ਦਮਦਮੀ ਟਕਸਾਲ ਮੁੱਖੀ ਹਰਨਾਮ ਸਿੰਘ ਧੂੰਮਾ ਵੱਲੋਂ ਪੰਜਾਬ ਤੇ ਸਿੱਖ ਵਿਰੋਧੀ ਜਮਾਤ ਬੀਜੇਪੀ ਦੇ ਹੱਕ ਵਿਚ ਪ੍ਰਚਾਰ ਕਰਕੇ ਟਕਸਾਲ ਦੇ ਉੱਚੇ ਸੁੱਚੇ ਮਿਸ਼ਨ ਨੂੰ ਪਹੁੰਚਾਈ ਗਈ ਠੇਸ ਅਸਹਿ : ਮਾਨ
ਫ਼ਤਹਿਗੜ੍ਹ ਸਾਹਿਬ, 21 ਨਵੰਬਰ ( ) “ਅੰਮ੍ਰਿਤਸਰ ਜਿ਼ਲ੍ਹੇ ਦੇ ਚੌਕ ਮਹਿਤਾ ਦੇ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਤੋਂ ਜਿਥੇ ਖਾਲਸਾ ਪੰਥ ਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਉੱਚੇ ਸੁੱਚੇ ਕੁਰਬਾਨੀ ਵਾਲੇ ਦ੍ਰਿੜਤਾ ਭਰੇ ਜੀਵਨ ਦੇ ਸੰਦੇਸ ਤੋ ਸਮੁੱਚੀ ਕੌਮ ਨੂੰ ਸੰਦੇਸ ਤੇ ਅਗਵਾਈ ਮਿਲਣੀ ਚਾਹੀਦੀ ਹੈ, ਜਿਥੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੇ ਆਪਣੇ ਜੀਵਨ ਦੇ ਫਖਰ ਵਾਲਾ ਇਤਿਹਾਸ ਰਚਕੇ ਦੁਨੀਆ ਭਰ ਵਿਚ ਬੈਠੇ ਸਿੱਖਾਂ ਨੂੰ ਇਹ ਸੰਦੇਸ ਦਿੱਤਾ ਕਿ ਸਿੱਖ ਕੌਮ ਕਦੀ ਵੀ ਕਿਸੇ ਵੀ ਰਾਜ ਭਾਗ ਤੇ ਹੁਕਮਰਾਨ ਦੀ ਗੁਲਾਮ ਨਹੀ ਰਹੀ । ਹਮੇਸ਼ਾਂ ਆਜਾਦੀ ਦੀ ਸੋਚ ਤੇ ਪਹਿਰਾ ਦਿੰਦੀ ਹੋਈ ਵਿਚਰਦੀ ਰਹੀ ਹੈ ਜਿਥੋ ਸਿੱਖ ਕੌਮ ਨੂੰ ਆਪਣੇ ਮਨੁੱਖੀ ਜੀਵਨ ਨੂੰ ਕਿਸ ਢੰਗ ਨਾਲ ਜਿਊਣਾ ਹੈ ਅਤੇ ਆਪਣੇ ਸਵਾਸਾਂ ਨੂੰ ਕਿਸ ਤਰ੍ਹਾਂ ਅਰਥ ਲਗਾਉਣਾ ਹੈ, ਦੀ ਅਗਵਾਈ ਮਿਲਦੀ ਹੈ । ਇਸ ਸਥਾਂਨ ਤੋ ਹਰ ਤਰ੍ਹਾਂ ਦੇ ਜ਼ਬਰ ਅਤੇ ਜਾਲਮ ਹੁਕਮਰਾਨਾਂ ਵਿਰੁੱਧ ਦ੍ਰਿੜਤਾ ਨਾਲ ਲੜਨ ਅਤੇ ਆਪਣੇ ਮਿਸਨ ਦੀ ਪ੍ਰਾਪਤੀ ਕਰਦੇ ਹੋਏ ਫਤਹਿ ਪ੍ਰਾਪਤ ਕਰਨ ਦੇ ਸੰਦੇਸ ਮਿਲਦੇ ਹਨ, ਉਸ ਮਹਾਨ ਬਾਬਾ ਦੀਪ ਸਿੰਘ ਦੀ ਟਕਸਾਲ ਦੇ ਮੌਜੂਦਾ ਮੁੱਖੀ ਹਰਨਾਮ ਸਿੰਘ ਧੂੰਮਾ ਵੱਲੋ ਖਾਲਸਾ ਪੰਥ ਦੀ ਕਾਤਲ ਜਮਾਤ, ਬਲਿਊ ਸਟਾਰ ਦੇ ਫ਼ੌਜੀ ਹਮਲੇ ਦੀ ਪਿੱਠ ਪੂਰਨ ਵਾਲੀ, ਸਿੱਖ ਕੌਮ ਤੇ ਸਿੱਖ ਨੌਜਵਾਨੀ ਦੇ ਕਤਲੇਆਮ ਦੀ ਹਾਮੀ, ਪੰਜਾਬ ਨੂੰ ਮਾਲੀ ਸਮਾਜਿਕ ਤੌਰ ਤੇ ਹਰ ਪੱਖੋ ਨੁਕਸਾਨ ਪਹੁੰਚਾਉਣ ਵਾਲੀ ਜਮਾਤ ਬੀਜੇਪੀ ਦੀ ਮਹਾਰਾਸਟਰਾਂ ਵਿਚ ਜਾ ਕੇ ਉਸਦੇ ਪੱਖ ਵਿਚ ਪ੍ਰਚਾਰ ਕਰਨ ਦੇ ਦੁੱਖਦਾਇਕ ਅਮਲ ਹਰ ਸਿੱਖ ਦੇ ਮਨ ਆਤਮਾ ਨੂੰ ਕੇਵਲ ਡੂੰਘੀ ਠੇਸ ਹੀ ਨਹੀ ਪਹੁੰਚਾਉਦੇ ਬਲਕਿ ਖਾਲਸਾ ਪੰਥ ਨੂੰ ਇਸ ਦੁੱਖਦਾਇਕ ਅਮਲ ਨੇ ਇਹ ਵੀ ਸੰਦੇਸ ਦੇ ਦਿੱਤਾ ਹੈ ਕਿ ਇਸ ਮਹਾਨ ਟਕਸਾਲ ਦੇ ਮੁੱਖੀ ਦਾ ਇਸ ਮਹਾਨ ਸਤਿਕਾਰਿਤ ਪਦਵੀ ਤੋ ਜਾਣ ਦਾ ਸਮਾਂ ਆ ਗਿਆ ਹੈ ਅਤੇ ਖਾਲਸਾ ਪੰਥ ਆਉਣ ਵਾਲੇ ਸਮੇ ਵਿਚ ਸਮੂਹਿਕ ਤੌਰ ਤੇ ਇਹ ਫੈਸਲਾ ਅਵੱਸ ਕਰੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼ਹੀਦ ਬਾਬਾ ਦੀਪ ਸਿੰਘ ਦੀ ਦਮਦਮੀ ਟਕਸਾਲ ਦੇ ਮੌਜੂਦਾ ਮੁੱਖੀ ਹਰਨਾਮ ਸਿੰਘ ਧੂੰਮਾ ਵੱਲੋ ਖਾਲਸਾ ਪੰਥ ਵਿਰੋਧੀ ਕੀਤੇ ਗਏ ਸਿੱਖ ਕੌਮ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੇ ਅਮਲਾਂ ਦਾ ਤਿੱਖਾ ਵਿਰੋਧ ਕਰਦੇ ਹੋਏ ਅਤੇ ਉਨ੍ਹਾਂ ਦੀ ਇਸ ਕਾਰਵਾਈ ਨੂੰ ਦਮਦਮੀ ਟਕਸਾਲ ਦੇ ਮਹਾਨ ਇਤਿਹਾਸ ਨੂੰ ਦਾਗੀ ਕਰਾਰ ਦਿੰਦੇ ਹੋਏ ਇਸ ਟਕਸਾਲ ਦੇ ਮੁੱਖੀ ਦੀ ਤਬਦੀਲੀ ਖਾਲਸਾ ਪੰਥ ਦੇ ਸਲਾਹ-ਮਸਵਰੇ ਨਾਲ ਆਉਣ ਵਾਲੇ ਸਮੇ ਵਿਚ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਹਰਨਾਮ ਸਿੰਘ ਧੂੰਮਾ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਜਦੋ ਇਨ੍ਹਾਂ ਨੂੰ ਟਕਸਾਲ ਦਾ ਮੁੱਖੀ ਥਾਪਿਆ ਜਾਣਾ ਸੀ, ਤਾਂ ਉਸ ਸਮੇ ਮੈਨੂੰ ਆਸਟ੍ਰੇਲੀਆ ਦੀ ਸੰਗਤ ਵੱਲੋ ਸਤਿਕਾਰ ਸਹਿਤ ਸੱਦਾ ਵੀ ਭੇਜਿਆ ਗਿਆ ਸੀ ਅਤੇ ਵੀਜਾ ਵੀ ਮਿਲ ਗਿਆ ਸੀ। ਲੇਕਿਨ ਹਰਨਾਮ ਸਿੰਘ ਧੂੰਮਾ ਵੱਲੋ ਮੈਨੂੰ ਫੋਨ ਕਰਕੇ ਕਿਹਾ ਗਿਆ ਕਿ ਮੇਰੀ ਦਸਤਾਰਬੰਦੀ ਕਰਵਾਕੇ ਜਾਣਾ ਕਿਉਂਕਿ ਤੁਹਾਡੇ ਤੋ ਬਿਨ੍ਹਾਂ ਇਹ ਕੰਮ ਸੰਪੂਰਨ ਨਹੀ ਹੋਵੇਗਾ । ਮੈਂ ਇਨ੍ਹਾਂ ਦੀ ਇੱਛਾ ਨੂੰ ਮੁੱਖ ਰੱਖਦੇ ਹੋਏ ਆਪਣਾ ਆਸਟ੍ਰੇਲੀਆ ਦਾ ਦੌਰਾ ਰੱਦ ਕਰ ਦਿੱਤਾ ਸੀ । ਪਰ ਉਸ ਤੋ ਉਪਰੰਤ ਬੀਤੇ ਸਮੇ ਵਿਚ ਇਨ੍ਹਾਂ ਦੇ ਜੀਵਨ ਦੀਆਂ ਕਾਰਵਾਈਆ, ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲ ਜਿਨ੍ਹਾਂ ਤੋ ਖਾਲਸਾ ਪੰਥ ਅੱਜ ਡੂੰਘਾ ਖਫਾ ਹੈ, ਉਨ੍ਹਾਂ ਨਾਲ ਇਨ੍ਹਾਂ ਦੀ ਸਾਂਝ, ਇਸ ਤੋ ਇਲਾਵਾ ਬੀਤੇ ਸਮੇ ਵਿਚ ਬੀਜੇਪੀ ਦੇ ਅਜੋਕੇ ਮੁੱਖੀ ਤੋ ਪਹਿਲੇ ਮੁੱਖੀ ਸ੍ਰੀ ਸੁਦਰਸ਼ਨ ਦਾ ਮਹਿਤਾ ਚੌਕ ਟਕਸਾਲ ਵਿਖੇ ਆਉਣਾ, ਉਨ੍ਹਾਂ ਤੇ ਹਿੰਦੂਤਵ ਆਗੂਆਂ ਨਾਲ ਹਿੰਦੂ ਰਵਾਇਤਾ ਅਨੁਸਾਰ ਟਕਸਾਲ ਤੇ ਹੋਰ ਸਥਾਨਾਂ ਤੇ ਧਾਰਮਿਕ ਉਹ ਅਮਲ ਕਰਨਾ । ਜਿਸ ਦੀ ਸਿੱਖ ਕੌਮ ਤੇ ਸਿੱਖ ਸਿਧਾਂਤ ਇਜਾਜਤ ਨਹੀ ਦਿੰਦੇ, ਉਸ ਤੋ ਪ੍ਰਤੱਖ ਹੋ ਗਿਆ ਸੀ ਕਿ ਹਰਨਾਮ ਸਿੰਘ ਧੂੰਮਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਮਹਾਨ ਟਕਸਾਲ ਦੇ ਸਿਧਾਂਤ ਤੇ ਸੋਚ ਉਤੇ ਅਤੇ 20ਵੀਂ ਸਦੀ ਦੇ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਐਲਾਨੇ ਗਏ ਮਹਾਨ ਸਿੱਖ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਤਰ੍ਹਾਂ ਦ੍ਰਿੜਤਾ ਨਾਲ ਕੌਮੀ ਮਿਸਨ ਉਤੇ ਪਹਿਰਾ ਦੇਣ ਦੇ ਬਿਲਕੁਲ ਸਮਰੱਥ ਨਹੀ ਹਨ । ਬਲਕਿ ਕੌਮ ਨੂੰ ਬੀਤੇ ਲੰਮੇ ਸਮੇ ਤੋਂ ਪਿੱਠ ਹੀ ਦਿੰਦੇ ਆ ਰਹੇ ਹਨ । ਜਿਸਦੀ ਬਦੌਲਤ ਕੌਮਾਂਤਰੀ ਪੱਧਰ ਤੇ ਸਤਿਕਾਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਟਕਸਾਲ ਉਤੇ ਇਨ੍ਹਾਂ ਦੀਆਂ ਪੰਥ ਵਿਰੋਧੀ ਕਾਰਵਾਈਆ ਦੀ ਬਦੌਲਤ ਅੱਜ ਵੱਡਾ ਪ੍ਰਸਨ ਚਿੰਨ੍ਹ ਲੱਗ ਗਿਆ ਹੈ ਜਿਸ ਨੂੰ ਖਾਲਸਾ ਪੰਥ ਸਮੂਹਿਕ ਤੌਰ ਤੇ ਸੁਧਾਰੇਗਾ ।
