ਸਿੱਖ ਕੌਮ ਵਿਚ ਜਾਤ-ਪਾਤ, ਊਚ-ਨੀਚ ਦੀ ਨਫਰਤ ਪੈਦਾ ਕਰਕੇ ਭਰਾਮਾਰੂ ਜੰਗ ਕਰਵਾਉਣ ਦੇ ਵਿਰੁੱਧ ਹੈ, ਪਿਆਰ-ਮੁਹੱਬਤ ਦੇ ਸੁਨੇਹੇ ਦਾ ਮਹੱਤਵ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 21 ਅਪ੍ਰੈਲ ( ) “ਸਿੱਖ ਕੌਮ ਅਤੇ ਸਿੱਖ ਧਰਮ ਅਜਿਹੇ ਵਿਸ਼ਾਲਤਾ ਵਾਲਾ ਧਰਮ ਤੇ ਕੌਮ ਹੈ ਜਿਸ ਵਿਚ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦਾ ਵਖਰੇਵਾ ਖੜ੍ਹਾ ਕਰਕੇ ਨਫਰਤ ਪੈਦਾ ਕਰਨ ਦੀ ਰਤੀਭਰ ਵੀ ਇਜਾਜਤ ਨਹੀ ਅਤੇ ਨਾ ਹੀ ਵੱਖ-ਵੱਖ ਕੌਮਾਂ, ਧਰਮਾਂ, ਜਾਤਾਂ-ਪਾਤਾਂ ਵਿਚ ਉਲਝਾਕੇ ਸੌੜੀ ਅਧੀਨ ਆਧਾਰਹੀਣ, ਨਿਰਾਰਥਕ ਸਿਆਸਤ ਕਰਨ ਦੀ ਇਜਾਜਤ ਹੈ । ਇਸ ਲਈ ਜੋ ਵੀ ਆਗੂ ਸਿੱਖ ਕੌਮ ਦੇ ਨਾਮ ਉਤੇ ਜਾਂ ਸਿੱਖ ਸੰਗਠਨਾਂ ਦੇ ਨਾਮ ਉਤੇ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦੀ ਨਫਰਤ ਖੜ੍ਹੀ ਕਰਕੇ ਖਾਲਸਾ ਪੰਥ ਦੇ ਉੱਚ ਸਿਧਾਤਾਂ ਨੂੰ ਤਿਲਾਜਲੀ ਦੇਣ ਦੇ ਦੁੱਖਦਾਇਕ ਅਮਲ ਕਰ ਰਹੇ ਹਨ, ਉਹ ਅਸਲੀਅਤ ਵਿਚ ਸਿੱਖੀ ਤੋ ਕੋਹਾ ਦੂਰ ਹਨ । ਕਿਉਂਕਿ ਬਹੁਤ ਪਹਿਲੇ ਗੁਰੂ ਨਾਨਕ ਸਾਹਿਬ ਨੇ ਉਪਰੋਕਤ ਸਭ ਵਖਰੇਵਿਆ, ਭਰਮਾਂ, ਭੁਲੇਖਿਆ ਨੂੰ ਦੂਰ ਕਰਕੇ ਸਿੱਖ ਧਰਮ ਦੀ ਬਰਾਬਰਤਾ ਦੇ ਆਧਾਰ ਤੇ ਨੀਹ ਰੱਖੀ ਸੀ ਜਿਸ ਨੂੰ ਤੀਸਰੀ ਪਾਤਸਾਹੀ ਗੁਰੂ ਅਮਰਦਾਸ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਬਾਊਲੀ ਸਾਹਿਬ ਤਿਆਰ ਕਰਵਾਕੇ ਉਥੇ ਜਲ ਨਾਲ ਇਸਨਾਨ ਕਰਦੇ ਹੋਏ ਅਕਾਲ ਪੁਰਖ ਦੀ ਬਾਣੀ ਜਪਦੇ ਹੋਏ ਸਭ ਧਰਮਾਂ ਨੂੰ ਬਰਾਬਰਤਾ ਦਾ ਦਰਜਾ ਦਿੱਤਾ ਸੀ । ਇਸੇ ਤਰ੍ਹਾਂ ਚੌਥੀ ਪਾਤਸਾਹੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਵਿਖੇ ਅੰਮ੍ਰਿਤ ਸਰੋਵਰ ਦੀ ਤਿਆਰੀ ਕਰਵਾਕੇ ਅਤੇ ਸ੍ਰੀ ਦਰਬਾਰ ਸਾਹਿਬ ਸਥਾਪਿਤ ਕਰਕੇ ਸਰਬਸਾਂਝੀਵਾਲਤਾ ਦਾ ਮਨੁੱਖਤਾ ਪੱਖੀ ਸੁਨੇਹਾ ਦਿੱਤਾ ਸੀ । ਇਸ ਨੂੰ ਅੱਗੇ ਵਧਾਉਦੇ ਹੋਏ ਪੰਜਵੀ ਪਾਤਸਾਹੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਦੇ ਚਾਰੇ ਦਿਸਾਵਾਂ ਵੱਲ 4 ਦਰਵਾਜੇ ਰੱਖਕੇ ਬਿਨ੍ਹਾਂ ਕਿਸੇ ਭੇਦਭਾਵ ਦੇ ਸਭ ਧਰਮਾਂ, ਕੌਮਾਂ, ਵਰਗਾਂ, ਕਬੀਲਿਆ, ਨਸ਼ਲਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸਨ ਕਰਕੇ ਆਪਣੀ ਆਤਮਿਕ ਖੁਸੀ ਪ੍ਰਾਪਤ ਕਰਨ ਦਾ ਰਾਹ ਦਿਖਾਇਆ ਸੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੁਝ ਸਿੱਖ ਸੰਗਠਨਾਂ ਤੇ ਆਗੂਆਂ ਵੱਲੋਂ ਸਿੱਖ ਕੌਮ ਅਤੇ ਸਿੱਖ ਧਰਮ ਵਿਚ ਵੱਖਰੇਵੇ, ਨਫਰਤ ਪੈਦਾ ਕਰਕੇ ਆਪਣੀ ਗੰਧਲੀ ਸਿਆਸਤ ਚਲਾਉਣ ਦੇ ਅਮਲਾਂ ਉਤੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਅਤੇ ਕਿਸੇ ਵੀ ਸਿੱਖ ਆਗੂ ਜਾਂ ਸੰਗਠਨ ਨੂੰ ਸਿੱਖੀ ਸਿਧਾਤਾਂ ਦੇ ਉਲਟ ਜਾ ਕੇ ਕੋਈ ਵੀ ਕਿਸੇ ਤਰ੍ਹਾਂ ਦਾ ਸਿੱਖ ਵਿਰੋਧੀ ਅਮਲ ਨਾ ਹੋਣ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਡਾ ਸਿੱਖ ਧਰਮ ਸਮੁੱਚੀ ਮਨੁੱਖਤਾ, ਇਨਸਾਨੀਅਤ ਅਤੇ ਸਰਬਸਾਂਝੀਵਾਲਤਾ ਦੇ ਆਦੇਸ ਦਿੰਦਾ ਹੈ । ਇਸ ਲਈ ਕਿਸੇ ਨੂੰ ਵੀ ਇਹ ਕੋਈ ਹੱਕ ਨਹੀ ਕਿ ਉਹ ਸਿੱਖ ਕੌਮ ਦੇ ਸਿਧਾਤਾਂ ਦੇ ਉਲਟ ਜਾ ਕੇ ਜਾਤਾ-ਪਾਤਾਂ, ਕੌਮਾਂ, ਧਰਮਾਂ ਦੇ ਆਧਾਰ ਤੇ ਨਫਰਤ ਪੈਦਾ ਕਰਕੇ ਭਰਾਮਾਰੂ ਜੰਗ ਕਰਵਾਉਣ ਨੂੰ ਉਤਸਾਹਿਤ ਕਰਕੇ ਦੁਸਮਣ ਤਾਕਤਾਂ ਨੂੰ ਬਲ ਦੇਣ ਦੀ ਬਜਰ ਗੁਸਤਾਖੀ ਕਰੇ । ਕਿਉਂਕਿ ਦਸਵੇ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਸ ਸਿੱਖ ਸਿਧਾਤ ਤੇ ਸੋਚ ਨੂੰ ਹੋਰ ਮਜਬੂਤੀ ਬਖਸਦੇ ਹੋਏ ‘ਰੰਘਰੇਟੇ ਗੁਰੂ ਕੇ ਬੇਟੇ’ ਦਾ ਖਿਤਾਬ ਦੇ ਕੇ ਸਮੁੱਚੀ ਮਨੁੱਖਤਾ ਨੂੰ ਅਜਿਹੀਆ ਨਫਰਤ ਭਰੇ ਅਮਲਾਂ ਅਤੇ ਕਾਰਵਾਈਆ ਤੋ ਦੂਰ ਰਹਿਣ ਅਤੇ ਸਮੁੱਚੇ ਇਨਸਾਨੀਅਤ, ਮਨੁੱਖਤਾ ਨੂੰ ਪਿਆਰ ਕਰਨ ਅਤੇ ਸਭਨਾਂ ਨੂੰ ਬਰਾਬਰਤਾ ਦੇ ਹੱਕ ਹਕੂਕ ਪ੍ਰਦਾਨ ਕਰਦੇ ਹੋਏ ਅਸਲੀਅਤ ਵਿਚ ਪਹਿਲੇ 9 ਗੁਰੂ ਸਾਹਿਬਾਨ ਵੱਲੋ ਦਿੱਤੇ ਸੰਦੇਸ ਨੂੰ ਕੇਵਲ ਮਜਬੂਤੀ ਹੀ ਨਹੀ ਦਿੱਤੀ ਬਲਕਿ ਉਸ ਸੋਚ ਤੇ ਦ੍ਰਿੜਤਾ ਨਾਲ ਪਹਿਰਾ ਦੇ ਕੇ ਆਪਣਾ ਆਪ ਤੇ ਸਰਬੰਸ ਵਾਰਕੇ ਇਹ ਸਾਬਤ ਕਰ ਦਿੱਤਾ ਕਿ ਖਾਲਸਾ ਪੰਥ ਦੀ ਵੱਡਮੁੱਲੀ ਸੋਚ ਤੋ ਉਪਰ ਕੋਈ ਨਹੀ ਹੈ । ਇਨਸਾਨੀਅਤ ਤੇ ਮਨੁੱਖਤਾ ਹੀ ਅਹਿਮ ਹਨ । ਇਸ ਲਈ ਜੋ ਵੀ ਆਗੂ ਕਿਸੇ ਭਰਮ ਭੁਲੇਖੇ ਵਿਚ ਜਾਂ ਗੁੰਮਰਾਹ ਹੋ ਕੇ ਜਾਤ-ਪਾਤ, ਊਚ-ਨੀਚ ਦੇ ਨਾਮ ਤੇ ਨਫਰਤ ਪੈਦਾ ਕਰਨ ਦੀ ਕੋਸਿਸ ਕਰ ਰਹੇ ਹਨ, ਉਹ ਇਸ ਗੱਲ ਨੂੰ ਪੂਰਨ ਰੂਪ ਵਿਚ ਤਿਆਗ ਕੇ ਸਿੱਖੀ ਸਿਧਾਤਾਂ ਅਨੁਸਾਰ ਆਪਣੇ ਜੀਵਨ ਵਿਚ ਸਰਗਰਮੀਆ ਤੇ ਜਿੰਮੇਵਾਰੀਆ ਨਿਭਾਉਣ ਤਾਂ ਕਿ ਮੁਲਕ ਵਿਚ ਵਿਚਰਣ ਵਾਲੀ ਕੌਮੀ ਵੀ ਕੌਮ, ਧਰਮ, ਫਿਰਕਾ, ਕਬੀਲਾ, ਸਿੱਖ ਕੌਮ ਪ੍ਰਤੀ ਬਣੇ ਵੱਡੇ ਮਾਣ ਸਤਿਕਾਰ ਤੋ ਮੂੰਹ ਮੋੜਕੇ ਭੰਬਲਭੂਸੇ ਵਿਚ ਜਾਵੇ ਅਤੇ ਸਿੱਖ ਕੌਮ ਪ੍ਰਤੀ ਬਿਨ੍ਹਾਂ ਵਜਹ ਗਲਤਫਹਿਮੀਆ ਪੈਦਾ ਹੋਣ । ਇਸ ਲਈ ਸਾਡਾ ਸਭ ਸਿੱਖ ਸੰਗਠਨਾਂ ਤੇ ਆਗੂਆ ਵਿਚ ਭਾਵੇ ਵਿਚਾਰਿਕ ਤੌਰ ਤੇ ਕਿੰਨੇ ਵੀ ਵਖਰੇਵੇ ਕਿਉਂ ਨਾ ਹੋਣ, ਪਰ ਸਿੱਖ ਧਰਮ ਦੇ ਸਿਧਾਤਾਂ ਤੇ ਅਸੂਲਾਂ ਦੇ ਵਿਰੁੱਧ ਨਾ ਤਾਂ ਉਨ੍ਹਾਂ ਨੂੰ ਕੋਈ ਅਮਲ ਕਰਨਾ ਚਾਹੀਦਾ ਹੈ ਅਤੇ ਨਾ ਹੀ ਕਿਸੇ ਨੂੰ ਅਜਿਹਾ ਕਰਨ ਦੀ ਇਜਾਜਤ ਦੇਣੀ ਚਾਹੀਦੀ ਹੈ ਤਾਂ ਕਿ ਪੂਰੇ ਸੰਸਾਰ ਵਿਚ ਸਿੱਖ ਕੌਮ ਦੇ ਮਨੁੱਖਤਾ ਪੱਖੀ ਅਤੇ ਇਨਸਾਨੀਅਤ ਪੱਖੀ ਸੋਚ ਨੂੰ ਬਲ ਮਿਲੇ ਅਤੇ ਖਾਲਸਾ ਪੰਥ ਦਿਨ ਬ ਦਿਨ ਚੜ੍ਹਦੀ ਕਲਾਂ ਵਿਚ ਵਿਚਰਦਾ ਹੋਇਆ ਆਪਣੇ ਕੌਮੀ ਤੇ ਇਨਸਾਨੀ ਫਰਜਾਂ ਦੀ ਪੂਰਤੀ ਕਰਦਾ ਰਹੇ । ਅਸੀ ਵਿਚਾਰਾਂ ਦੇ ਵਖਰੇਵੇ ਰੱਖਦੇ ਹੋਏ ਵੀ ਪੁਰਾਤਨ ਸਮੇ ਦੀਆਂ 12 ਮਿਸਲਾਂ ਦੇ ਮਹਾਨ ਇਤਿਹਾਸ ਨੂੰ ਸਮਝਦੇ ਤੇ ਪਹਿਰਾ ਦਿੰਦੇ ਹੋਏ ਆਪਣੇ ਕੌਮੀ ਮਿਸਨ ਖਾਲਿਸਤਾਨ ਨੂੰ ਕਾਇਮ ਕਰਨ ਵੱਲ ਦ੍ਰਿੜਤਾ ਨਾਲ ਵੱਧੀਏ ਅਤੇ ਆਪਣਾ ਮੁਲਕ ਦੁਨੀਆ ਦੇ ਨਕਸੇ ਤੇ ਕਾਇਮ ਕਰੀਏ ।