ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਵਿਚ ਵਿਰੋਧੀ ਪਾਰਟੀ ਦੇ ਉਮੀਦਵਾਰਾਂ ਦੇ ਨਾਮਜਦਗੀ ਪੱਤਰਾਂ ਵਿਚ ਕੀਤਾ ਜਾ ਰਿਹਾ ਜ਼ਬਰ ਅਸਹਿ : ਮਾਨ
ਫ਼ਤਹਿਗੜ੍ਹ ਸਾਹਿਬ, 03 ਅਕਤੂਬਰ ( ) “ਇਥੋ ਦੇ ਹੁਕਮਰਾਨ, ਕਾਨੂੰਨ, ਅਦਾਲਤਾਂ ਅਤੇ ਚੋਣ ਕਮਿਸਨ ਅਕਸਰ ਹੀ ਇਹ ਪ੍ਰਚਾਰ ਕਰਦੇ ਹਨ ਕਿ ਹਰ ਤਰ੍ਹਾਂ ਦੀਆਂ ਚੋਣਾਂ ਬਿਨ੍ਹਾਂ ਕਿਸੇ ਪੱਖਪਾਤ ਤੋ ਸਾਫ ਸੁਥਰੇ ਢੰਗ ਨਾਲ ਕਰਵਾਈਆ ਜਾਂਦੀਆ ਹਨ । ਪਰ ਜਦੋ ਹੁਣ ਪੰਜਾਬ ਵਿਚ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਸੁਰੂ ਹੋ ਚੁੱਕੀ ਹੈ ਅਤੇ ਨਾਮਜਦਗੀ ਪੱਤਰ ਭਰੇ ਜਾ ਰਹੇ ਹਨ, ਤਾਂ ਪੰਜਾਬ ਦੇ ਵੱਡੀ ਗਿਣਤੀ ਵਿਚ ਜਿ਼ਲ੍ਹਿਆਂ ਅਤੇ ਤਹਿਸੀਲਾਂ ਵਿਚ ਕੰਮ ਕਰਨ ਵਾਲੇ ਚੋਣ ਅਧਿਕਾਰੀ ਵਿਰੋਧੀ ਪਾਰਟੀਆ ਨਾਲ ਸੰਬੰਧਤ ਉਮੀਦਵਾਰਾਂ ਦੇ ਚੁੱਲੇ ਟੈਕਸ ਨਾਲ ਸੰਬੰਧਤ ਐਨ.ਓ.ਸੀ ਨਾ ਜਾਰੀ ਕਰਕੇ ਸਮੁੱਚੇ ਪੰਜਾਬ ਦੇ ਚੋਣ ਮਾਹੌਲ ਨੂੰ ਗੰਧਲਾ ਹੀ ਨਹੀ ਕਰ ਰਹੇ, ਬਲਕਿ ਖੁਦ ਹੀ ਖੂਨ ਖਰਾਬੇ ਦੀਆਂ ਕਾਰਵਾਈਆ ਨੂੰ ਉਤਸਾਹਿਤ ਕਰਨ ਦੇ ਭਾਗੀ ਬਣ ਰਹੇ ਹਨ । ਅਜਿਹੇ ਅਮਲ ਹੋਣ ਤੇ ਕਿਵੇ ਆਖਿਆ ਜਾ ਸਕਦਾ ਹੈ ਕਿ ਚੋਣਾਂ ਨਿਰਪੱਖ ਢੰਗ ਨਾਲ ਹੋ ਰਹੀਆ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵੱਖ-ਵੱਖ ਜਿ਼ਲ੍ਹਿਆਂ ਵਿਸੇਸ ਤੌਰ ਤੇ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ, ਫਿਰੋਜ਼ਪੁਰ, ਫਤਹਿਗੜ੍ਹ ਸਾਹਿਬ ਆਦਿ ਥਾਂ ਤੇ ਚੋਣ ਅਧਿਕਾਰੀਆਂ (ਬੀ.ਡੀ.ਓਜ਼) ਵੱਲੋਂ ਸਰਪੰਚੀ ਅਤੇ ਪੰਚ ਦੀ ਚੋਣ ਲੜਨ ਵਾਲੇ ਵਿਰੋਧੀ ਪਾਰਟੀ ਦੇ ਉਮੀਦਵਾਰਾਂ ਨੂੰ ਐਨ.ਓ.ਸੀ ਕਈ-ਕਈ ਦਿਨਾਂ ਤੋ ਮੰਗ ਕਰਨ ਦੇ ਬਾਵਜੂਦ ਵੀ ਜਾਰੀ ਨਾ ਕਰਨ ਅਤੇ ਹਕੂਮਤ ਪਾਰਟੀ ਦੇ ਪ੍ਰਭਾਵ ਨੂੰ ਕਬੂਲਕੇ ਇਨ੍ਹਾਂ ਅਧਿਕਾਰੀਆਂ ਵੱਲੋ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਮਜਦਗੀ ਪੱਤਰ ਰੱਦ ਕਰਨ ਦੀਆਂ ਆਈਆ ਰਿਪੋਰਟਾਂ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਇਸ ਅਮਲ ਨੂੰ ਬੇਇਨਸਾਫ਼ੀ ਵਾਲਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਚੋਣ ਕਮਿਸਨ ਪੰਜਾਬ ਨੂੰ ਇਸ ਵਿਸੇ ਉਤੇ ਪੱਤਰ ਲਿਖ ਰਿਹਾ ਹੈ, ਤਾਂ ਕਿ ਕਿਸੇ ਵੀ ਚੋਣ ਲੜਨ ਵਾਲੇ ਉਮੀਦਵਾਰ ਨਾਲ ਬੇਇਨਸਾਫੀ ਨਾ ਹੋਵੇ, ਉਥੇ ਸੰਬੰਧਤ ਜਿ਼ਲ੍ਹਿਆਂ ਦੇ ਡਿਪਟੀ ਕਮਿਸਨਰ, ਐਸ.ਡੀ.ਐਮ, ਬੀ.ਡੀ.ਓਜ਼, ਐਸ.ਐਸ.ਪੀ ਅਤੇ ਹੇਠਲੇ ਪੁਲਿਸ ਅਧਿਕਾਰੀਆਂ ਆਦਿ ਸਭਨਾਂ ਨੂੰ ਇਸ ਵਿਸੇ ਤੇ ਆਪਣੀ ਇਖਲਾਕੀ ਜਿੰਮੇਵਾਰੀ ਸਮਝਦੇ ਹੋਏ ਖ਼ਬਰਦਾਰ ਕਰਦਾ ਹੈ ਕਿ ਉਹ ਹਕੂਮਤ ਪਾਰਟੀ ਦੇ ਪ੍ਰਭਾਵ ਹੇਠ ਕੋਈ ਵੀ ਅਜਿਹਾ ਅਮਲ ਨਾ ਕਰਨ ਜਿਸ ਨਾਲ ਕਿਸੇ ਸਥਾਂਨ ਤੇ ਵਧੀਕੀ ਹੋਣ ਵਾਲੇ ਨੂੰ ਰੋਸ ਵੱਜੋ ਕੋਈ ਅਮਲ ਕਰਨਾ ਪਵੇ ਅਤੇ ਅਜਿਹੇ ਅਮਲ ਵੱਡੇ ਖੂਨ ਖਰਾਬੇ ਵਿਚ ਬਦਲਣ, ਉਸ ਤੋ ਸੰਜ਼ੀਦਗੀ ਨਾਲ ਗੁਰੇਜ ਕੀਤਾ ਜਾਵੇ ਅਤੇ ਇਨ੍ਹਾਂ ਚੋਣਾਂ ਨੂੰ ਸਾਫ ਸੁਥਰੇ ਤੇ ਨਿਰਪੱਖ ਢੰਗ ਨਾਲ ਇਹ ਅਧਿਕਾਰੀ ਕਰਵਾਉਣ ਦੀ ਜਿੰਮੇਵਾਰੀ ਨਿਭਾਉਣ ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਦਾ ਇਹ ਫਖ਼ਰ ਵਾਲਾ ਇਤਿਹਾਸ ਰਿਹਾ ਹੈ ਕਿ ਇਸ ਨੇ ਕਦੀ ਵੀ ਕਿਸੇ ਵੀ ਹਕੂਮਤ ਜ਼ਬਰ ਅੱਗੇ ਨਾ ਤਾਂ ਸੀਸ ਝੁਕਾਇਆ ਹੈ ਅਤੇ ਨਾ ਹੀ ਝੁਕਾਵਾਂਗੇ । ਜੇਕਰ ਹਕੂਮਤ ਪਾਰਟੀ ਤਾਕਤ ਦੇ ਨਸ਼ੇ ਵਿਚ ਵਿਰੋਧੀਆਂ ਨਾਲ ਜ਼ਬਰ ਕਰਨਾ ਚਾਹੁੰਦੀ ਹੈ ਤਾਂ ਸਾਡੀ ਪਾਰਟੀ ਦੇ ਅਹੁਦੇਦਾਰ, ਵਰਕਰ ਜੋ ਨਿਰੰਤਰ ਹਰ ਬੇਇਨਸਾਫ਼ੀ ਵਿਰੁੱਧ ਲੜਦੇ, ਸੰਘਰਸ ਕਰਦੇ ਅਤੇ ਫਤਹਿ ਪ੍ਰਾਪਤ ਕਰਦੇ ਆਏ ਹਨ, ਉਹ ਅਜਿਹੇ ਮੌਕਿਆ ਤੇ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਇਨ੍ਹਾਂ ਜਾਬਰਾਂ ਨੂੰ ਜੁਆਬ ਵੀ ਦੇਣ ਅਤੇ ਪੰਜਾਬੀਆਂ ਨੂੰ ਇਸ ਧੱਕੇ ਵਿਰੁੱਧ ਲਾਮਬੰਦ ਕਰਦੇ ਹੋਏ ਕੋਈ ਵੀ ਗੈਰ ਕਾਨੂੰਨੀ ਅਮਲ ਨਾ ਹੋਣ ਦੇਣ ।