ਸ. ਮਾਨ ਨੇ ਬਾਹਰਲੇ ਮੁਲਕਾਂ ਵਿਚ ਅਤੇ ਇੰਡੀਆਂ ਵਿਚ ਖਾਲਸਾ ਪੰਥ ਦੀ ਸੰਪੂਰਨ ਬਾਦਸਾਹੀ ਸਿੱਖ ਰਾਜ ਦੀ ਪ੍ਰਾਪਤੀ ਲਈ ਕੌਮਾਂਤਰੀ ਤੇ ਇੰਡੀਅਨ ਕਾਨੂੰਨਾਂ, ਨਿਯਮਾਂ ਅਧੀਨ ਸੰਘਰਸ ਕਰ ਰਹੀਆ ਸਭ ਜਥੇਬੰਦੀਆਂ, ਸੰਗਠਨਾਂ ਅਤੇ ਯੋਧਿਆ ਨੂੰ ਇਹ ਸੰਜੀਦਗੀ ਭਰੀ ਅਪੀਲ ਕੀਤੀ ਕਿ ਉਹ ਹਰਨਾਮ ਸਿੰਘ ਧੂੰਮਾ ਦੀਆਂ ਬੀਤੇ ਸਮੇ ਦੀਆਂ ਕਾਰਵਾਈਆ ਅਤੇ ਅਮਲਾਂ, ਮੌਜੂਦਾ ਕਾਰਵਾਈਆ ਅਤੇ ਅਮਲਾਂ ਤੋ ਸੁਚੇਤ ਰਹਿੰਦੇ ਹੋਏ ਦਮਦਮੀ ਟਕਸਾਲ ਦੇ ਮਹਾਨ ਫਖਰ ਵਾਲੇ ਕੌਮਾਂਤਰੀ ਪੱਧਰ ਦੇ ਉੱਚੇ ਸੁੱਚੇ ਨਾਮ ਤੇ ਸਤਿਕਾਰ ਨੂੰ ਕਾਇਮ ਰੱਖਣ ਲਈ ਸਮੂਹਿਕ ਏਕਤਾ ਦੇ ਰੂਪ ਵਿਚ ਅੱਗੇ ਆ ਕੇ ਇਸ ਮਹਾਨ ਟਕਸਾਲ ਦੀ ਸੇਵਾ ਕਿਸੇ ਅਜਿਹੀ ਨਿਰਵਿਵਾਦ, ਪੰਥਕ, ਖਾਲਸਾ ਪੰਥ ਦੇ ਨਿਯਮਾਂ ਅਤੇ ਅਸੂਲਾਂ ਤੇ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੀ ਸਖਸੀਅਤ ਨੂੰ ਸੇਵਾ ਦੇਣ ਲਈ ਉਦਮ ਕਰਨ । ਤਾਂ ਕਿ ਹਰਨਾਮ ਸਿੰਘ ਧੂੰਮੇ ਦੇ ਪੰਥ ਵਿਰੋਧੀ ਅਮਲਾਂ ਦੀ ਬਦੌਲਤ ਜੋ ਦਮਦਮੀ ਟਕਸਾਲ ਤੇ ਡੂੰਘਾਂ ਪ੍ਰਸਨ ਚਿੰਨ੍ਹ ਲਗਾ ਦਿੱਤਾ ਗਿਆ ਹੈ ਉਸ ਤੋ ਉਸ ਮਹਾਨ ਟਕਸਾਲ ਨੂੰ ਅਸੀ ਸਭ ਸਮੂਹਿਕ ਰੂਪ ਵਿਚ ਸਰੂਖਰ ਕਰ ਸਕੀਏ ਅਤੇ ਆਉਣ ਵਾਲੇ ਸਮੇ ਵਿਚ ਮੀਰੀ-ਪੀਰੀ ਦੇ ਮਹਾਨ ਤਖਤ ਦੀ ਅਗਵਾਈ ਹੇਠ ਦਮਦਮੀ ਟਕਸਾਲ ਦੇ ਫਖਰਨੁਮਾ ਇਤਿਹਾਸ ਤੇ ਪਹਿਰਾ ਦਿੰਦੇ ਹੋਏ ‘ਖ਼ਾਲਿਸਤਾਨ’ ਨੂੰ ਕਾਇਮ ਕਰਨ ਦੀ ਕੌਮੀ ਜਿੰਮੇਵਾਰੀ ਨਿਭਾਅ ਸਕੀਏ ।