਗੜ੍ਹ ਸਾਹਿਬ, 29 ਦਸੰਬਰ ( ) “ਬੀਤੇ ਦਿਨੀ ਪਟਿਆਲਾ ਵਿਖੇ ਭਾਈ ਬਖਸੀਸ ਸਿੰਘ ਉਤੇ ਬਹੁਤ ਖਤਰਨਾਕ ਢੰਗ ਨਾਲ ਹੋਇਆ ਹਮਲਾ ਉਸੇ ਤਰ੍ਹਾਂ ਦੀ ਸਾਜਿਸ ਦੀ ਕੜੀ ਦਾ ਹਿੱਸਾ ਜਾਪਦਾ ਹੈ ਜਿਵੇ ਪਹਿਲੇ ਹੁਕਮਰਾਨਾਂ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਉਤੇ ਹਮਲੇ ਕਰਕੇ ਖਾਲਸਾ ਪੰਥ ਦੀ ਆਜਾਦੀ ਦੀ ਚੱਲ ਰਹੀ ਜੱਦੋ-ਜਹਿਦ ਵਿਚ ਰੁਕਾਵਟ ਪਾਉਣ ਹਿੱਤ ਸਾਡੇ ਸਿੱਖ ਨੌਜਵਾਨਾਂ ਨੂੰ ਨਿਸ਼ਾਨਾਂ ਬਣਾਉਦੇ ਹੋਏ ਸ਼ਹੀਦ ਕੀਤਾ ਹੈ । ਪਰ ਇਹ ਹੁਕਮਰਾਨ ਇਹ ਭੁੱਲ ਜਾਂਦੇ ਹਨ ਕਿ ਅਸੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਹ ਪੁੱਤਰ ਹਾਂ ਜਿਨ੍ਹਾਂ ਦੇ ਸਾਹਿਬਜਾਦਿਆ ਨੇ 7 ਅਤੇ 9 ਸਾਲ ਦੀ ਮਾਸੂਮ ਉਮਰ ਵਿਚ ਉਸ ਸਮੇ ਦੇ ਜਾਬਰ ਮੁਗਲ ਹੁਕਮਰਾਨਾਂ ਦੀ ਈਨ ਨਹੀ ਸੀ ਮੰਨੀ, ਬਲਕਿ ਸੱਚ ਅਤੇ ਹੱਕ ਉਤੇ ਅਡੋਲ ਪਹਿਰਾ ਦੇ ਕੇ ਸਾਨੂੰ ਸਿੱਖ ਕੌਮ ਨੂੰ ਹਰ ਤਰ੍ਹਾਂ ਦੇ ਜ਼ਬਰ ਜੁਲਮ ਵਿਰੁੱਧ ਆਵਾਜ ਉਠਾਉਣ ਤੇ ਜਾਬਰ ਹੁਕਮਰਾਨਾਂ ਦਾ ਦ੍ਰਿੜਤਾ ਨਾਲ ਟਾਕਰਾ ਕਰਦੇ ਹੋਏ ਮੰਜਿਲ ਪ੍ਰਾਪਤ ਕਰਨ ਦੀ ਅਗਵਾਈ ਦਿੱਤੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬੀਤੇ ਦਿਨੀ, ਬੀਤੇ ਸਮੇ ਦੀ ਜੱਦੋ-ਜਹਿਦ ਵਿਚ ਉੱਘਾ ਯੋਗਦਾਨ ਪਾਉਣ ਵਾਲੇ ਭਾਈ ਬਖਸੀਸ ਸਿੰਘ ਉਤੇ ਹੋਏ ਜਾਨਲੇਵਾ ਹਮਲੇ ਦੀ ਸਾਜਿਸ ਲਈ ਸੈਟਰ ਦੀ ਮੋਦੀ ਹਕੂਮਤ ਅਤੇ ਮੁਤੱਸਵੀ ਹੁਕਮਰਾਨਾਂ ਨੂੰ ਜਿੰਮੇਵਾਰ ਠਹਿਰਾਉਦੇ ਹੋਏ ਅਤੇ ਉਨ੍ਹਾਂ ਨੂੰ ਅਜਿਹੀਆ ਸਿੱਖ ਵਿਰੋਧੀ ਕਾਰਵਾਈਆ ਦੇ ਭਿਆਨਕ ਨਤੀਜਿਆ ਤੋ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਉਪਰੋਕਤ ਨੌਜਵਾਨਾਂ ਜਿਨ੍ਹਾਂ ਨੂੰ ਕੈਨੇਡਾ, ਬਰਤਾਨੀਆ, ਪਾਕਿਸਤਾਨ, ਹਰਿਆਣਾ ਅਤੇ ਪੰਜਾਬ ਵਿਚ ਸ੍ਰੀ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਇਸ ਕਰਕੇ ਨਿਸ਼ਾਨਾਂ ਬਣਾਇਆ ਕਿਉਂਕਿ ਉਹ ਕੌਮਾਂਤਰੀ ਜਮਹੂਰੀਅਤ ਪੱਖੀ ਕਾਨੂੰਨਾਂ ਦੀ ਅਗਵਾਈ ਹੇਠ ਖਾਲਸਾ ਪੰਥ ਦੀ ਆਜਾਦੀ ਦੀ ਮੰਜਿਲ ਨੂੰ ਪ੍ਰਾਪਤ ਕਰਨ ਲਈ ਸਿੱਦਤ ਨਾਲ ਸਰਗਰਮ ਸਨ ਅਤੇ ਇਨ੍ਹਾਂ ਹੁਕਮਰਾਨਾਂ ਵੱਲੋ ਬੀਤੇ ਲੰਮੇ ਸਮੇ ਤੋ ਅਖਬਾਰਾਂ ਅਤੇ ਮੀਡੀਏ ਵਿਚ ਇਹ ਬਿਆਨਬਾਜੀ ਵੀ ਕੀਤੀ ਜਾਂਦੀ ਰਹੀ ਹੈ ਕਿ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਬਾਹਰਲੇ ਮੁਲਕਾਂ ਵਿਚ ਅਸੀ ਘੁਸਪੈਠ ਕਰਕੇ ਮਾਰਾਂਗੇ । ਜਿਸਦੇ ਹੋਏ ਅਮਲ ਉਪਰੰਤ ਅਮਰੀਕਾ, ਕੈਨੇਡਾ ਅਤੇ ਫਾਈਵ ਆਈ ਮੁਲਕਾਂ ਨੇ ਇਨ੍ਹਾਂ ਹੁਕਮਰਾਨਾਂ ਵੱਲੋ ਕਤਲ ਕੀਤੇ ਗਏ ਨੌਜਵਾਨਾਂ ਦੇ ਸਬੂਤ ਅਤੇ ਤੱਥ ਇਕੱਠੇ ਕਰਕੇ ਦੁਨੀਆਂ ਸਾਹਮਣੇ ਲਿਆਂਦੇ ਹਨ । ਜਿਸਦੀ ਬਦੌਲਤ ਸ੍ਰੀ ਮੋਦੀ-ਸ੍ਰੀ ਸ਼ਾਹ ਅਤੇ ਇਨ੍ਹਾਂ ਦੀ ਜੂੰਡਲੀ ਵਿਰੁੱਧ ਕੌਮਾਂਤਰੀ ਕਾਨੂੰਨਾਂ ਅਧੀਨ ਕਾਰਵਾਈ ਹੋ ਰਹੀ ਹੈ । ਉਨ੍ਹਾਂ ਕਿਹਾ ਕਿ ਬੇਸੱਕ ਮੌਜੂਦਾ ਮੋਦੀ ਹਕੂਮਤ ਮੁਗਲਾਂ ਤੇ ਜਰਵਾਣਿਆ ਦੀ ਤਰ੍ਹਾਂ ਸਿੱਖ ਕੌਮ ਉਤੇ ਜ਼ਬਰ ਢਾਹੁੰਦੀ ਹੋਈ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਨਿਸ਼ਾਨਾਂ ਬਣਾ ਰਹੀ ਹੈ । ਜਿਸਦੀ ਅਸੀ ਕੇਵਲ ਸਖਤ ਸ਼ਬਦਾਂ ਵਿਚ ਨਿੰਦਾ ਹੀ ਨਹੀ ਕਰਦੇ ਬਲਕਿ ਖਬਰਦਾਰ ਵੀ ਕਰਦੇ ਹਾਂ ਜੇਕਰ ਹੁਕਮਰਾਨਾਂ ਨੇ ਆਪਣੀ ਇਸ ਮਨੁੱਖਤਾ ਵਿਰੋਧੀ ਨੀਤੀ ਦਾ ਤਿਆਗ ਨਾ ਕਰਕੇ ਸਿੱਖ ਕੌਮ ਨੂੰ ਇੰਡੀਅਨ ਵਿਧਾਨ ਦੀ ਧਾਰਾ 14,19 ਅਤੇ 21ਰਾਹੀ ਮਿਲੇ ਅਧਿਕਾਰਾਂ ਦੀ ਉਲੰਘਣਾ ਕਰਕੇ ਕੀਤਾ ਜਾ ਰਿਹਾ ਜ਼ਬਰ ਜੁਲਮ ਅਤੇ ਬੇਇਨਸਾਫ਼ੀਆਂ ਤੋ ਤੋਬਾ ਨਾ ਕੀਤੀ ਤਾਂ ਇਥੋ ਦੇ ਮੁਤੱਸਵੀ ਹੁਕਮਰਾਨਾਂ ਨੂੰ ਇਸ ਮੁਲਕ ਦੇ ਕਈ ਟੋਟੇ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕੇਗਾ ਅਤੇ ਜੋ ਵੀ ਮਨੁੱਖਤਾ ਦਾ ਖੂਨ ਵਹਾਇਆ ਜਾ ਰਿਹਾ ਹੈ, ਉਸ ਕੀਤੇ ਜਾ ਰਹੇ ਪਾਪ ਅਤੇ ਕਾਨੂੰਨੀ ਅਮਲ ਤੋ ਇਹ ਕਾਤਲ ਭਾਵੇ ਉਹ ਕਿੰਨੇ ਵੀ ਉੱਚੇ ਅਹੁਦੇ ਤੇ ਕਿਉਂ ਨਾ ਬੈਠਾ ਹੋਵੇ, ਜਿਥੇ ਉਹ ਬਚ ਨਹੀ ਸਕਣਗੇ, ਉਥੇ ਸਾਡੀ ਆਜਾਦੀ ਦੀ ਜੱਦੋ ਜਹਿਦ ਦੇ ਮਿਸਨ ਖਾਲਿਸਤਾਨ ਨੂੰ ਕਾਇਮ ਕਰਨ ਵਿਚ ਰੁਕਾਵਟ ਪਾਉਣ ਵਿਚ ਕਾਮਯਾਬ ਨਹੀ ਹੋ ਸਕਣਗੇ ।
ਸ. ਮਾਨ ਨੇ ਕੌਮਾਂਤਰੀ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਜਥੇਬੰਦੀਆਂ, ਏਸੀਆ ਵਾਚ ਹਿਊਮਨਰਾਈਟਸ, ਯੂ.ਐਨ.ਓ, ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨ ਅਤੇ ਫਾਈਵ ਆਈ ਮੁਲਕਾਂ ਨੂੰ ਗੰਭੀਰ ਅਪੀਲ ਕਰਦੇ ਹੋਏ ਕਿਹਾ ਕਿ ਉਹ ਭਾਈ ਬਖਸੀਸ ਸਿੰਘ ਉਤੇ ਹੋਏ ਹਮਲੇ ਦੀ ਸਾਜਿਸ ਦੀ ਕੌਮਾਂਤਰੀ ਕਾਨੂੰਨਾਂ ਅਧੀਨ ਜਾਂਚ ਕਰਦੇ ਹੋਏ ਇੰਡੀਅਨ ਹਕੂਮਤੀ ਸਾਜਿਸਾਂ ਨੂੰ ਕੌਮਾਂਤਰੀ ਕਟਹਿਰੇ ਵਿਚ ਨੰਗਾਂ ਕਰਨ ਦੀ ਜਿੰਮੇਵਾਰੀ ਨਿਭਾਉਣ ਅਤੇ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨਾਲ ਹੁਕਮਰਾਨਾਂ ਵੱਲੋ ਕੀਤੇ ਜਾ ਰਹੇ ਜ਼ਬਰ ਜੁਲਮ ਦਾ ਅੰਤ ਕਰਨ ਲਈ ਇਹ ਮੁਲਕ ਅਤੇ ਸੰਸਥਾਵਾਂ ਪਹਿਲ ਦੇ ਆਧਾਰ ਤੇ ਅਮਲ ਕਰਦੇ ਹੋਏ ਸਿੱਖ ਕੌਮ ਨੂੰ ਜਿਥੇ ਇਨਸਾਫ ਦਿਵਾਉਣ ਦੀ ਜਿੰਮੇਵਾਰੀ ਨਿਭਾਉਣ, ਉਥੇ ਕੌਮਾਂਤਰੀ ਦਬਾਅ ਪਾ ਕੇ ਸਿੱਖ ਕੌਮ ਦੇ ਕੀਤੇ ਜਾ ਰਹੇ ਕਤਲੇਆਮ ਨੂੰ ਬੰਦ ਕਰਵਾਉਣ ।