ਕਿਸਾਨ ਵਰਗ ਵੱਲੋਂ ਲਖੀਮਪੁਰ ਖੀਰੀ ਕਤਲ ਦੇ ਇਨਸਾਫ਼ ਅਤੇ ਕਿਸਾਨ ਮੰਗਾਂ ਦੇ ਹੱਕ ਵਿਚ ਦਿੱਤੇ ਗਏ ਜ਼ਬਰਦਸਤ ਧਰਨੇ ਦੀ ਕਾਮਯਾਬੀ ਪ੍ਰਸੰਸਾਯੋਗ : ਮਾਨ
ਫ਼ਤਹਿਗੜ੍ਹ ਸਾਹਿਬ, 04 ਅਕਤੂਬਰ ( ) “ਯੂਪੀ ਦੇ ਲਖੀਮਪੁਰ ਖੀਰੀ ਵਿਖੇ ਬੀਜੇਪੀ ਦੇ ਸਟੇਟ ਮਨਿਸਟਰ ਅਜੇ ਮਿਸਰਾ ਦੇ ਪੁੱਤਰ ਨੇ ਸੈਟਰ ਦੀ ਮੋਦੀ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ਦੇ ਨਸੇ ਵਿਚ ਅਮਨਮਈ ਤਰੀਕੇ ਨਾਲ ਰੋਸ ਕਰ ਰਹੇ ਕਿਸਾਨਾਂ ਉਤੇ ਗੱਡੀ ਚਾੜਕੇ 13 ਦੇ ਕਰੀਬ ਕਿਸਾਨ ਮੌਤ ਦੇ ਮੂੰਹ ਵਿਚ ਧਕੇਲ ਦਿੱਤੇ ਸਨ ਅਤੇ ਅਨੇਕਾ ਨੂੰ ਜਖਮੀ ਕਰ ਦਿੱਤਾ ਸੀ । ਉਸਦਾ ਇਨਸਾਫ ਪ੍ਰਾਪਤ ਕਰਨ ਦੀ ਮੰਗ ਨੂੰ ਮੁੱਖ ਰੱਖਕੇ ਅਤੇ ਹੋਰ ਕਿਸਾਨੀ ਮੰਗਾਂ ਦੇ ਲਈ ਬੀਤੇ ਦਿਨੀਂ ਸਮੁੱਚੇ ਇੰਡੀਆਂ ਦੇ ਕਿਸਾਨਾਂ ਵੱਲੋ ਜੋ ਜਿ਼ਲ੍ਹਾ ਵਾਈਜ ਰੇਲ ਟਰੈਕਾਂ ਤੇ ਧਰਨੇ ਦਿੱਤੇ ਗਏ ਸਨ ਉਹ ਪੂਰੇ ਮੁਲਕ ਵਿਚ ਬਹੁਤ ਹੀ ਕਾਮਯਾਬੀ ਨਾਲ ਸੰਪੂਰਨ ਹੋਏ ਹਨ । ਜਿਸ ਲਈ ਅਸੀ ਸਮੁੱਚੇ ਕਿਸਾਨ ਵਰਗ, ਵਿਸੇਸ ਤੌਰ ਤੇ ਪੰਜਾਬੀਆਂ ਜਿਨ੍ਹਾਂ ਨੇ ਸਮੁੱਚੇ ਪੰਜਾਬ ਵਿਚ ਇਸ ਮਕਸਦ ਨੂੰ ਪੂਰਨ ਕੀਤਾ ਹੈ, ਉਨ੍ਹਾਂ ਦਾ ਜਿਥੇ ਇਸ ਕੀਤੇ ਜਾ ਰਹੇ ਸੰਘਰਸ ਲਈ ਧੰਨਵਾਦ ਕਰਦੇ ਹਾਂ, ਉਥੇ ਮੌਜੂਦਾ ਬੀਜੇਪੀ-ਆਰ.ਐਸ.ਐਸ ਦੀ ਪੰਜਾਬੀਆਂ ਤੇ ਸਿੱਖ ਕੌਮ ਦੀ ਕਾਤਲ ਹਕੂਮਤ ਨੂੰ ਜਨਤਾ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਇਹ ਪੁੱਛਣਾ ਚਾਹਵਾਂਗੇ ਕਿ 2021 ਤੋ ਲੈਕੇ 3 ਸਾਲ ਦਾ ਸਮਾਂ ਗੁਜਰ ਚੁੱਕਿਆ ਹੈ । ਇਥੋ ਤੱਕ ਕਿਸਾਨਾਂ ਦੇ ਕਾਤਲ ਅਸੀਸ ਮਿਸਰਾ ਨੂੰ ਅਦਾਲਤ ਨੇ ਜਮਾਨਤ ਵੀ ਦੇ ਦਿੱਤੀ ਹੈ । ਇਸ ਮੁਲਕ ਵਿਚ ਬੀਜੇਪੀ-ਆਰ.ਐਸ.ਐਸ. ਹਿੰਦੂਤਵ ਤਾਕਤਾਂ ਦੇ ਹੁੰਦਿਆ ਅਦਾਲਤਾਂ ਅਤੇ ਹੋਰ ਨਿਆਪਾਲਿਕਾਵਾਂ ਤੋ ਕਿਸਾਨ ਵਰਗ ਪੰਜਾਬੀਆਂ ਤੇ ਸਿੱਖ ਕੌਮ ਨੂੰ ਕਿਵੇ ਇਨਸਾਫ ਮਿਲੇਗਾ, ਇਹ ਗੱਲ ਸਮੁੱਚੇ ਕਿਸਾਨ ਵਰਗ, ਪੰਜਾਬੀਆਂ, ਸਿੱਖ ਕੌਮ ਵਿਚ ਵਿਚਰ ਰਹੇ ਵਿਦਵਾਨਾਂ ਲਈ ਗਹਿਰੀ ਚਿੰਤਾ ਦਾ ਵਿਸਾ ਹੈ ਅਤੇ ਇਸ ਲਈ ਕੀ ਐਕਸਨ ਪ੍ਰੋਗਰਾਮ ਕਰਨਾ ਹੋਵੇਗਾ, ਇਸ ਉਤੇ ਵੀ ਵਿਚਾਰਾਂ ਕਰਨ ਦਾ ਸਮਾਂ ਮੰਗ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਕਿਸਾਨ ਵਰਗ ਵੱਲੋ ਬੀਤੇ ਦਿਨੀਂ ਯੂਪੀ ਦੇ ਲਖੀਮਪੁਰ ਖੀਰੀ ਵਿਖੇ 2021 ਵਿਚ ਹੋਏ ਕਿਸਾਨਾਂ ਦੇ ਕਤਲ ਦੇ ਦੋਸ਼ੀ ਅਸੀਸ ਮਿਸਰਾ ਨੂੰ ਬਣਦੀ ਕਾਨੂੰਨੀ ਸਜ਼ਾ ਦਿਵਾਉਣ, ਐਮ.ਐਸ.ਪੀ ਦੀ ਗ੍ਰਾਂਟੀ, ਕਿਸਾਨੀ ਕਰਜੇ ਮੁਆਫ ਕਰਨ ਅਤੇ ਹੋਰ ਕਿਸਾਨੀ ਉਤਪਾਦਾਂ ਦੀ ਸਹੀ ਕੀਮਤਾਂ ਦੀ ਖਰੀਦੋ ਫਰੋਖਤ ਆਦਿ ਕਿਸਾਨੀ ਮਸਲਿਆ ਨੂੰ ਲੈਕੇ ਕੀਤੇ ਗਏ ਜ਼ਬਰਦਸਤ ਰੋਸ ਧਰਨੇ ਦੀ ਹੋਈ ਕਾਮਯਾਬੀ ਉਤੇ ਕਿਸਾਨ ਵਰਗ ਨੂੰ ਮੁਬਾਰਕਬਾਦ ਦਿੰਦੇ ਹੋਏ ਅਤੇ ਇਸ ਇਨਸਾਫ ਦੀ ਪ੍ਰਾਪਤੀ ਲਈ ਇਸੇ ਤਰ੍ਹਾਂ ਇਕਤਾਕਤ ਹੋ ਕੇ ਸੈਟਰ ਦੀ ਬੀਜੇਪੀ-ਆਰ.ਐਸ.ਐਸ. ਹਕੂਮਤ ਵਿਰੁੱਧ ਸੰਘਰਸ਼ ਨੂੰ ਅੱਗੇ ਲਿਜਾਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਿੰਨੇ ਦੁੱਖ ਤੇ ਅਫਸੋਸ ਦੀ ਗੱਲ ਹੈ ਕਿ ਬੀਜੇਪੀ-ਆਰ.ਐਸ.ਐਸ ਦੀ ਸੈਟਰ ਹਕੂਮਤ ਦੇ ਆਗੂਆਂ ਨੇ ਲੰਮੇ ਸਮੇ ਤੋ ਸਿੱਖ ਕੌਮ ਦੇ ਕਤਲੇਆਮ ਦਾ ਵਰਤਾਰਾ ਸੁਰੂ ਕੀਤਾ ਹੋਇਆ ਹੈ, ਜਿਸ ਵਿਚ ਮੁੱਖ ਤੌਰ ਤੇ ਸ੍ਰੀ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਕਰਵਾਏ ਗਏ ਹਨ, ਇਥੋ ਤੱਕ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਉਤੇ ਨਿਊਯਾਰਕ ਵਿਚ ਹਮਲਾ ਕਰਨ ਦੀ ਸਾਜਿਸ ਰਚੀ ਗਈ । ਇਸੇ ਤਰ੍ਹਾਂ 2021 ਵਿਚ ਕਿਸਾਨਾਂ ਨੂੰ ਕਤਲ ਕੀਤਾ ਗਿਆ । ਇਹ ਸਿਲਸਿਲਾ ਨਿਰੰਤਰ ਜਾਰੀ ਹੈ । ਇਸ ਜਮਹੂਰੀਅਤ ਪਸੰਦ ਵਿਧਾਨ ਅਤੇ ਜਮਹੂਰੀਅਤ ਪਸੰਦ ਮੁਲਕ ਵਿਚ ਕਿਸਾਨਾਂ, ਪੰਜਾਬੀਆਂ, ਸਿੱਖ ਕੌਮ ਨਾਲ ਜੋ ਹੁਕਮਰਾਨ ਅਤੇ ਉਪਰੋਕਤ ਕਾਤਲ ਅਫਸਰ ਕਤਲੇਆਮ ਕਰਨ ਵਿਚ ਲੱਗੇ ਹੋਏ ਹਨ, ਉਨ੍ਹਾਂ ਨੂੰ ਕੌਮਾਂਤਰੀ ਕਟਹਿਰੇ ਵਿਚ ਖੜ੍ਹਾ ਕਰਕੇ ਅਵੱਸ ਸਜ਼ਾ ਦਿਵਾਉਣੀ ਸਾਡਾ ਸਭ ਦਾ ਸਾਂਝਾ ਫਰਜ ਹੈ । ਜਦੋਕਿ ਇਸ ਗੰਭੀਰ ਮੁੱਦੇ ਉਤੇ ਅਮਰੀਕਾ, ਕੈਨੇਡਾ ਅਤੇ ਫਾਈਵ ਆਈ ਮੁਲਕ ਵੀ ਸੰਜੀਦਾ ਹਨ । ਜੇਕਰ ਹਿੰਦੂਤਵ ਮੁਤੱਸਵੀ ਹੁਕਮਰਾਨਾਂ ਨੇ ਪੰਜਾਬੀਆਂ, ਸਿੱਖ ਕੌਮ ਅਤੇ ਕਿਸਾਨ ਵਰਗ ਦੇ ਕਤਲਾਂ ਦਾ ਇਨਸਾਫ ਨਹੀ ਦਿੱਤਾ, ਤਾਂ ਇਹ ਸੰਘਰਸ ਕੌਮਾਂਤਰੀ ਪੱਧਰ ਤੇ ਹੋਰ ਤੇਜ ਹੋਣ ਅਤੇ ਇੰਡੀਆ ਦੀ ਮੋਦੀ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ਦੀ ਸੰਸਾਰ ਪੱਧਰ ਤੇ ਬਦਨਾਮੀ ਹੋਣ ਤੋ ਨਹੀ ਰੋਕ ਸਕੇਗਾ ਅਤੇ ਸਿੱਖ ਕੌਮ ਨਾਲ ਅਜਿਹਾ ਵਰਤਾਰਾ ਕਰਕੇ ਹੁਕਮਰਾਨ ਸੱਚ ਹੱਕ ਤੇ ਇਨਸਾਫ ਦੀ ਆਵਾਜ ਨੂੰ ਕਤਈ ਨਹੀ ਦਬਾਅ ਸਕੇਗਾ । ਉਨ੍ਹਾਂ ਕਿਸਾਨ ਵਰਗ, ਪੰਜਾਬੀਆਂ, ਸਿੱਖ ਕੌਮ ਨੂੰ ਆਪਣੇ ਸਾਂਝੇ ਹੱਕਾਂ ਲਈ ਇਸੇ ਤਰ੍ਹਾਂ ਇਕਜੁੱਟ ਹੋ ਕੇ ਇੰਡੀਆ ਤੇ ਸੰਸਾਰ ਪੱਧਰ ਤੇ ਆਵਾਜ ਉਠਾਉਣ ਦੀ ਅਪੀਲ ਵੀ ਕੀਤੀ ।