ਮਿਹਨਤਕਸ ਬਿਹਾਰੀਆਂ ਨੂੰ ਮਾਰਕੇ ਕਸ਼ਮੀਰੀ ਆਪਣੇ ਮਿਸਨ ਦੀ ਪ੍ਰਾਪਤੀ ਨਹੀ ਕਰ ਸਕਣਗੇ : ਮਾਨ
ਫ਼ਤਹਿਗੜ੍ਹ ਸਾਹਿਬ, 19 ਅਕਤੂਬਰ ( ) “ਜੋ ਬਿਹਾਰੀ ਮਿਹਨਤਕਸ ਮਜਦੂਰ ਆਪਣੇ ਘਰ-ਵਾਰ ਛੱਡਕੇ ਆਪਣੇ ਬੱਚਿਆਂ ਤੇ ਪਰਿਵਾਰ ਲਈ ਦੂਰ ਦੁਰਾਡੇ ਦੂਸਰੇ ਸੂਬਿਆਂ ਵਿਚ ਜਾ ਕੇ ਦਿਨ-ਰਾਤ ਮਿਹਨਤ ਕਰਕੇ ਆਪਣੇ ਪਰਿਵਾਰ ਪਾਲਦੇ ਹਨ, ਉਨ੍ਹਾਂ ਨੂੰ ਇਸ ਤਰ੍ਹਾਂ ਕਦੀ ਵੀ ਗੋਲੀ ਦਾ ਨਿਸ਼ਾਨਾਂ ਬਣਾਕੇ ਮਨੁੱਖਤਾ ਦਾ ਘਾਣ ਨਹੀ ਕਰਨਾ ਚਾਹੀਦਾ । ਅਜਿਹਾ ਅਮਲ ਕਰਕੇ ਕਸਮੀਰੀ ਜਹਾਦੀ ਆਪਣੇ ਮਿਸਨ ਦੀ ਪ੍ਰਾਪਤੀ ਨਹੀ ਕਰ ਸਕਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਕਸਮੀਰ ਵਿਚ ਸ੍ਰੀ ਅਸੋਕ ਚੋਹਾਨ ਨਾਮ ਦੇ ਬਿਹਾਰੀ ਨੂੰ ਕੁਝ ਅਣਪਛਾਤਿਆਂ ਵੱਲੋ ਮਾਰ ਦੇਣ ਦੇ ਦੁੱਖਦਾਇਕ ਅਮਲ ਉਤੇ ਆਪਣਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਬਿਹਾਰੀ ਮਿਹਨਤਕਸਾਂ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਜਦੋ ਮੈਂ ਭਾਗਲਪੁਰ ਜੇਲ ਵਿਚ ਬੰਦੀ ਸੀ ਅਤੇ ਮੈਨੂੰ ਕਿਸੇ ਨੂੰ ਵੀ ਮਿਲਣ ਦੀ ਇਜਾਜਤ ਨਹੀ ਸੀ, ਬਿਹਾਰ ਦੇ ਵਾਰਡਨਾਂ ਵੱਲੋ ਮੇਰੀ ਹਿਫਾਜਤ ਤੇ ਸੇਵਾ ਕੀਤੀ ਜਾਂਦੀ ਸੀ । ਇਹ ਬਿਹਾਰ ਦੇ ਰਹਿਣ ਵਾਲੇ ਆਪਣੀ ਖੂਨ ਪਸੀਨੇ ਦੀ ਕਮਾਈ ਕਰਕੇ ਆਪਣੇ ਘਰ ਕਦੀ ਬੱਚਿਆਂ ਲਈ ਸਾਈਕਲ ਜਾਂ ਸਿਲਾਈ ਮਸੀਨ ਜਾਂ ਹੋਰ ਸਮਾਨ ਲਿਜਾਦੇ ਹਨ ਅਤੇ ਸਾਡੀ ਖੇਤੀ ਦੇ ਧੰਦੇ ਵਿਚ ਵੀ ਬਹੁਤ ਵੱਡੇ ਸਹਿਯੋਗੀ ਬਣਕੇ ਵਿਚਰਦੇ ਹਨ । ਇਨ੍ਹਾਂ ਨੂੰ ਕਸਮੀਰ ਵਿਚ ਜਾਂ ਹੋਰ ਕਿਸੇ ਸੂਬੇ ਵਿਚ ਮਿਹਨਤ ਮੁਸੱਕਤ ਕਰਦੇ ਹੋਏ ਬਿਲਕੁਲ ਨਹੀ ਮਾਰਨਾ ਚਾਹੀਦਾ । ਇਹ ਗਰੀਬ, ਮਜਲੂਮ ਹਨ ਅਤੇ ਆਪਣੇ ਘਰ ਵਾਰ ਛੱਡਕੇ ਦੂਜੇ ਸੂਬਿਆਂ ਵਿਚ ਕੰਮ ਕਰਦੇ ਹਨ । ਇਹ ਸਿੱਖ ਕੌਮ ਦੀ ਬਹੁਤ ਇੱਜਤ ਕਰਦੇ ਹਨ ਕਿਉਂਕਿ ਜਦੋ ਇਹ ਪੰਜਾਬ ਆਪਣੇ ਕੰਮ ਲਈ ਆਉਦੇ ਹਨ ਤਾਂ ਇਨ੍ਹਾਂ ਨੂੰ ਪੰਜਾਬੀ ਰੋਟੀ, ਕੱਪੜਾ ਤੇ ਹੋਰ ਸਭ ਸਹੂਲਤਾਂ ਦਿੰਦੇ ਹਨ । ਇਹ ਇਕ ਵੱਡਾ ਜੁਲਮ ਕੀਤਾ ਜਾਂਦਾ ਹੈ ਕਿ ਇਨ੍ਹਾਂ ਨੂੰ ਮਾਰ ਦਿੱਤਾ ਜਾਂਦਾ ਹੈ ।
ਕਸਮੀਰੀ ਜੁਝਾਰੂਆਂ ਨੂੰ ਅਪੀਲ ਹੈ ਕਿ ਉਹ ਇਨ੍ਹਾਂ ਨਾਲ ਅਜਿਹਾ ਵਰਤਾਅ ਬਿਲਕੁਲ ਨਾ ਕਰਨ ਕਿਉਂਕਿ ਇਸ ਨਾਲ ਉਨ੍ਹਾਂ ਦੇ ਕੌਮੀ ਸੰਘਰਸ ਦੇ ਮਕਸਦ ਦੀ ਪੂਰਤੀ ਨਹੀ ਹੋਵੇਗੀ ਬਲਕਿ ਉਸ ਵਿਚ ਨੁਕਸਾਨ ਹੋਵੇਗਾ