ਕੀ ਆਪਣੇ ਮੁਲਕ ਨਿਵਾਸੀਆਂ ਨੂੰ ਮਾਰਕੇ ਕੋਈ ਹਕੂਮਤ ਨਿਜਾਮ ਨੂੰ ਕਿਵੇ ਸਹੀ ਰੱਖ ਸਕਦੀ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 07 ਅਕਤੂਬਰ ( ) “ਇੰਡੀਆਂ ਦੇ ਵਿਦੇਸ਼ ਵਜੀਰ ਸ੍ਰੀ ਜੈਸੰਕਰ ਇਨੀ ਦਿਨੀ ਪਾਕਿਸਤਾਨ ਦੇ ਦੌਰੇ ਤੇ ਜਾ ਰਹੇ ਹਨ ਜਦੋਂਕਿ ਇੰਡੀਆਂ ਦੇ ਪਾਕਿਸਤਾਨ ਨਾਲ ਪਹਿਲੋ ਹੀ ਸੰਬੰਧਾਂ ਵਿਚ ਵੱਡੀ ਕੁੜੱਤਣ ਹੈ । ਦੂਸਰਾ ਇੰਡੀਆ ਦੇ ਹੁਕਮਰਾਨ ਅਕਸਰ ਹੀ ਆਪਣੇ ਪਾਲਸੀ ਬਿਆਨਾਂ ਅਤੇ ਤਕਰੀਰਾਂ ਵਿਚ ਪਾਕਿਸਤਾਨ ਨੂੰ ਅੱਤਵਾਦੀ ਮੁਲਕ ਕਹਿਣ ਤੋ ਵੀ ਗੁਰੇਜ ਨਹੀ ਕਰਦੇ । ਫਿਰ ਅਜਿਹੇ ਮੁਲਕ ਨਾਲ ਅਜਿਹੀ ਸ਼ਬਦੀ ਜੰਗ ਕਰਕੇ ਆਪਸੀ ਗੁਆਢੀ ਮੁਲਕਾਂ ਦੇ ਸੰਬੰਧਾਂ ਨੂੰ ਸਹੀ ਰੱਖਣ ਦੀ ਹੁਕਮਰਾਨ ਕਿਵੇ ਉਮੀਦ ਕਰ ਸਕਦੇ ਹਨ ? ਫਿਰ ਇੰਡੀਆਂ ਨੇ ਪਾਕਿਸਤਾਨ ਦੀ ਪ੍ਰਭੂਸਤਾ ਨੂੰ ਚੁਣੋਤੀ ਦੇ ਕੇ ਉਥੇ ਵੱਸਣ ਵਾਲੇ 2 ਸਿੱਖਾਂ ਜੋ ਸਿੱਖ ਕੌਮ ਦੀ ਆਜ਼ਾਦੀ ਦੇ ਚਾਹਵਾਨ ਸਨ ਅਤੇ ਉਸਦੀ ਪ੍ਰਾਪਤੀ ਲਈ ਸੰਘਰਸ ਕਰ ਰਹੇ ਸਨ, ਉਨ੍ਹਾਂ ਨੂੰ ਆਪਣੀਆਂ ਖੂਫੀਆ ਏਜੰਸੀਆ ਰਾਹੀ ਸਰੀਰਕ ਤੌਰ ਤੇ ਖਤਮ ਕਰਵਾ ਦਿੱਤਾ ਹੈ । ਜਿਨ੍ਹਾਂ ਦੇ ਨਾਮ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਹਨ । ਜਦੋ ਹੁਣ ਸ੍ਰੀ ਜੈਸੰਕਰ ਆਪਣੇ ਸੰਬੰਧਾਂ ਨੂੰ ਸਹੀ ਕਰਨ ਲਈ ਪਾਕਿਸਤਾਨ ਜਾ ਰਹੇ ਹਨ, ਤਾਂ ਉਥੋ ਦੀ ਆਜਾਦ ਪ੍ਰੈਸ ਨੂੰ ਸ੍ਰੀ ਜੈਸੰਕਰ ਤੋ ਅਤੇ ਜਨਤਕ ਤੌਰ ਤੇ ਪੁੱਛਣਾ ਚਾਹੀਦਾ ਹੈ ਕਿ ਇੰਡੀਆਂ ਨੇ ਉਪਰੋਕਤ ਪਾਕਿਸਤਾਨ ਵਿਚ ਵੱਸਣ ਵਾਲੇ 2 ਸਿੱਖਾਂ ਨੂੰ ਮਾਰਕੇ ਪਾਕਿਸਤਾਨ ਦੀ ਪ੍ਰਭੂਸਤਾ ਦਾ ਘਾਣ ਕਿਉਂ ਕੀਤਾ ਹੈ ? ਕੀ ਉਹ ਅਜਿਹੇ ਕੀਤੇ ਗਏ ਕਤਲਾਂ ਲਈ ਕੌਮਾਂਤਰੀ ਕਾਨੂੰਨਾਂ ਅਧੀਨ ਇੰਡੀਆਂ ਦੋਸ਼ੀ ਨਹੀ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਜੈਸੰਕਰ ਵਿਦੇਸ ਵਜੀਰ ਇੰਡੀਆਂ ਵੱਲੋ ਪਾਕਿਸਤਾਨ ਜਾਣ ਸਮੇਂ, ਉਥੇ ਇੰਡੀਆਂ ਦੀਆਂ ਖੂਫੀਆ ਏਜੰਸੀਆ ਤੇ ਹੁਕਮਰਾਨਾਂ ਵੱਲੋ ਸਾਜਸੀ ਢੰਗ ਨਾਲ ਸਿੱਖਾਂ ਨੂੰ ਪਾਕਿਸਤਾਨ ਵਿਚ ਮਾਰ ਦੇਣ ਉਤੇ ਉਥੋ ਦੀ ਪ੍ਰੈਸ ਵੱਲੋਂ ਪਾਕਿਸਤਾਨ ਦੀ ਪ੍ਰਭੂਸਤਾ ਦਾ ਘਾਣ ਕਰਨ ਸੰਬੰਧੀ ਪੁੱਛੇ ਜਾਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਕਿਸੇ ਮੁਲਕ ਦੀ ਪ੍ਰਭੂਸਤਾ ਨੂੰ ਚੁਣੋਤੀ ਦੇ ਕੇ ਉਥੇ ਵੱਸਣ ਵਾਲੇ ਸਿੱਖਾਂ ਨੂੰ ਮਾਰ ਦੇਣ ਦੇ ਅਮਲ ਦਹਿਸਤਗਰਦੀ ਨਹੀ ਹੈ ? ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਹੁਣੇ ਹੀ ਇੰਡੀਆਂ ਨੇ ਛੱਤੀਸਗੜ੍ਹ ਵਿਚ 28 ਨਾਗਰਿਕਾਂ ਨੂੰ ਨਕਸਲਾਈਟ ਗਰਦਾਨਕੇ ਮਾਰ ਦਿੱਤਾ ਹੈ । ਇਸੇ ਤਰ੍ਹਾਂ ਕਸਮੀਰ ਵਿਚ ਵੀ ਨਿਰੰਤਰ ਉਥੋ ਦੇ ਨਿਵਾਸੀ ਕਸਮੀਰੀਆਂ ਨੂੰ ਅੱਤਵਾਦੀ ਗਰਦਾਨਕੇ ਵੱਡੀ ਗਿਣਤੀ ਵਿਚ ਇਹ ਖੂਫੀਆ ਏਜੰਸੀਆ, ਫੋਰਸਾਂ, ਫੌਜਾਂ ਮਾਰਦੀਆਂ ਆ ਰਹੀਆ ਹਨ ਅਤੇ ਉਥੇ ਹਕੂਮਤੀ ਦਹਿਸਤਗਰਦੀ ਅਤੇ ਬੰਦੂਕ ਦੀ ਨੋਕ ਤੇ ਅਮਨ ਚੈਨ ਤੇ ਨਿਜਾਮੀ ਪ੍ਰਬੰਧ ਨੂੰ ਸਹੀ ਕਰਨਾ ਚਾਹੁੰਦੇ ਹਨ । ਉਨ੍ਹਾਂ ਉਤੇ ਅਫਸਪਾ ਵਰਗਾਂ ਕਾਲਾ ਕਾਨੂੰਨ ਲਾਗੂ ਕਰਕੇ ਉਥੋ ਦੇ ਨਾਗਰਿਕਾਂ ਤੇ ਜ਼ਬਰ ਢਾਹਿਆ ਜਾ ਰਿਹਾ ਹੈ ਜਿਸ ਅਧੀਨ ਕਿਸੇ ਵੀ ਨਾਗਰਿਕ ਨੂੰ ਪੁਲਿਸ ਅਤੇ ਫੋਰਸ ਜਦੋ ਚਾਹੇ ਅਗਵਾਹ ਕਰ ਸਕਦੀ ਹੈ, ਤਸੱਦਦ ਕਰਕੇ ਲੱਤ-ਬਾਹ ਤੋੜ ਸਕਦੀ ਹੈ, ਜ਼ਬਰ ਜਨਾਹ ਕਰ ਸਕਦੀ ਹੈ ਅਤੇ ਤਸੱਦਦ ਕਰਕੇ ਮਾਰ ਵੀ ਸਕਦੀ ਹੈ । ਫਿਰ ਉਨ੍ਹਾਂ ਕਸ਼ਮੀਰੀਆਂ ਦੀ ਜੋ ਉਨ੍ਹਾਂ ਨੂੰ ਵਿਧਾਨ ਦੀ ਧਾਰਾ 370 ਅਤੇ ਆਰਟੀਕਲ 35ਏ ਰਾਹੀ ਕਾਨੂੰਨੀ ਤੌਰ ਤੇ ਖੁਦਮੁਖਤਿਆਰੀ ਮਿਲੀ ਹੋਈ ਸੀ, ਉਸ ਨੂੰ ਜਬਰੀ ਖਤਮ ਕਰਕੇ ਜੰਮੂ ਅਤੇ ਲਦਾਖ ਨੂੰ ਯੂਟੀ ਅਧੀਨ ਕਰ ਦਿੱਤਾ ਗਿਆ ਹੈ । ਜਿਸ ਨਾਲ ਕਸਮੀਰੀਆਂ ਦੇ ਮਨ ਵਿਚ ਵੱਡਾ ਰੋਹ ਅੱਜ ਵੀ ਉਸੇ ਤਰ੍ਹਾਂ ਹੈ । ਇਸ ਤਰ੍ਹਾਂ ਆਪਣੇ ਹੀ ਨਿਵਾਸੀਆਂ ਅਤੇ ਨਾਗਰਿਕਾਂ ਨੂੰ ਹੁਕਮਰਾਨਾਂ ਵੱਲੋ ਮਾਰ ਦੇਣ ਨਾਲ ਕੀ ਮੁਲਕ ਵਿਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਸਹੀ ਰੱਖਿਆ ਜਾ ਸਕਦਾ ਹੈ ? ਅਜਿਹੇ ਗੈਰ ਇਨਸਾਨੀ ਅਤੇ ਗੈਰ ਕਾਨੂੰਨੀ ਅਮਲ ਕਰਕੇ ਕਿਸੇ ਮੁਲਕ ਦੀ ਹਕੂਮਤ ਆਪਣੇ ਨਿਜਾਮੀ ਪ੍ਰਬੰਧ ਨੂੰ ਕਿਵੇ ਸਹੀ ਰੱਖ ਸਕਦੀ ਹੈ ?