ਹਿੰਦੂਤਵ ਹੁਕਮਰਾਨਾਂ ਦੇ ਜਾਤ-ਪਾਤ ਵਿਚ ਵੰਡਣ ਦੇ ਗੁੱਝੇ ਮਕਸਦ ਦੇ ਛੁਪਾਏ ਗਏ ਸੱਚ ਨੂੰ ਸਾਹਮਣੇ ਲਿਆਂਦਾ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 05 ਦਸੰਬਰ ( ) “ਬੀਤੇ ਸਮੇ ਅਤੇ ਅਜੋਕੇ ਸਮੇ ਦੇ ਕੱਟੜਵਾਦੀ ਆਰੀਅਨ ਕਹਾਉਣ ਵਾਲੇ ਹੁਕਮਰਾਨਾਂ ਨੇ ਜੋ ਜਾਤ-ਪਾਤ ਦੇ ਅਧਾਰਿਤ ਬ੍ਰਾਹਮਣ, ਖੱਤਰੀ, ਵੈਸ ਤੇ ਸੂਦਰਾਂ ਵਿਚ ਸਮਾਜ ਨੂੰ ਵੰਡਕੇ ਆਪਣੀ ਸਿਆਸਤ ਉਸੇ ਤਰ੍ਹਾਂ ਕਰਦੇ ਰਹੇ ਹਨ ਜਿਵੇ ਜਰਮਨ ਵਿਚ ਅਡੋਲਫ ਹਿਟਲਰ ਦੀ ਨਾਜੀ ਪਾਰਟੀ ਕਹਿੰਦੀ ਰਹੀ ਹੈ ਕਿ ਅਸੀ ਵੀ ਆਰੀਅਨਜ ਹਾਂ । ਉਹ ਵੀ ਯਹੂਦੀਆ ਅਤੇ ਜਿਪਸੀਆ ਵਿਚ ਨਫਰਤ ਪੈਦਾ ਕਰਕੇ ਮਨੁੱਖਤਾ ਨੂੰ ਵੰਡਕੇ ਉਨ੍ਹਾਂ ਨੂੰ ਗੈਸ ਚੈਬਰਾਂ ਵਿਚ ਪਾ ਕੇ ਅਣਮਨੁੱਖੀ ਢੰਗ ਨਾਲ ਜ਼ਬਰ ਕਰਦੇ ਰਹੇ ਹਨ । ਇਹੀ ਵਜਹ ਹੈ ਕਿ ਗਾਂਧੀ, ਨਹਿਰੂ, ਪਟੇਲ ਅਤੇ ਦੂਸਰੇ ਆਰੀਅਨ ਆਗੂ ਸੁਭਾਸ ਚੰਦਰ ਬੋਸ ਨੂੰ ਜਰਮਨ, ਇਟਲੀ ਤੇ ਜਪਾਨ ਵਰਗੀਆਂ ਐਕਸਿਸ ਫੋਰਸਾਂ ਨਾਲ ਲੜਨ ਲਈ ਭੇਜਣ ਨੂੰ ਸਵੀਕਾਰ ਕੀਤਾ ਸੀ । ਇਸ ਸੱਚ ਨੂੰ ਉਜਾਗਰ ਕਰਨ ਲਈ ਬੀਤੇ ਸਮੇ ਦੇ ਵਰਤਾਰੇ ਦੀ ਬਾਰੀਕੀ ਨਾਲ ਘੋਖ ਕਰਕੇ, ਇਸ ਜਾਤ-ਪਾਤ ਦੀ ਕੀਤੀ ਗਈ ਵੰਡ ਪਿੱਛੇ ਹੁਕਮਰਾਨਾਂ ਦੇ ਛੁਪਾਏ ਗਏ ਮਕਸਦਾਂ ਨੂੰ ਖਤਮ ਕਰਨ ਅਤੇ ਸਮੁੱਚੀ ਮਨੁੱਖਤਾ ਲਈ ਅਮਲ ਕਰਨ ਦੀ ਅੱਜ ਸਖਤ ਲੋੜ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਵੱਲੋਂ ਇੰਡੀਆਂ ਦੇ ਵਾਈਸ ਪ੍ਰੈਜੀਡੈਟ ਜਗਦੀਪ ਧਨਖੜ ਨੂੰ ਬੀਤੇ ਕੱਲ੍ਹ ਲਿਖੇ ਗਏ ਪੱਤਰ ਵਿਚ ਪ੍ਰਗਟ ਕਰਦੇ ਹੋਏ ਜਿਥੇ ਸੱਚ ਨੂੰ ਸਾਹਮਣੇ ਲਿਆਉਣ ਅਤੇ ਜਾਤ-ਪਾਤ ਨੂੰ ਉਭਾਰਨ ਵਾਲੇ ਸਮਾਜ ਵਿਰੋਧੀ ਅਮਲਾਂ ਉਤੇ ਸਹੀ ਦਿਸ਼ਾ ਵੱਲ ਰੋਕ ਲਗਾਕੇ ਅਗਲੇਰੇ ਅਮਲ ਕਰਨ ਉਤੇ ਜੋਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਆਪਣੇ ਇਸ ਪੱਤਰ ਵਿਚ ਇਸ ਗੱਲ ਨੂੰ ਵਿਸੇਸ ਤੌਰ ਤੇ ਦਰਜ ਕੀਤਾ ਕਿ ਨਾਜੀਆਂ ਅਤੇ ਹਿੰਦੂਆਂ ਦਾ ਜੋ ਆਰੀਅਨ ਨਿਸਾਨ ਸਵਸਤਿਕਾ ਹੈ, ਉਹ ਸਾਂਝਾ ਹੈ । ਇਸੇ ਲਈ ਨਾਜੀ ਤੇ ਹਿੰਦੂ ਸਾਂਝੇ ਤੌਰ ਤੇ ਅਗਨੀ ਦੀ ਪੂਜਾ ਕਰਦੇ ਹਨ । ਇਹੀ ਵਜਹ ਹੈ ਕਿ ਜਪਾਨ ਨੇ 23 ਮਾਰਚ 1942 ਨੂੰ ਜਦੋ ਅੰਡੇਮਾਨ ਨਿਕੋਬਾਰ ਆਈਸਲੈਡ ਨੂੰ ਜਿੱਤਿਆ ਤਾਂ ਉਥੇ ਕਾਲੇਪਾਣੀ ਦੇ ਕੈਦੀਆ ਨੂੰ ਰੱਖਿਆ ਗਿਆ ਸੀ । ਜੇਕਰ ਗਾਂਧੀ, ਨਹਿਰੂ, ਪਟੇਲ ਤੇ ਸੁਭਾਸ ਚੰਦਰ ਬੋਸ ਵਿਚ ਦੇਸ਼ਭਗਤੀ ਦੀ ਅਮਲੀ ਰੂਪ ਵਿਚ ਸੋਚ ਹੁੰਦੀ ਤਾਂ ਸੁਭਾਸ ਚੰਦਰ ਬੋਸ ਜੋ ਜਪਾਨ ਲਈ ਐਕਸਿਸ ਫੋਰਸਾਂ ਬਰਤਾਨੀਆ ਦੇ ਵਿਰੁੱਧ ਲੜਦੇ ਰਹੇ ਹਨ, ਤਾਂ ਉਨ੍ਹਾਂ ਵੱਲੋਂ ਕਾਲੇਪਾਣੀ ਦੀ ਕੈਦ ਵਿਚ ਸਜ਼ਾਯਾਫਤਾ ਸਮੁੱਚੇ ਕੈਦੀਆ ਦੀ ਜਪਾਨ ਤੋ ਰਿਹਾਈ ਕਰਵਾਈ ਜਾਂਦੀ । ਕਿਉਂਕਿ ਇਨ੍ਹਾਂ ਕੈਦੀਆ ਨੇ ਬਰਤਾਨੀਆ ਅਤੇ ਉਨ੍ਹਾਂ ਵੱਲੋ ਬਣਾਏ ਆਪਣੇ ਭਾਈਵਾਲਾ ਵਿਰੁੱਧ ਜੰਗ ਲੜਦੇ ਰਹੇ ਹਨ । ਪਰ ਕਾਲੇਪਾਣੀ ਦੇ ਬੰਦੀਆਂ ਨੂੰ ਇਮਾਨਦਾਰੀ ਨਾਲ ਉਸੇ ਸਮੇ ਰਿਹਾਅ ਨਾ ਕਰਵਾਉਣਾ ਇਨ੍ਹਾਂ ਆਰੀਅਨ ਆਗੂਆ ਦੀ ਮੰਦਭਾਵਨਾ ਭਰੀ ਸੋਚ ਨੂੰ ਖੁਦ ਬ ਖੁਦ ਪ੍ਰਤੱਖ ਕਰਦਾ ਹੈ ।
ਇਸ ਸੱਚ ਨੂੰ ਗਾਂਧੀ, ਨਹਿਰੂ, ਪਟੇਲ ਅਤੇ ਹੁਣ ਤੱਕ ਦੀਆਂ ਆਰੀਅਨ ਸੋਚ ਵਾਲੀਆ ਤਾਕਤਾਂ ਛੁਪਾਉਦੀਆ ਆ ਰਹੀਆ ਹਨ ਅਤੇ ਹਮੇਸ਼ਾਂ ਇਹ ਲੋਕ ਨਾਜੀ ਆਰੀਅਨ ਹਕੂਮਤ ਦੇ ਹੱਕ ਵਿਚ ਰਹੇ ਹਨ ਨਾ ਕਿ ਜਮਹੂਰੀਅਤ ਪੱਖੀ ਬਰਤਾਨੀਆ ਅਤੇ ਅਮਰੀਕਾ ਜੋ ਐਕਸਿਸ ਤਾਕਤਾਂ ਦੇ ਵਿਰੁੱਧ ਲੜਦੀਆ ਰਹੀਆ ਹਨ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਮੇਰੇ ਵੱਲੋ ਇਸ ਗੰਭੀਰ ਵਿਸੇ ਤੇ ਭੇਜੇ ਜਾ ਰਹੇ ਇਸ ਪੱਤਰ ਨੂੰ ਮੁੱਖ ਰੱਖਦੇ ਹੋਏ ਆਪ ਜੀ ਇਸ ਉਤੇ ਅਮਲ ਕਰਦੇ ਹੋਏ ਜਾਤ-ਪਾਤ ਦੇ ਸਮਾਜ ਵਿਰੋਧੀ ਵਰਤਾਰੇ ਨੂੰ ਅਮਲੀ ਰੂਪ ਵਿਚ ਖਤਮ ਕਰਨ ਅਤੇ ਇਥੋ ਦੀ ਸਮੁੱਚੀ ਮਨੁੱਖਤਾ ਲਈ ਬਰਾਬਰਤਾ ਦੇ ਆਧਾਰ ਤੇ ਅਗਲੇਰੇ ਕਾਨੂੰਨੀ, ਨਿਜਾਮੀ ਹੱਕ ਪ੍ਰਦਾਨ ਕਰਨ ਦੀ ਜਿੰਮੇਵਾਰੀ ਨਿਭਾਉਗੇ ।